ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਕੰਮਾਂ ’ਚ ਸਹਾਇਕ ਸਿੱਧ ਹੋ ਰਿਹੈ

ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਕੰਮਾਂ ’ਚ ਸਹਾਇਕ ਸਿੱਧ ਹੋ ਰਿਹੈ

21ਵੀਂ ਸਦੀ ਵਿਗਿਆਨ ਦੀ ਸਦੀ ਕਰ ਕੇ ਜਾਣੀ ਜਾਂਦੀ ਹੈ। ਇਸ ਸਮੇਂ ਵਿੱਚ ਹਰ ਤਕਨੀਕ ਦਾ ਬਹੁਤ ਵਿਕਾਸ ਹੋਇਆ ਹੈ। ਇਸੇ ਵਿਕਾਸ ਦਾ ਅਸਰ ਇੰਟਰਨੈੱਟ ਦੇ ਖੇਤਰ ਵਿੱਚ ਵੀ ਖੂਬ ਹੋਇਆ ਹੈ। ਅੱਜ ਇੰਟਰਨੈੱਟ ਦੀ ਵਰਤੋਂ ਕੰਪਿਊਟਰ ’ਤੇ ਹੀ ਨਹੀਂ ਸਗੋਂ ਮੋਬਾਈਲ ਫੋਨਾਂ ’ਤੇ ਵੀ ਉਪਲੱਬਧ ਹੈ। ਇਸ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ ਜਰੂਰਤ ਤੇ ਸਟੇਟਸ ਸਿੰਬਲ ਵਜੋਂ ਕੀਤੀ ਜਾਂਦੀ ਹੈ। ਲੋਕਾਂ ਵਿੱਚ ਆਪਸੀ ਸੰਪਰਕ ਵਧਾਉਣ ਲਈ ਕਈ ਵੈਬਸਾਈਟਾਂ ਦਾ ਨਿਰਮਾਣ ਕੀਤਾ ਗਿਆ ਹੈ,

ਜਿਨ੍ਹਾਂ ਨੂੰ ਸੋਸ਼ਲ ਸਾਈਟਸ ਆਖਿਆ ਜਾਂਦਾ ਹੈ, ਜਿਵੇਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਗੂਗਲ ਪਲੱਸ, ਲਾਈਨ ਅਤੇ ਵਾਇਬਰ ਆਦਿ। ਅਜਿਹੀਆਂ ਅਣਗਿਣਤ ਸਾਈਟਸ ਤੇ ਐਪਸ ਹਨ। ਇਨ੍ਹਾਂ ’ਤੇ ਕੋਈ ਵਿਅਕਤੀ ਆਪਣਾ ਖਾਤਾ ਖੋਲ੍ਹ ਕੇ ਉਸ ਨੂੰ ਵਰਤਣ ਵਾਲੇ ਹੋਰ ਲੋਕਾਂ ਨਾਲ ਸੰਪਰਕ ਬਣਾ ਸਕਦਾ ਹੈ ਤੇ ਇੱਕ-ਦੂਜੇ ਨਾਲ ਲਿਖਤੀ ਸੰਦੇਸ਼, ਤਸਵੀਰਾਂ ਤੇ ਵੀਡੀਓ-ਆਡੀਓ ਕਲਿਪਸ ਆਦਿ ਸ਼ੇਅਰ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਈ ਸੋਸ਼ਲ ਸਾਈਟਾਂ ’ਤੇ ਇੰਟਰਨੈੱਟ ਜਰੀਏ ਮੁਫਤ ਕਾਲ ਵੀ ਹੋ ਜਾਂਦੀ ਹੈ।

ਸੋਸ਼ਲ ਮੀਡੀਆ ਦਾ ਉਦੇਸ਼ ਜਾਣਕਾਰੀ ਦੇਣਾ, ਮਨੋਰੰਜਨ ਤੇ ਸਿੱਖਿਅਤ ਕਰਨਾ ਹੈ ਪਰ ਇੰਟਰਨੈੱਟ ਦੀ ਲੋੜ ਤੋਂ ਬਿਨਾਂ, ਲੋੜ ਤੋਂ ਜ਼ਿਆਦਾ ਅਤੇ ਗਲਤ ਵਰਤੋਂ ਸਾਡੇ ਲਈ ਮਾੜੀ ਸਾਬਤ ਹੁੰਦੀ ਹੈ ਅਤੇ ਸਾਡੇ ਨੌਜਵਾਨਾਂ ਵਿਚ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਦਾ ਰੁਝਾਨ ਸਿਖਰਾਂ ’ਤੇ ਹੈ। ਸਕੂਲਾਂ, ਕਾਲਜ ਤੇ ਜਨਤਕ ਥਾਵਾਂ ’ਤੇ ਲਗਭਗ 90 ਫੀਸਦੀ ਨੌਜਵਾਨ ਮੋਬਾਈਲ ’ਤੇ ਸੋਸ਼ਲ ਮੀਡੀਆ ਨਾਲ ਜੁੜੇ ਮਿਲਣਗੇ। ਇਸ ਨਾਲ ਸਭ ਤੋਂ ਅਹਿਮ ਤਾਂ ਉਨ੍ਹਾਂ ਦੇ ਅਣਮੁੱਲੇ ਸਮੇਂ ਦੀ ਬਰਬਾਦੀ ਹੁੰਦੀ ਹੈ।

ਪਿਛਲੇ ਦੋ ਦਹਾਕਿਆਂ ਤੋਂ ਕੰਪਿਊਟਰ ਦੀ ਆਦਤ ਦੇ ਰੋਗਾਂ ਦੀ ਚਰਚਾ ਸੀ ਪਰ ਹੁਣ ਸਮਾਰਟ ਫੋਨ ਨੇ ਸਾਡੇ ਰੋਜ਼ਾਨਾ ਜੀਵਨ ਵਿੱਚ ਅਜਿਹੀ ਘੁਸਪੈਠ ਕੀਤੀ ਹੈ ਜਿਸ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ। ਇਸ ਤਕਨੀਕੀ ਤਰੱਕੀ ਨੇ ਸਾਨੂੰ ਸੈਲਫੀ ਕਲਚਰ ਦਾ ਨਵਾਂ ਨਸ਼ਾ/ਵਿਗਾੜ ਦਿੱਤਾ ਹੈ। ਖਤਰਨਾਕ ਤਰੀਕਿਆਂ ਨਾਲ ਸੈਲਫੀ ਲੈਂਦੇ ਸਮੇਂ ਕਿੰਨੇ ਹੀ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਵਿਦਿਆਰਥੀ ਵਰਗ ’ਚ ਇਹ ਪ੍ਰਵਿਰਤੀ ਬਹੁਤ ਹੀ ਘਾਤਕ ਹੈ, ਕਿਉਂਕਿ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਮਾੜਾ ਅਸਰ ਪੈਂਦਾ ਹੈ।

ਅੱਜ ਦੁਨੀਆਂ ਵਿੱਚ ਕੋਈ ਘਟਨਾ ਜਾਂ ਦੁਰਘਟਨਾ ਵਾਪਰਨ ਦੇ ਨਾਲ ਹੀ ਇਸ ਦੀ ਖਬਰ ਸੋਸ਼ਲ ਮੀਡੀਆ ਰਾਹੀਂ ਅੱਗ ਵਾਂਗੂ ਫੈਲ ਜਾਂਦੀ ਹੈ। ਕਈ ਵਾਰੀ ਲੋਕਾਂ ਵਿੱਚ ਅਫਵਾਹ ਫੈਲਾਉਣ ਤੇ ਆਮ ਜਨਤਾ ਨੂੰ ਗੁੰਮਰਾਹ ਕਰਨ ਲਈ ਝੂਠੀਆਂ ਗੱਲਾਂ ਵੀ ਫੈਲਾਅ ਦਿੱਤੀਆਂ ਜਾਂਦੀਆਂ ਹਨ। ਸਾਈਬਰ ਅਪਰਾਧਾਂ ਵਿੱਚ ਬਹੁਤ ਵਾਧਾ ਹੋ ਗਿਆ ਹੈ,

ਜਿਨ੍ਹਾਂ ਦਾ ਸਮਾਜ ਉੱਪਰ ਮਾਰੂ ਅਸਰ ਪੈਂਦਾ ਹੈ। ਸੋਸ਼ਲ ਸਾਈਟਾਂ ਦਾ ਜ਼ਿਆਦਾ ਇਸਤੇਮਾਲ ਨਾ ਸਿਰਫ ਇਸ ਦਾ ਆਦੀ ਬਣਾ ਦਿੰਦਾ ਹੈ ਸਗੋਂ ਕਈ ਸਿਹਤ ਸਮੱਸਿਆਵਾਂ ਵੀ ਪੈਦਾ ਕਰਦਾ ਹੈ। ਦਿਮਾਗ ਅਤੇ ਕੰਨ ਦਾ ਟਿਊਮਰ ਹੋਣ ਦਾ ਖਦਸ਼ਾ, ਦਿਲ ਦੀ ਬਿਮਾਰੀ, ਬਲੱਡ ਪ੍ਰੈਸ਼ਰ, ਮਾਈਗ੍ਰੇਨ ਤੇ ਮੋਟਾਪੇ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮੋਟਾਪਾ ਅੱਗੇ ਸ਼ੂਗਰ ਦਾ ਕਾਰਨ ਬਣਦਾ ਹੈ। ਇਨ੍ਹਾਂ ਖਤਰਿਆਂ ਤੋਂ ਇਲਾਵਾ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਬੱਚੇ ਨਿੱਕੀ ਉਮਰ ਵਿੱਚ ਹੀ ਔਟੀਜਮ ਵਰਗੀ ਮਾਨਸਿਕ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨੇ ਰਿਸ਼ਤਿਆਂ ’ਚ ਆਪਸੀ ਮੇਲਜੋਲ ਤੇ ਪਿਆਰ ਨੂੰ ਵੀ ਭਾਰੀ ਢਾਅ ਲਾਈ ਹੈ। ਇੱਕੋ ਘਰ ਵਿੱਚ ਪਰਿਵਾਰਕ ਮੈਂਬਰ ਅਜ਼ਨਬੀਆਂ ਵਾਂਗ ਰਹਿੰਦੇ ਹਨ।

ਵੈਬਸਾਈਟ ਟਾਈਮਸ ਯੂਨੀਅਨ ਡਾਟ ਕਾਮ ’ਤੇ ਪ੍ਰਸਾਰਿਤ ਖੋਜ ’ਚ ਖੋਜੀਆਂ ਨੇ ਕਿਹਾ ਕਿ ਇਸ ਖੋਜ ’ਚ ਹਿੱਸਾ ਲੈਣ ਵਾਲੇ ਸੋਸ਼ਲ ਸਾਈਟਸ ਦੇ ਨਸ਼ੇ ਦੀ ਲਤ ਵਾਲੇ ਵਿਦਿਆਰਥੀ ਨੂੰ ਜਦੋਂ ਕੁਝ ਸਮੇਂ ਲਈ ਫੇਸਬੁੱਕ ਤੋਂ ਦੂਰ ਰੱਖਿਆ ਗਿਆ ਤਾਂ ਉਹ ਚਿੜਚਿੜੇਪਣ ਤੇ ਆਪਣੀਆਂ ਭਾਵਨਾਵਾਂ ’ਤੇ ਕੰਟਰੋਲ ਨਾ ਕਰ ਸਕਣ ਵਰਗੀ ਸਮੱਸਿਆ ਨਾਲ ਵੀ ਗ੍ਰਸਤ ਪਾਏ ਗਏ, ਜੋ ਨਸ਼ੀਲੇ ਪਦਾਰਥਾਂ ਦੇ ਸੇਵਨ ਨੂੰ ਵਧਾ ਸਕਦੇ ਹਨ।

ਅਖਬਾਰਾਂ ਵਿੱਚ ਅਜਿਹੀਆਂ ਖਬਰਾਂ ਲਗਭਗ ਰੋਜਾਨਾ ਪੜ੍ਹਨ ਨੂੰ ਮਿਲ ਜਾਂਦੀਆਂ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਨੌਜਵਾਨ ਆਪਣਾ ਮਾਇਕ, ਜਿਨਸੀ ਅਤੇ ਮਾਨਸਿਕ ਨੁਕਸਾਨ ਕਰਵਾ ਬੈਠਦੇ ਹਨ। ਇਨ੍ਹਾਂ ਵਿੱਚ ਕੁੜੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਇਸ ਲਈ ਕਿਸੇ ਨਾਲ ਵੀ ਸੰਪਰਕ ਕਰਨ ਤੋਂ ਪਹਿਲਾਂ ਉਸ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ। ਅਣਜਾਣ ਅਤੇ ਬੇ-ਭਰੋਸੇਯੋਗ ਵਿਅਕਤੀ ਨਾਲ ਨਿੱਜੀ ਜੀਵਨ ਵੇਰਵਾ, ਫੋਟੋਆਂ ਤੇ ਵੀਡੀਓ ਜਾਂ ਬੈਂਕ ਅਕਾਊਂਟ ਸਬੰਧੀ ਕੁਝ ਵੀ ਸਾਂਝਾ ਨਹੀਂ ਕਰਨਾ ਚਾਹੀਦਾ।

ਸੋਸ਼ਲ ਮੀਡੀਆ ਉੱਤੇ ਦੋਸਤੀ ਜਿੰਨੀ ਸਹਿਜ ਵਿਖਾਈ ਦਿੰਦੀ ਹੈ, ਅਸਲ ਵਿੱਚ ਹੁੰਦੀ ਨਹੀਂ। ਜਿਨ੍ਹਾਂ ਬਾਰੇ ਤੁਸੀ ਪਹਿਲਾਂ ਹੀ ਜਾਣਦੇ ਹੋ ਉਨ੍ਹਾਂ ਨਾਲ ਦੋਸਤੀ ਵਿੱਚ ਕੋਈ ਮੁਸ਼ਕਲ ਨਹੀਂ ਹੁੰਦੀ, ਪਰ ਕਿਸੇ ਦੋਸਤ ਦੇ ਦੋਸਤ ਨਾਲ ਦੋਸਤੀ ਦੀ ਲੜੀ ਦੇ ਅੱਗੇ ਵਧਣ ਦੇ ਨਾਲ-ਨਾਲ ਭਰੋਸਾ ਘੱਟ ਹੁੰਦਾ ਜਾਂਦਾ ਹੈ। ਕਈ ਵਾਰ ਤਾਂ ਜੋ ਚਿਹਰਾ ਨਜ਼ਰ ਆ ਰਿਹਾ ਹੁੰਦਾ ਹੈ, ਅਸਲ ਵਿੱਚ ਉਹ ਚਿਹਰਾ ਤੇ ਨਾਂਅ-ਪਤਾ ਸਭ ਨਕਲੀ ਹੁੰਦਾ ਹੈ। ਇਹ ਜਾਣਨਾ ਮੁਸ਼ਕਲ ਹੋ ਸਕਦਾ ਹੈ ਕਿ ਕੌਣ ਕਿਸ ਉਦੇਸ਼ ਨਾਲ ਦੋਸਤੀ ਦਾ ਹੱਥ ਵਧਾ ਰਿਹਾ ਹੈ।

ਸੋਸ਼ਲ ਮੀਡੀਆ ’ਤੇ ਦੋਸਤ ਬਣਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ। ਜੇ ਤੁਸੀਂ ਦੂਸਰਿਆਂ ਜਰੀਏ ਜਾਂ ਕਿਸੇ ਅਣਜਾਣ ਨਾਲ ਦੋਸਤੀ ਕਰਨ ਜਾ ਰਹੇ ਹੋ ਤਾਂ ਉਸ ਬਾਰੇ ਪਹਿਲਾਂ ਚੰਗੀ ਤਰ੍ਹਾਂ ਜਾਣ ਲੈਣਾ ਜਰੂਰੀ ਹੈ। ਇਸਦੇ ਬਾਅਦ ਹੀ ਕਿਸੇ ਤਰ੍ਹਾਂ ਦੀ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਚਾਹੀਦਾ ਹੈ। ਇਸ ਲਈ ਉਨ੍ਹਾਂ ਦੀ ਸੋਸ਼ਲ ਵਾਲ ਦੇਖੋ ਕਿ ਉਹ ਕਿਹੋ ਜਿਹੀਆਂ ਪੋਸਟਾਂ ਸ਼ੇਅਰ ਕਰਦੇ ਹਨ, ਉਨ੍ਹਾਂ ਦਾ ਬੈਕਗ੍ਰਾਊਂਡ ਕੀ ਹੈ, ਤੁਹਾਡੀ ਰੁਚੀ ਇੱਕ-ਦੂਸਰੇ ਨਾਲ ਮੇਲ ਖਾਂਦੀ ਹੈ ਜਾਂ ਨਹੀਂ। ਇਸ ਸਭ ਦੇ ਬਾਅਦ ਜੇ ਸਹੀ ਲੱਗੇ ਤਾਂ ਦੋਸਤੀ ਕਰੋ ਨਹੀਂ ਤਾਂ ਪਿੱਛੇ ਹਟ ਜਾਓ।

ਜੇ ਸੋਸ਼ਲ ਮੀਡੀਆ ਦੀ ਵਰਤੋਂ ਸਾਡੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ, ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਲਈ ਅਤੇ ਸਮਾਜਿਕ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਕੀਤੀ ਜਾਵੇ ਤਾਂ ਇਹ ਸਾਡੇ ਸਮਾਜ ਦੀ ਨੁਹਾਰ ਬਦਲ ਸਕਦਾ ਹੈ। ਜਰੂਰਤ ਇਸ ਗੱਲ ਦੀ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਸੁਚੱਜੇ ਤਰੀਕੇ ਨਾਲ ਕੀਤੀ ਜਾਵੇ। ਇਹ ਸਾਡੇ ਆਪਸੀ ਸੰਪਰਕ ਵਿੱਚ ਸੌਖ ਲਈ ਬਣਾਇਆ ਗਿਆ ਸੀ ਨਾ ਕਿ ਇੱਕ-ਦੂਜੇ ਦਾ ਨੁਕਸਾਨ ਕਰਨ ਲਈ।

ਇਸ ਲਈ ਸੋਸ਼ਲ ਮੀਡੀਆ ਦੀ ਵਰਤੋਂ ਤਾਂ ਕਰੋ ਪਰ ਪੂਰੀ ਚੌਕਸੀ ਤੇ ਸੰਜਮ ਨਾਲ। ਜਰੂਰੀ ਨਹੀਂ ਹੈ ਕਿ ਸੋਸ਼ਲ ਮੀਡੀਆ ਦੇ ਸਾਰੇ ਦੁਖਦਾਈ ਪੱਖ ਹੀ ਹਨ। ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਕੰਮਾਂ ਵਿੱਚ ਵੀ ਸਹਾਇਕ ਸਿੱਧ ਹੋ ਰਿਹਾ ਹੈ। ਆਪਣੀ ਗੱਲ ਸਮਾਜ ਵਿੱਚ ਪਹੁੰਚਾਉਣ ਦਾ ਇਹ ਇੱਕ ਉੱਤਮ ਜਰੀਆ ਹੈ, ਬਸ਼ਰਤੇ ਅਸੀਂ ਇਸਦੀ ਸਹੀ ਵਰਤੋਂ ਕਰੀਏ। ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਇਸ ਲਈ ਸਾਨੂੰ ਸਮਾਜ ਪ੍ਰਤੀ ਆਪਣੇ ਫਰਜਾਂ ਨੂੰ ਪਛਾਨਣ ਦੀ ਲੋੜ ਹੈ।
ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ, ਮਲੋਟ
ਵਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here