ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਪੰਜਾਬ ਸਰਕਾਰ ਨੇ
- ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਨੇ ਦਿਖਾਇਆ ਕੇਂਦਰ ਨੂੰ ਸ਼ੀਸ਼ਾ, ਕਿਸਾਨਾਂ ਨੂੰ ਕੋਸਣਾ ਕਰੋ ਬੰਦ
- ਕਿਹਾ, ਕਿਸਾਨਾਂ ‘ਤੇ ਨਹੀਂ ਚੱਲੇਗਾ ਹੁਣ ਡੰਡਾ, ਵਧਾਉਣੀ ਪਏਗੀ ਉਨ੍ਹਾਂ ਦੀ ਆਮਦਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਦੇਸ਼ ਨੂੰ ਭਰ ਪੇਟ ਖਾਣਾ ਦੇਣ ਵਾਲੇ ਅੰਨਦਾਤਾ ਕਰਜ਼ ਦੀ ਮਾਰ ਹੇਠ ਖ਼ੁਦਕੁਸ਼ੀਆਂ ਕਰਨ ‘ਚ ਲੱਗਾ ਹੋਇਆ ਹੈ ਪਰ ਦੇਸ਼ ਉਨ੍ਹਾਂ ਨੂੰ ਬਚਾਉਣ ਦੀ ਬਜਾਇ ਉਨ੍ਹਾਂ ਵੱਲੋਂ ਸਾੜੀ ਜਾਣ ਵਾਲੀ ਪਰਾਲੀ ਦੀ ਚਿੰਤਾ ਕਰ ਰਿਹਾ ਹੈ। ਪੰਜਾਬ ‘ਚ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਸਰਕਾਰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਇਨ੍ਹਾਂ ਕਿਸਾਨਾਂ ਨੂੰ ਸਰਕਾਰ ਮਾਰ ਨਹੀਂ ਸਕਦੀ ਹੈ, ਜਿਹੜਾ ਕਿ ਕੇਂਦਰ ਸਰਕਾਰ ਜੋਰ ਪਾਉਣ ‘ਚ ਲੱਗੀ ਹੋਈ ਹੈ। ਕੇਂਦਰ ਸਰਕਾਰ ਕੋਲ ਨਾ ਹੀ ਕੋਈ ਸਕੀਮ ਹੈ ਤੇ ਨਾ ਹੀ ਪਰਾਲੀ ਦਾ ਕੋਈ ਬਦਲ ਹੈ, ਫਿਰ ਵੀ ਧੱਕੇਸ਼ਾਹੀ ਕਰਨ ‘ਚ ਲਗੀ ਹੋਈ ਹੈ। ਇੰਜ ਨਹੀਂ ਹੋਣਾ ਹੈ ਪਹਿਲਾਂ ਕਿਸਾਨਾਂ ਦਾ ਘਰ ਪੂਰਾ ਕਰੋ, ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਚੰਗਾ ਪੈਸਾ ਦਿੱਤਾ ਜਾਵੇ। ਉਸ ਤੋਂ ਬਾਅਦ ਹੀ ਕਿਸਾਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਚੰਡੀਗੜ੍ਹ ਵਿਖੇ ਹੋਏ ਪਰਾਲੀ ਨੂੰ ਸਾੜਨ ਸਬੰਧੀ ਇੱਕ ਸੈਮੀਨਾਰ ਦੌਰਾਨ ਕੀਤਾ।
ਸ੍ਰੀ ਸੁਰੇਸ਼ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ ਕਿ ਕੇਂਦਰ ਸਰਕਾਰ ਫਸਲ ‘ਤੇ ਪੂਰਾ ਪੈਸਾ ਦੇਣ ਨੂੰ ਤਿਆਰ ਨਹੀਂ ਹੈ ਤੇ ਉਨ੍ਹਾਂ ਖ਼ਿਲਾਫ਼ ਐਕਟ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਪਰਾਲੀ ਨੂੰ ਸਾੜਨ ਦੀ ਬਜਾਇ ਹੋਰ ਪਾਸੇ ਖਪਾਉਣ ਲਈ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਐੱਚ.ਪੀ.ਸੀ.ਐਲ. ਤੇ ਆਈ.ਓ.ਸੀ. ਸਣੇ ਹੋਰ ਕਈ ਕੰਪਨੀਆਂ ਪੰਜਾਬ ਵਿੱਚ ਆ ਕੇ ਐੱਮ.ਓ.ਯੂ. ਦਸਤਖ਼ਤ ਕਰਕੇ ਚਲੀਆਂ ਗਈਆਂ ਪਰ 18 ਮਹੀਨੇ ਵਿੱਚ ਇੱਕ ਵੀ ਕੰਪਨੀ ਪੰਜਾਬ ‘ਚ ਪ੍ਰੋਜੈਕਟ ਲਾਉਣ ਲਈ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇੱਕ ਵਿਭਾਗ ਪੰਜਾਬ ‘ਚੋਂ ਅਨਾਜ ਪੈਦਾ ਕਰਨ ਲਈ ਟਾਰਗੈਟ ਦਿੰਦਾ ਹੈ ਤਾਂ ਦੂਜਾ ਵਿਭਾਗ ਝੋਨੇ ਦਾ ਰਕਬਾ ਘੱਟ ਕਰਨ ਲਈ ਕਹਿੰਦਾ ਹੈ। ਜੇਕਰ ਕੇਂਦਰ ਸਰਕਾਰ ਦੇ ਹੀ ਵੱਖ-ਵੱਖ ਵਿਭਾਗ ਵੱਖ-ਵੱਖ ਆਦੇਸ਼ ਦੇਣਗੇ ਤਾਂ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ।
ਪਰਾਲੀ ਸਾੜਨ ਨਾਲ ਮੌਤ ਦਾ ਸ਼ਿਕਾਰ ਹੋ ਰਹੇ ਹਨ ਲੋਕ : ਡਾ. ਰਵਿੰਦਰ ਖਾਈਵਾਲ
ਪੀਜੀਆਈ ਦੇ ਡਾ. ਰਵਿੰਦਰ ਖਾਈਵਾਲ ਨੇ ਕਿਹਾ ਕਿ ਪਰਾਲੀ ਸਾੜਨ ਕਾਰਨ ਹਵਾ ਵਿੱਚ ਪ੍ਰਦੂਸ਼ਣ ਦਾ ਲੈਵਲ 200 ਨੂੰ ਵੀ ਪਾਰ ਕਰ ਰਿਹਾ ਹੈ, ਜਿਸ ਨਾਲ ਦਮਾ, ਨੱਕ ਤੇ ਕੰਨ ਸਣੇ ਕਈ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦਿਨਾਂ ਵਿੱਚ ਦਮੇ ਦੇ ਮਰੀਜ਼ਾਂ ਦੀ ਮੌਤ ਜ਼ਿਆਦਾ ਹੋਣ ਲੱਗ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੇ ਸਾੜਨ ਨਾਲ ਧੁੰਦ ਵੀ ਚਾਰੇ ਪਾਸੇ ਫੈਲ ਜਾਂਦੀ ਹੈ ਤੇ ਸੜਕਾਂ ‘ਤੇ ਦਿਖਾਈ ਨਾ ਦੇਣ ਕਾਰਨ ਸੜਕੀਂ ਹਾਦਸਿਆਂ ‘ਚ ਆਮ ਲੋਕਾਂ ਦੀ ਮੌਤ ਦੀ ਗਿਣਤੀ ਕਈ ਗੁਣਾ ਵਧ ਜਾਂਦੀ ਹੈ।
ਕਿਸਾਨ ਦੇ ਖੂਨ ਦੀ ਨਹੀਂ ਕਰਦਾ ਕੋਈ ਗੱਲ, ਘਾਟੇ ‘ਚ ਹਨ ਕਿਸਾਨ : ਦਵਿੰਦਰ ਸ਼ਰਮਾ
ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਨੇ ਕਿਹਾ ਕਿ ਜਦੋਂ ਸ਼ੇਅਰ ਮਾਰਕਿਟ ਡਿੱਗ ਜਾਂਦੀ ਹੈ ਤਾਂ ਅਖ਼ਬਾਰਾਂ ਵਿੱਚ ਸੁਰਖੀਆਂ ਹੁੰਦੀਆਂ ਹਨ ਕਿ ਬਲੱਡ ਬਾਥ ਹੋ ਗਿਆ ਹੈ, ਕਰੋੜਾ-ਅਰਬਾ ਦਾ ਨੁਕਸਾਨ ਹੋ ਗਿਆ ਹੈ ਤੇ ਹਰ ਪਾਸੇ ਖੂਨ ਹੀ ਖੂਨ ਹੈ ਪਰ ਦੇਸ਼ ਦਾ ਪੇਟ ਭਰਨ ਵਾਲਾ ਅੰਨਦਾਤਾ ਲਗਾਤਾਰ ਖ਼ੁਦਕੁਸ਼ੀ ਕਰ ਰਿਹਾ ਹੈ ਤਾਂ ਕੋਈ ਵੀ ਬਲੱਡ ਬਾਥ ਦੀ ਗੱਲ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਤਾਂ ਬਦਨਾਮ ਕਰਕੇ ਇੱਕ ਪਾਸੇ ਕਰ ਦਿੱਤਾ ਗਿਆ ਹੈ ਕਿ ਇਹ ਪਰਾਲੀ ਸਾੜਦੇ ਹਨ ਤੇ ਦੇਸ਼ ‘ਚ ਪ੍ਰਦੂਸ਼ਣ ਫੈਲਾ ਰਹੇ ਹਨ।
ਡੰਡਾ ਚਲਾਓ ਜਾਂ ਕਰੋ ਐੱਫਆਈਆਰ, ਸਾੜਾਂਗੇ ਪਰਾਲੀ, ਹਿੰਮਤ ਐ ਤਾਂ ਰੋਕ ਕੇ ਵਿਖਾਓ : ਰਾਜੇਵਾਲ
ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਰਾਜੇਵਾਲ ਨੇ ਸੈਮੀਨਾਰ ‘ਚ ਕਿਹਾ ਕਿ ਕਿਸਾਨ ਖ਼ੁਸ਼ੀ ਨਾਲ ਨਹੀਂ, ਸਗੋਂ ਪਰਾਲੀ ਨੂੰ ਸਾੜਨ ਲਈ ਮਜਬੂਰ ਹੋਏ ਬੈਠੇ ਹਨ। ਸਰਕਾਰਾਂ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋਣ ਦੀ ਬਜਾਇ ਡੰਡਾ ਚਲਾਉਣ ਅਤੇ ਐੱਫਆਈਆਰ ਦਰਜ਼ ਦੀ ਧਮਕੀ ਦੇਈ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਐਫਆਈਆਰ ਕਰੇ ਜਾਂ ਫਿਰ ਡੰਡੇ ਚਲਾਏ ਪਰ ਕਿਸਾਨ ਪਰਾਲੀ ਸਾੜਨਗੇ, ਸਰਕਾਰ ਕੋਲ ਹਿੰਮਤ ਹੈ ਤਾਂ ਉਨ੍ਹਾਂ ਨੂੰ ਰੋਕ ਕੇ ਦਿਖਾਓ।
ਰਾਜੇਵਾਲ ਨੇ ਕਿਹਾ ਕਿ ਝੋਨਾ ਲਾਉਣ ਦਾ ਸਮਾਂ ਪਹਿਲਾਂ 10 ਜੂਨ ਕੀਤਾ ਗਿਆ ਸੀ ਫਿਰ 20 ਜੂਨ ਕਰ ਦਿੱਤਾ ਗਿਆ, ਜਿਸ ਕਾਰਨ ਝੋਨਾ ਦੇਰੀ ਨਾਲ ਪੱਕ ਰਿਹਾ ਹੈ। ਇਸ ਨਾਲ ਹੀ ਬਰਸਾਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵੰਬਰ ਵਿੱਚ ਝੋਨੇ ਦੀ ਕਟਾਈ ਮੁਕੰਮਲ ਹੋਵੇਗੀ ਤਾਂ ਕਣਕ ਵੀ ਨਵੰਬਰ ਵਿੱਚ ਕਿਸਾਨ ਬੀਜ ਸਕੇਗਾ। ਇਸ ਲਈ ਕਿਸਾਨ ਕੋਲ ਕਟਾਈ ਤੋਂ ਬਾਅਦ ਸਿਰਫ਼ 8-10 ਦਿਨ ਹੀ ਹੁੰਦੇ ਹਨ, ਜਿਸ ਵਿੱਚ ਪਰਾਲੀ ਨੂੰ ਸਾੜ ਕੇ ਅਗਲੀ ਫਸਲ ਲਈ ਖੇਤ ਤਿਆਰ ਕਰਨ ਤੋਂ ਇਲਾਵਾ ਕਿਸਾਨ ਕੋਲ ਕੋਈ ਚਾਰਾ ਨਹੀਂ ਹੈ।