ਮੂਣਕ, (ਮੋਹਨ ਸਿੰਘ)। ਢੀਂਡਸਾ ਪਰਿਵਾਰ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜੇਗਾ ਇਹ ਬਿਆਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੂਣਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤਾ ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਦਾ ਕੋਈ ਵੀ ਮੈਂਬਰ ਲੋਕ ਸਭਾ ਸੰਗਰੂਰ ਜਾਂ ਕਿਸੇ ਹੋਰ ਹਲਕੇ ਤੋਂ ਚੋਣ ਨਹੀਂ ਲੜੇਗਾ, ਸਗੋਂ ਪਾਰਟੀ ਵੱਲੋਂ ਜਿਸ ਆਗੂ ਨੂੰ ਟਿਕਟ ਦਿੱਤੀ ਜਾਵੇਗੀ, ਉਸ ਦਾ ਡਟ ਕੇ ਸਮਰਥਨ ਕੀਤਾ ਜਾਵੇਗਾ ਉਨ੍ਹਾਂ ਹੋਰ ਕਿਹਾ ਕਿ ਐਤਕੀਂ ਪਹਿਲੀ ਵਾਰ ਹੈ ਕਿ ਮੌਜ਼ੂਦਾ ਕਾਂਗਰਸ ਸਰਕਾਰ ਨੇ ਇਲਾਕੇ ਦੇ ਲੋਕਾਂ ਨੂੰ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਤੋਂ ਬਚਾਉਣ ਲਈ ਇੱਕ ਧੇਲਾ ਵੀ ਨਹੀਂ ਖਰਚਿਆ। ਇਸ ਸਾਲ ਜੇਕਰ ਘੱਗਰ ਦਰਿਆ ਦੇ ਹੜ੍ਹ ਤੋਂ ਕਿਸਾਨਾਂ ਦਾ ਬਚਾਅ ਹੋਇਆ ਹੈ ਇਹ ਸਿਰਫ ਕਿਸਾਨਾਂ ਦੀ ਖੁਦ ਦੀ ਮਿਹਨਤ ਅਤੇ ਅਕਾਲੀ ਦਲ (ਬ) ਦੀ ਸਰਕਾਰ ਵੱਲੋਂ ਘੱਗਰ ਦਰਿਆ ‘ਤੇ ਕਰਵਾਏ ਗਏ ਕੰਮ ਦੀ ਬਦੌਲਤ ਹੀ ਹੋਇਆ ਹੈ।
ਅਕਾਲੀ ਦਲ ‘ਚ ਮੌਜ਼ੂਦਾ ਉੱਥਲ-ਪੁੱਥਲ ਦੇ ਹਾਲਾਤਾਂ ਸਬੰਧੀ ਪੁੱਛੇ ਗਏ ਸਵਾਲਾਂ ਦਾ ਗੋਲ-ਮੋਲ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਮਸਲੇ ਪਾਰਟੀ ਦੀ ਮੀਟਿੰਗ ਦੌਰਾਨ ਹੀ ਵਿਚਾਰੇ ਜਾਣਗੇ। ਹਲਕੇ ਦੇ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਮਕੋਰੜ ਸਾਹਿਬ ਵੱਲੋਂ ਦਿੱਤੇ ਅਸਤੀਫੇ ਸਬੰਧੀ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਅਜੇ ਤੱਕ ਮਕੋਰੜ ਸਾਹਿਬ ਨਾਲ ਕੋਈ ਗੱਲਬਾਤ ਨਹੀਂ ਹੋਈ ਗੱਲਬਾਤ ਹੋਣ ਉਪਰੰਤ ਹੀ ਅਸਤੀਫੇ ਸਬੰਧੀ ਦੱਸਿਆ ਜਾ ਸਕਦਾ ਹੈ। ਇਸ ਮੌਕੇ ਗਿਆਨੀ ਨਿਰੰਜਣ ਸਿੰਘ ਭੁਟਾਲ, ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਜੈਪਾਲ ਸੈਣੀ ਪ੍ਰਧਾਨ ਸਹਾਰਾ ਕਲੱਬ, ਕ੍ਰਿਸ਼ਨ ਕੁਮਾਰ, ਡਾ. ਲੱਜਾ ਰਾਮ, ਰਾਮਕੁਮਾਰ ਸ਼ਰਮਾ ਆਦਿ ਮੌਜੂਦ ਸਨ।