ਵਿਦੇਸ਼ਾਂ ਤੋਂ ਆਏਗਾ ਨਿੱਜੀ ਖਾਤੇ ‘ਚ ਫੰਡ
ਆਪਣਾ ਨਿੱਜੀ ਬੈਂਕ ਅਕਾਊਂਟ ਤੇ ਪੇਟੀਐਮ ਦਾ ਦਿੱਤਾ ਅਕਾਊਂਟ, ਸੰਗਰੂਰ ਹਲਕੇ ‘ਤੇ ਹੋਏਗਾ ਖ਼ਰਚ
ਚੰਡੀਗੜ੍ਹ, ਅਸ਼ਵਨੀ ਚਾਵਲਾ
ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਫੰਡ ਦੀ ਘਾਟ ਨਾਲ ਜੂਝ ਰਹੀ ਪਾਰਟੀ ਲਈ ਫੰਡ ਇਕੱਠਾ ਕਰਨ ਦੀ ਬਜਾਇ ਆਪਣੇ ਨਿੱਜੀ ਵਰਤੋਂ ਲਈ ਫੰਡ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਦੇਸ਼ ‘ਚ ਰਹਿੰਦੇ ਲੋਕਾਂ ਤੋਂ ਨੋਟ ਤੇ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਤੋਂ ਡਾਲਰ ਭੇਜਣ ਦੀ ਮੰਗ ਕਰ ਦਿੱਤੀ ਹੈ। ਇਹ ਸਾਰਾ ਪੈਸਾ ਉਨ੍ਹਾਂ ਦੇ ਨਿੱਜੀ ਖਾਤੇ ‘ਚ ਹੀ ਜਾਏਗਾ, ਜਿਹੜਾ ਕਿ ਸੰਗਰੂਰ ਹਲਕੇ ‘ਚ ਲੜੀ ਜਾ ਰਹੀ ਲੋਕ ਸਭਾ ਦੀ ਚੋਣ ‘ਤੇ ਖ਼ਰਚ ਹੋਏਗਾ। ਵਿਦੇਸ਼ਾਂ ਤੋਂ ਆਉਣ ਵਾਲੇ ਡਾਲਰਾਂ ‘ਤੇ ਆਮ ਆਦਮੀ ਪਾਰਟੀ ਆਪਣਾ ਹੱਕ ਨਾ ਜਤਾ ਲਵੇ, ਇਸ ਲਈ ਭਗਵੰਤ ਮਾਨ ਨੇ ਪਾਰਟੀ ਦੇ ਬੈਂਕ ਅਕਾਊਂਟ ਦੇਣ ਦੀ ਬਜਾਇ ਆਪਣੇ ਨਿੱਜੀ ਬੈਂਕ ਅਕਾਊਂਟ ਜਾਰੀ ਕੀਤੇ ਹਨ।
ਭਗਵੰਤ ਮਾਨ ਨੇ ਆਪਣੇ ਪੇਟੀਐਮ ਦਾ ਖਾਤਾ ਦੇਣ ਨਾਲ ਹੀ ਗੂਗਲ ਪੇ ਅਕਾਊਂਟ ਵੀ ਦਿੱਤਾ ਹੈ, ਜਿਹੜਾ ਕਿ ਸਿੱਧੇ ਤੌਰ ‘ਤੇ ਉਨ੍ਹਾਂ ਦੇ ਨਿੱਜੀ ਬੈਂਕ ਅਕਾਊਂਟ ਨਾਲ ਜੁੜਿਆ ਹੋਇਆ ਹੈ। ਭਗਵੰਤ ਮਾਨ ਨੇ ਬੁੱਧਵਾਰ ਨੂੰ ਫੇਸਬੁੱਕ ‘ਤੇ 10 ਮਿੰਟ ਦੀ ਇੱਕ ਵੀਡੀਓ ਪਾਉਂਦੇ ਹੋਏ ਇੱਕ ਭਾਵੁਕ ਜਿਹੀ ਅਪੀਲ ਕੀਤੀ ਹੈ, ਉਨ੍ਹਾਂ ਨੇ ਆਪਣੇ ਆਪ ਨੂੰ ਇਮਾਨਦਾਰ ਤੇ ਬਾਕੀਆਂ ਨੂੰ ਭ੍ਰਿਸ਼ਟਾਚਾਰੀ ਕਰਾਰ ਦਿੰਦੇ ਹੋਏ ਕਾਫ਼ੀ ਕੁਝ ਕਿਹਾ ਉਨ੍ਹਾਂ ਕਿਹਾ ਇੱਥੇ ਕਿ ਉਹ ਪਾਰਲੀਮੈਂਟ ਵਿੱਚ ਜਾ ਕੇ ਪੰਜਾਬੀਆਂ ਦੇ ਮੁੱਦੇ ਚੁੱਕਦੇ ਆਏ ਹਨ। ਭਗਵੰਤ ਮਾਨ ਨੇ ਕਿਹਾ ਕਿ ਚੰਗੇ ਲੋਕ ਜੇਕਰ ਪੈਸੇ ਦੀ ਘਾਟ ਕਾਰਨ ਹਾਰ ਜਾਣਗੇ ਜਾਂ ਫਿਰ ਪ੍ਰਚਾਰ ‘ਚ ਪਿੱਛੇ ਰਹਿ ਜਾਣਗੇ ਤਾਂ ਭਵਿੱਖ ਵਿੱਚ ਕੋਈ ਵੀ ਇਮਾਨਦਾਰ ਵਿਅਕਤੀ ਅੱਗੇ ਨਹੀਂ ਆਏਗਾ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਲੀਡਰ ਭ੍ਰਿਸ਼ਟਾਚਾਰ ਦਾ ਪੈਸਾ ਇਕੱਠਾ ਕਰਦੇ ਹੋਏ ਚੋਣਾਂ ਵਿੱਚ ਪਾਣੀ ਵਾਂਗ ਖਰਚ ਕਰਨਗੇ ਪਰ ਉਨ੍ਹਾਂ ਕੋਲ ਪੈਸਾ ਨਹੀਂ ਹੈ। ਸੰਗਰੂਰ ਸੀਟ ਤੋਂ ਪ੍ਰਚਾਰ ਕਰਨ ਲਈ ਉਨ੍ਹਾਂ ਨੂੰ ਪੈਸੇ ਚਾਹੀਦੇ ਹਨ।
ਇਸ ਲਈ ਆਮ ਲੋਕ ਉਨ੍ਹਾਂ ਨੂੰ ਪੇਟੀਐਮ ਅਤੇ ਗੁੱਗਲ ਪੇ ਰਾਹੀਂ ਸਿੱਧੇ ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਪੈਸਾ ਪਾਉਣ। ਭਗਵੰਤ ਮਾਨ ਨੇ ਇੱਥੇ ਹੀ ਆਪਣੇ ਬੈਂਕ ਅਕਾਊਂਟ ਦਾ ਵੇਰਵਾ ਵੀ ਤਿੰਨ ਤਿੰਨ ਵਾਰ ਦਿੱਤਾ ਤਾਂ ਕਿ ਕੋਈ ਗਲਤ ਨਾ ਲਿਖ ਲਵੇ ਜਾਂ ਫਿਰ ਲਿਖਣ ਤੋਂ ਨਾ ਰਹਿ ਜਾਵੇ। ਇਹ ਸਾਰਾ ਪੈਸਾ ਭਗਵੰਤ ਮਾਨ ਦੇ ਨਿੱਜੀ ਖਾਤੇ ‘ਚ ਆਉਣ ਨਾਲ ਹੀ ਉਨ੍ਹਾਂ ਦੇ ਸੰਗਰੂਰ ਲੋਕ ਸਭਾ ਹਲਕੇ ‘ਚ ਪ੍ਰਚਾਰ ਲਈ ਖ਼ਰਚ ਹੋਏਗਾ।
ਭਗਵੰਤ ਮਾਨ ਤੋਂ ਪਾਰਟੀ ਹੋਈ ਨਰਾਜ਼, ਮੰਗੇਗੀ ਜਵਾਬ
ਆਮ ਆਦਮੀ ਪਾਰਟੀ ਲਈ ਪੈਸਾ ਮੰਗਣ ਦੀ ਬਜਾਇ ਨਿੱਜੀ ਖਾਤੇ ਲਈ ਪੈਸਾ ਮੰਗਣ ਲਈ ਪਾਰਟੀ ਭਗਵੰਤ ਮਾਨ ਤੋਂ ਨਰਾਜ਼ ਹੋ ਗਈ ਹੈ। ਆਮ ਆਦਮੀ ਪਾਰਟੀ ‘ਚ ਪਹਿਲਾਂ ਕਦੇ ਵੀ ਕਿਸੇ ਵੀ ਲੀਡਰ ਨੇ ਆਪਣੇ ਨਿੱਜੀ ਖ਼ਰਚ ਲਈ ਪੈਸਾ ਨਹੀਂ ਮੰਗਿਆ ਹੈ ਹਾਲਾਂਕਿ ਪਿਛਲੀਆਂ ਚੋਣਾਂ ਵਿੱਚ ਵੀ ਭਗਵੰਤ ਮਾਨ ਨੂੰ ਨਿੱਜੀ ਮੱਦਦ ਆਈ ਸੀ ਪਰ ਇਸ ਵਾਰ ਭਗਵੰਤ ਮਾਨ ਪਾਰਟੀ ਦੇ ਪ੍ਰਧਾਨ ਵੀ ਹਨ ਤੇ ਖੁੱਲ੍ਹ ਕੇ ਨਿੱਜੀ ਤੌਰ ‘ਤੇ ਆਪਣੇ ਲਈ ਪੈਸਾ ਵੀ ਮੰਗ ਰਹੇ ਹਨ। ਇਸ ਸਬੰਧੀ ਸੀਨੀਅਰ ਲੀਡਰਸ਼ਿਪ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ, ਕਿਉਂਕਿ ਪੰਜਾਬ ‘ਚ ਭਗਵੰਤ ਮਾਨ ਨੂੰ ਉਹ ਨਰਾਜ਼ ਵੀ ਨਹੀਂ ਕਰਨਾ ਚਾਹੁੰਦੇ ਹਨ ਫਿਰ ਵੀ ਪਾਰਟੀ ਵੱਲੋਂ ਉਨ੍ਹਾਂ ਤੋਂ ਜਵਾਬ ਮੰਗਣ ਦੀ ਕਾਰਵਾਈ ਵੀ ਉਲੀਕੀ ਜਾ ਰਹੀ ਹੈ।
ਪਾਰਟੀ ਜੂਝ ਰਹੀ ਐ ਪੈਸੇ ਦੀ ਕਿੱਲਤ ਨਾਲ!
ਆਮ ਆਦਮੀ ਪਾਰਟੀ ਪੰਜਾਬ ਵਿੱਚ ਪੈਸੇ ਦੀ ਕਿੱਲਤ ਨਾਲ ਬੂਰੀ ਤਰ੍ਹਾਂ ਜੂਝ ਰਹੀ ਹੈ, ਕਿਉਂਕਿ ਪੰਜਾਬ ‘ਚ ਕਾਂਗਰਸ ਤੇ ਅਕਾਲੀ ਦਲ ਵਾਂਗ ਆਮ ਆਦਮੀ ਪਾਰਟੀ ਨੂੰ ਕੋਈ ਵੀ ਇੰਡਸਟਰੀ ਜਾਂ ਫਿਰ ਵੱਡੇ ਘਰਾਣੇ ਪਾਰਟੀ ਫੰਡ ਨਹੀਂ ਦਿੰਦੇ ਹਨ। ਇਸ ਲਈ ਆਮ ਆਦਮੀ ਪਾਰਟੀ ਪੰਜਾਬ ਵਿੱਚ ਵਿਧਾਇਕਾਂ ਦੀ ਇੱਕ ਮਹੀਨੇ ਦੀ ਤਨਖ਼ਾਹ ਤੇ ਵਰਕਰਾਂ ਦੇ ਸਹਿਯੋਗ ਲੈ ਕੇ ਹੀ ਕੰਮ ਚਲਾ ਰਹੀ ਹੈ। ਆਮ ਆਦਮੀ ਪਾਰਟੀ ਨੂੰ ਉਮੀਦ ਸੀ ਕਿ ਲੋਕ ਸਭਾ ਚੋਣਾਂ ਮੌਕੇ ਪਾਰਟੀ ਨੂੰ ਕਾਫ਼ੀ ਜ਼ਿਆਦਾ ਫੰਡ ਆ ਜਾਏਗਾ ਪਰ ਪਾਰਟੀ ਪ੍ਰਧਾਨ ਭਗਵੰਤ ਮਾਨ ਵੱਲੋਂ ਨਿੱਜੀ ਖਾਤੇ ‘ਚ ਫੰਡ ਲੈਣ ਦੀ ਕਾਰਵਾਈ ਨਾਲ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਇਸ ਨਾਲ ਪਾਰਟੀ ਨੂੰ ਫੰਡ ਆਉਣ ਦੀ ਬਜਾਇ ਸਿੱਧਾ ਭਗਵੰਤ ਮਾਨ ਦੇ ਖਾਤੇ ‘ਚ ਹੀ ਜ਼ਿਆਦਾ ਫੰਡ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।