ਗਲਵਾਨ ਸੰਘਰਸ਼ ਵਿੱਚ ਭਾਰਤੀ ਸੈਨਿਕਾਂ ਦੇ ਹੱਥੋਂ ਚੀਨ ਦੇ 4 ਨਹੀਂ 38 ਸੈਨਿਕ ਮਾਰੇ ਗਏ ਸਨ, ਰਿਪੋਰਟ ਤੋਂ ਹੋਇਆ ਖੁਲਾਸਾ
ਕੈਨਬਰਾ। ਚੀਨ ਹੁਣ ਤੱਕ ਇਹ ਦਾਅਵਾ ਕਰਦਾ ਹੈ ਕਿ ਜੂਨ 2020 ਵਿੱਚ ਲਦਾਖ਼ ਦੇ ਗਲਵਾਨ (Galwan Conflict) ਵਿੱਚ ਭਾਰਤੀ ਸੈਨਾ ਦੇ ਨਾਲ ਝੜਪ ਵਿੱਚ ਉਸਦੇ ਸਿਰਫ਼ 4 ਜਵਾਨ ਮਾਰੇ ਗਏ ਸਨ। ਹੁਣ ਆਸਟੇ੍ਰਲੀਆ ਦੇ ਇੱਕ ਅਖ਼ਬਾਰ ਨੇ ਚੀਨ ਦੇ ਇਸ ਝੂਠ ਦਾ ਪਰਦਾਫਾਸ਼ ਕੀਤਾ ਹੈ। ਇਸ ਅਖ਼ਬਾਰ ਅਨੁਸਾਰ ਗਲਵਾਨ ਵਿੱਚ ਚੀਨ ਦੇ 4 ਨਹੀਂ, ਘੱਟੋ ਘੱਟ 38 ਜਵਾਨਾਂ ਦੀ ਜਾਨ ਭਾਰਤੀ ਸੈਨਾ ਦੇ ਬਹਾਦਰਾਂ ਦੇ ਨਾਲ ਟਕਰਾਅ ਵਿੱਚ ਗਈ ਸੀ। ਆਸਟੇ੍ਰਲੀਆ ਦੇ ਅਖ਼ਬਾਰ ‘ਦ ਕਲੈਕਸ਼ਨ’ ਦੇ ਰਿਪੋਰਟਰ ਐਂਥਨੀ ਕਲਾਨ ਦੀ ਇਸ ਖ਼ਬਰ ਦੇ ਮੁਤਾਬਿਕ ਗਲਵਾਨ ਵਿੱਚ ਘੱਟ ਤੋਂ ਘੱਟ 38 ਚੀਨੀ ਸੈਨਿਕ ਸੰਘਰਸ਼ ਦੌਰਾਨ ਨਦੀ ਵਿੱਚ ਡੁੱਬ ਗਏ ਸਨ। ਅਖ਼ਬਾਰ ਨੇ ਚੀਨ ਦੇ ਬਲਾਗਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਪੀਐਲਏ ਨੇ ਤੱਥਾਂ ਨੂੰ ਪ੍ਰਭਾਵਿਤ ਕਰਨ ਲਈ ਗਲਵਾਨ ਵਿੱਚ ਦੋ ਜਗ੍ਹਾ ਹੋਈ ਝੜਪ ਦੀਆਂ ਖ਼ਬਰਾਂ ਅਤੇ ਤਸਵੀਰਾਂ ਨੂੰ ਜੋੜ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਕੀ ਹੋਇਆ ਖੁਲਾਸਾ
ਐਂਥਨੀ ਕਲਾਨ ਦੀ ਖ਼ਬਰ ਦੇ ਮੁਤਾਬਕ ਚੀਨ ਨੇ ਇਹ ਦਾਅਵਾ ਕੀਤਾ ਕਿ ਉਸ ਦੇ ਸਿਰਫ਼ 4 ਸੈਨਿਕ ਮਾਰੇ ਗਏ, ਪਰ ਉਸ ਨੇ ਤਮਾਮ ਸੈਨਿਕਾਂ ਲਈ ਮਰਨ ਤੋਂ ਬਾਅਦ ਮੈਡਲ ਦੇਣ ਦਾ ਐਲਾਨ ਵੀ ਕੀਤਾ ਹੈ। ਸੋਸ਼ਲ ਮੀਡੀਆ ਦੇ ਖੋਜਕਰਤਾਵਾਂ ਨੇ ਗਲਵਾਨ ਡਿਕੋਡੇਡ ਨਾਮ ਨਾਲ ਇੱਕ ਰਿਪੋਰਟ ਜਾਰੀ ਕੀਤੀ ਹੈ ਕਿ 15-16 ਜੂਨ 2020 ਦੀ ਰਾਤ ਨੂੰ ਭਾਰਤੀ ਸੈਨਾ ਦੇ ਸੰਘਰਸ਼ ਵਿੱਚ ਗਲਵਾਨ ਨਦੀ ਵਿੱਚ ਡਿੱਗਣ ਨਾਲ ਤਿੰਨ ਦਰਜ਼ਨ ਤੋਂ ਜ਼ਿਆਦਾ ਚੀਨੀ ਸੈਨਿਕਾਂ ਦੀ ਜਾਨ ਗਈ ਸੀ। ਇਸ ਰਿਪੋਰਟ ਨੂੰ ਬਣਾਉਣ ਲਈ ਚੀਨ ਦੇ ਸੋਸ਼ਲ ਮੀਡੀਆ ਪਲੇਟਫ਼ਾਰਮ ਵੇਈਬੋ ਦੇ ਯੂਜ਼ਰਸ ਦਾ ਹਵਾਲਾ ਦਿੱਤਾ ਗਿਆ। ਰਿਪੋਰਟ ਦੇ ਮੁਤਾਬਕ 38 ਚੀਨੀ ਸੈਨਿਕ ਮਾਰੇ ਗਏ। ਇਸ ਵਿੱਚੋਂ ਸਿਰਫ਼ ਚੀਨ ਨੇ ਹੀ ਵੈਂਗ ਨਾਂ ਦੇ ਫੌਜੀ ਦੀ ਮੌਤ ਦਾ ਅਧਿਕਾਰਤ ਐਲਾਨ ਕੀਤਾ ਹੈ। ਅਖ਼ਬਾਰ ਮੁਤਾਬਕ ਭਾਰਤੀ ਫੌਜ਼ ਅਤੇ ਪੀ.ਐਲ.ਏ ਵਿਚਾਲੇ ਟਕਰਾਅ ਦਾ ਕਾਰਨ ਇੱਕ ਅਸਥਾਈ ਪੁਲ ਸੀ।
ਕੀ ਹੈ ਮਾਮਲਾ
ਅਖ਼ਬਾਰ ਦੀ ਰਿਪੋਰਟ ਦੇ ਮੁਤਾਬਕ ਭਾਰਤੀ ਸੈਨਿਕਾਂ ਨੇ ਗਲਵਾਨ ਨਦੀ ’ਤੇ ਇੱਕ ਪੁਲ ਬਣਵਾਇਆ ਸੀ। ਇਸ ਦੇ ਨਾਲ ਹੀ ਚੀਨੀ ਸੈਨਿਕ ਵੀ ਬਫ਼ਰ ਜੋਨ ਵਿੱਚ ਉਸਾਰੀ ਕਰ ਰਹੇ ਸਨ। ਇਸ ਨੂੰ ਰੋਕਣ ਲਈ ਚੀਨ ਦੇ ਸੈਨਿਕ ਭਾਰਤੀ ਇਲਾਕੇ ਵਿੱਚ ਦਾਖ਼ਲ ਹੋ ਗਏ ਸਨ। ਭਾਰਤੀ ਜਵਾਨ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਅੱਗੇ ਵਧੇ। ਇਸੇ ਦੌਰਾਨ ਕਰਨਲ ਬੀ.ਸੰਤੋਸ਼ ਬਾਬੂ ਸ਼ਹੀਦ ਹੋ ਗਿਆ। ਇਸ ਤੋਂ ਬਾਅਦ ਭਾਰਤੀ ਸੈਨਿਕ ਚੀਨ ਦੀ ਪੀਐਲਪੀ ’ਤੇ ਟੁੱਟ ਪਏ ਅਤੇ ਜਬਰਦਸਤ ਸੰਘਰਸ਼ ਹੋਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ