NIA Raids Punjab: ਐੱਨਆਈਏ ਵੱਲੋਂ ਅਰਸ਼ ਡੱਲਾ ਮਾਮਲੇ ’ਚ ਕੀਤੀ ਗਈ ਰੇਡ

NIA Raids Punjab
ਮਾਨਸਾ : ਐਨਆਈਏ ਦੀ ਰੇਡ ਵਾਲੇ ਘਰ ਦੇ ਬਾਹਰ ਤਾਇਨਾਤ ਪੁਲਿਸ।

ਐੱਨਆਈਏ ਵੱਲੋਂ ਬਠਿੰਡਾ-ਮਾਨਸਾ ’ਚ ਰੇਡ

NIA Raids Punjab: (ਸੁਖਜੀਤ ਮਾਨ) ਬਠਿੰਡਾ/ਮਾਨਸਾ। ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਦਿਨ ਚੜ੍ਹਦਿਆਂ ਹੀ ਰੇਡ ਕੀਤੀ ਗਈ। ਪਤਾ ਲੱਗਿਆ ਹੈ ਕਿ ਇਹ ਰੇਡ ਗੈਂਗਸਟਰ ਅਰਸ਼ ਡੱਲਾ ਦੇ ਕਥਿਤ ਨਜ਼ਦੀਕੀਆਂ ਦੇ ਘਰਾਂ ਵਿੱਚ ਕੀਤੀ ਗਈ ਹੈ। ਇਸ ਰੇਡ ਬਾਰੇ ਜਾਂਚ ਏਜੰਸੀ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਸਥਾਨਕ ਪੁਲਿਸ ਵੱਲੋਂ ਕੁਝ ਦੱਸਿਆ ਗਿਆ ਹੈ। ਏਜੰਸੀ ਵੱਲੋਂ ਬਠਿੰਡਾ ਜ਼ਿਲ੍ਹੇ ’ਚ ਮੌੜ ਮੰਡੀ ਅਤੇ ਮਾਨਸਾ ਵਿਖ਼ੇ ਰੇਡ ਕੀਤੀ ਗਈ।

ਇਹ ਵੀ ਪੜ੍ਹੋ: Priyanka Gandhi: ਪ੍ਰਿਅੰਕਾ ਗਾਂਧੀ ਨੂੰ ਮਿਲਣ ਪਹੁੰਚੇ ਸੰਸਦ ਮੈਂਬਰ ਔਜਲਾ

ਹਾਸਿਲ ਵੇਰਵਿਆਂ ਮੁਤਾਬਿਕ ਐੱਨਆਈਏ ਵੱਲੋਂ ਮਾਨਸਾ ਵਿਖੇ ਜ਼ੇਲ੍ਹ ਵਿੱਚ ਬੰਦ ਮਾਨਸਾ ਨਿਵਾਸੀ ਵਿਸ਼ਾਲ ਸਿੰਘ ਦੇ ਘਰ ਸਵੇਰ ਸਮੇਂ ਰੇਡ ਕੀਤੀ ਗਈ ਜੋ ਕਰੀਬ ਪੰਜ ਘੰਟਿਆਂ ਤੱਕ ਜਾਰੀ ਰਹੀ। ਜਾਂਚ ਟੀਮ ਵੱਲੋਂ ਇਸ ਬਾਰੇ ਵਿੱਚ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ । ਟੀਮ ਵੱਲੋਂ ਰੇਡ ਕਰਕੇ ਜਾਣ ਵੇਲੇ ਵਿਸ਼ਾਲ ਸਿੰਘ ਦੇ ਪਿਤਾ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲਿਆ ਗਿਆ ਹੈ।ਵਿਸ਼ਾਲ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਜਾਂਚ ਟੀਮ ਸਵੇਰੇ ਕਰੀਬ ਸਾਢੇ ਪੰਜ ਵਜੇ ਘਰ ਆਈ ਤੇ ਉਸਦੇ ਲੜਕੇ ਵਿਸ਼ਾਲ ਸਿੰਘ ਬਾਰੇ ਪੁੱਛਣ ਲੱਗੀ।

ਟੀਮ ਵੱਲੋਂ ਘਰ ਵਿੱਚ ਸਮਾਨ ਦੀ ਤਲਾਸ਼ੀ ਲਈ ਗਈ ਪਰ ਕੁੱਝ ਵੀ ਬਰਾਮਦ ਨਹੀਂ ਹੋਇਆ। ਉਹਨਾਂ ਦੱਸਿਆ ਕਿ ਟੀਮ ਵੱਲੋਂ ਕੁੱਝ ਵੀ ਪ੍ਰਾਪਤ ਕਰਨ ਲਈ ਤਲਾਸ਼ੀ ਲਈ ਗਈ ਸੀ ਜਿਵੇਂ ਵਿਸ਼ਾਲ ਸਿੰਘ ਦੇ ਵਿਦੇਸ਼ ਜਾਣ ਦਾ ਕੋਈ ਦਸਤਾਵੇਜ਼ ਬਗੈਰਾ। ਵਿਸ਼ਾਲ ਸਿੰਘ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਖਿਲਾਫ ਲੜਾਈ ਝਗੜੇ ਦੇ ਦੋ ਮਾਮਲੇ ਦਰਜ ਹਨ। ਟੀਮ ਨੂੰ ਘਰ ਵਿੱਚੋਂ ਕੁੱਝ ਨਹੀਂ ਮਿਲਿਆ ਪਰ ਉਹ ਜਾਣ ਸਮੇਂ ਮੋਬਾਈਲ ਫੋਨ ਆਪਣੇ ਕਬਜ਼ੇ ਵਿੱਚ ਲੈ ਕੇ ਚਲੇ ਗਏ। ਮੌੜ ਮੰਡੀ ’ਚ ਕੀਤੀ ਗਈ ਰੇਡ ਬਾਰੇ ਕੋਈ ਵੇਰਵੇ ਨਹੀਂ ਮਿਲ ਸਕੇ।