ਗੈਰ ਪਟਿਆਲਵੀ ਕਿਸਾਨ ਮੁਆਵਜ਼ੇ ਨੂੰ ਤਰਸੇ

ਹੜ੍ਹਾਂ ‘ਚ ਹੋਇਆ ਸੀ ਕਰੋੜਾਂ ਦਾ ਨੁਕਸਾਨ

ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਲਿਆ 100 ਫੀਸਦੀ ਮੁਆਵਜ਼ਾ

ਅਗਸਤ ਵਿੱਚ ਸਿਰਫ਼ ਫਸਲਾਂ ਦਾ ਹੋਇਆ ਸੀ 112 ਕਰੋੜ ਰੁਪਏ ਦਾ ਨੁਕਸਾਨ, ਜਾਰੀ ਹੋਇਆ ਸਿਰਫ਼ 46.44 ਕਰੋੜ

ਅਸ਼ਵਨੀ ਚਾਵਲਾ/ਚੰਡੀਗੜ। ਪੰਜਾਬ ‘ਚ ਹੜ੍ਹ ਦੀ ਮਾਰ ਝੱਲਣ ਵਾਲੇ ਕਿਸਾਨਾਂ ਨੂੰ ਹੁਣ ਗੈਰ ਪਟਿਆਲਵੀਂ ਕਿਸਾਨ ਹੋਣ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ, ਪੰਜਾਬ ਸਰਕਾਰ ਨੇ ਵਿਤਕਰੇਬਾਜ਼ੀ ਕਰਦਿਆਂ ਪਟਿਆਲਾ ਜ਼ਿਲ੍ਹੇ ਦੇ ਹੀ ਕਿਸਾਨਾਂ ਨੂੰ 100 ਫੀਸਦੀ ਮੁਆਵਜ਼ਾ ਜਾਰੀ ਕਰ ਦਿੱਤਾ ਹੈ, ਜਦੋਂ ਕਿ ਬਾਕੀ ਜਿਲ੍ਹਿਆਂ ਦੇ ਕਿਸਾਨਾਂ ਨੂੰ ਅੱਜ ਵੀ ਮੁਆਵਜ਼ਾ ਲੈਣ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਖਜਾਨੇ ‘ਤੇ ਵੀ ਇਸ ਦਾ ਕੋਈ ਬੋਝ ਨਹੀਂ ਪੈਣਾ ਹੈ, ਕਿਉਂਕਿ ਇਸ ਨੁਕਸਾਨ ਦੀ ਭਰਪਾਈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਹੋਏ ਕੁਦਰਤੀ ਆਫ਼ਤਾਂ ਪ੍ਰਬੰਧਨ ਲਈ 6600 ਕਰੋੜ ਰੁਪਏ ਵਿੱਚੋਂ ਹੀ ਹੋਣੀ ਹੈ।

ਪੰਜਾਬ ਸਰਕਾਰ ਵੱਲੋਂ ਹੁਣ ਤੱਕ 46.44 ਕਰੋੜ ਰੁਪਏ ਹੀ ਜਾਰੀ ਕੀਤਾ ਗਿਆ ਹੈ ਅਤੇ ਇਸ ਵਿੱਚ 33 ਕਰੋੜ ਰੁਪਏ ਸਿਰਫ਼ ਪਟਿਆਲਾ ਜ਼ਿਲ੍ਹੇ ਲਈ ਜਾਰੀ ਕੀਤੇ ਗਏ ਹਨ, ਜਿਹੜਾ ਕਿ 100 ਫੀਸਦੀ ਕਿਸਾਨਾਂ ਨੂੰ ਵੰਡਿਆ ਜਾ ਚੁੱਕਾ ਹੈ। ਪਿਛਲੇ ਸਾਲ ਅਗਸਤ ਮਹੀਨੇ ‘ਚ ਭਾਰੀ ਵਰਖਾ ਅਤੇ ਡੈਮਾਂ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਸੂਬੇ ਦੇ 14 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠਾਂ ਆ ਗਏ ਸਨ ਜਿਸ ਕਾਰਨ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋਣ ਦੇ ਨਾਲ-ਨਾਲ ਪਸ਼ੂਆਂ ਦੀ ਵੀ ਮੌਤ ਹੋਈ ਸੀ ਇਸ ਦੌਰਾਨ ਮਕਾਨਾਂ?ਦੀ ਵੀ ਭਾਰੀ ਨੁਕਸਾਨ ਹੋਇਆ ਸੀ ਮੁੱਖ ਮੰਤਰੀ ਨੇ ਹੜ੍ਹਾਂ ਨਾਲ ਹੋਈ ਤਬਾਹੀ ਦਾ ਹਵਾਈ ਦੌਰਾ ਕਰਕੇ ਕੇਂਦਰ ਸਰਕਾਰ ਤੋਂ ਇੱਕ ਹਜ਼ਾਰ ਕਰੋੜ ਦੀ ਮੱਦਦ ਮੰੰਗੀ ਸੀ

ਜੇਕਰ ਸਿਰਫ਼ ਫਸਲੀ ਨੁਕਸਾਨ ਦੀ ਗੱਲ ਕਰੀਏ ਤਾਂ ਹੁਣ ਤੱਕ ਪੰਜਾਬ ਸਰਕਾਰ ਕੋਲ 112 ਕਰੋੜ ਰੁਪਏ ਦਾ ਮੁਆਵਜ਼ਾ ਲਈ ਡਿਪਟੀ ਕਮਿਸ਼ਨਰਾਂ ਵੱਲੋਂ ਕਲੇਮ ਆ ਚੁੱਕੇ ਹਨ ਪਰ ਇਸ ਵਿੱਚ ਸਿਰਫ਼ ਪਟਿਆਲਾ ਜ਼ਿਲ੍ਹੇ ਨੂੰ 100 ਫੀਸਦੀ ਦਰ ਨਾਲ 33 ਕਰੋੜ ਰੁਪਏ ਦੇ ਲਗਭਗ ਜਾਰੀ ਕੀਤੇ ਗਏ ਸਨ, ਜਦੋਂ ਕਿ ਇਸ ਤੋਂ ਇਲਾਵਾ ਫਾਜਿਲਕਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਤਰਨਤਾਰਨ, ਫਰੀਦਕੋਟ ਅਤੇ ਮੁਕਤਸਰ ਨੂੰ ਕੋਈ ਇੱਕ ਪੈਸਾ ਵੀ ਨਹੀਂ ਜਾਰੀ ਕੀਤਾ ਗਿਆ। ਹਾਲਾਂਕਿ ਇਸ ਤੋਂ ਇਲਾਵਾ ਕੁਝ ਹੋਰ ਜ਼ਿਲ੍ਹੇ ਨੂੰ ਵੀ ਥੋੜ੍ਹੇ ਬਹੁਤ ਪੈਸੇ ਜਾਰੀ ਕੀਤੇ ਗਏ ਹਨ।

ਕੁਦਰਤੀ ਆਫ਼ਤਾਂ ਪ੍ਰਬੰਧਨ ਵਿਭਾਗ ਕੋਲ ਪਿਆ ਐ 6600 ਕਰੋੜ ਤੋਂ ਜ਼ਿਆਦਾ ਰੁਪਇਆ

Patilala

ਪੰਜਾਬ ਵਿੱਚ ਕਿਸੇ ਵੀ ਕੁਦਰਤੀ ਕਹਿਰ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਹਰ ਸਾਲ ਕੇਂਦਰ ਸਰਕਾਰ ਫੰਡ ਜਾਰੀ ਕਰਦੀ ਰਹਿੰਦੀ ਹੈ, ਜਿਸ ਵਿੱਚੋਂ ਨਿਯਮਾਂ ਅਨੁਸਾਰ ਪੰਜਾਬ ਸਰਕਾਰ ਨੁਕਸਾਨ ਦੀ ਭਰਪਾਈ ਲਈ ਪੈਸਾ ਵਰਤੋਂ ਕਰ ਸਕਦੀ ਹੈ। ਇਸ ਫੰਡ ਵਿੱਚ 6600 ਕਰੋੜ ਰੁਪਏ ਤੋਂ ਵੀ ਜ਼ਿਆਦਾ ਪੈਸਾ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਨੁਕਸਾਨ ਲਈ ਭਰਪਾਈ ਲਈ ਪੈਸਾ ਜਾਰੀ ਨਹੀਂ ਕੀਤਾ ਗਿਆ ਹੈ, ਇਹ ਪੰਜਾਬ ਸਰਕਾਰ ਦੀ ਨਿਯਮ ‘ਤੇ ਵੀ ਸੁਆਲ ਚੁੱਕ ਰਿਹਾ ਹੈ।

ਜਲੰਧਰ ਦੇ ਪਸ਼ੂ ਪਾਲਕ ਵੀ ਉਡੀਕ ‘ਚ, 103 ਪਸ਼ੂਆਂ ਦੀ ਹੋਈ ਮੌਤ

ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਪਸ਼ੂ ਪਾਲਕ ਵੀ ਸਰਕਾਰ ਵਲੋਂ ਆਉਣ ਵਾਲੇ ਮੁਆਵਜ਼ੇ ਦੀ ਉਡੀਕ ਵਿੱਚ ਹਨ। ਹੜ੍ਹ ਦੌਰਾਨ ਸਿਰਫ਼ ਜਲੰਧਰ ਜਿਲ੍ਹਾ ਡਿਪਟੀ ਕਮਿਸ਼ਨ ਵੱਲੋਂ ਪਸੂਆਂ ਦੀ ਮੌਤ ਦੀ 0ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ। ਜਲੰਧਰ ਜ਼ਿਲ੍ਹੇ ਵਿੱਚ 103 ਪਸੂਆਂ ਦੀ ਹੜ੍ਹ ਕਾਰਨ ਮੌਤ ਹੋਈ ਹੈ, ਜਿਸ ਦਾ 30 ਲੱਖ 33 ਹਜ਼ਾਰ ਰੁਪਏ ਮੁਆਵਜ਼ਾ ਬਣਦਾ ਹੈ। ਇਸ ਮੁਆਵਜ਼ੇ ਨੂੰ ਪ੍ਰਾਪਤ ਕਰਨ ਲਈ ਪਸ਼ੂ ਕਿਸਾਨਾਂ ਵੱਲੋਂ ਲਗਾਤਾਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਚੱਕਰ ਲਾਏ ਜਾ ਰਹੇ ਹਨ ਪਰ ਉਨ੍ਹਾਂ ਨੂੰ ਮੁਆਵਜ਼ੇ ਦੀ ਰਾਸ਼ੀ ਹੁਣ ਤੱਕ ਜਾਰੀ ਨਹੀਂ ਕੀਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।