Punjab Weather: ਪੰਜਾਬ ਭਰ ’ਚ ਭਾਰੀ ਮੀਂਹ, ਹੜ੍ਹਾਂ ਨਾਲ ਹਾਹਾਕਾਰ
- ਕਈ ਜ਼ਿਲ੍ਹਿਆਂ ਦੇ ਵਿਗੜ ਰਹੇ ਹਨ ਹਾਲਾਤ, ਪਿੰਡਾਂ ’ਚ ਵਧ ਰਿਹੈ ਪਾਣੀ ਦਾ ਪੱਧਰ | Punjab Weather
- ਪਠਾਨਕੋਟ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਸਕੂਲ ਰਹਿਣਗੇ ਬੰਦ
Punjab Weather: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਸੋਮਵਾਰ ਨੂੰ ਤੇਜ਼ ਮੀਂਹ ਨੇ ਇੱਕ ਵਾਰ ਫਿਰ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਜਿੱਥੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਕਈ-ਕਈ ਫੁੱਟ ਤੱਕ ਪਾਣੀ ਖੜ੍ਹ ਗਿਆ, ਉਥੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਹੜ੍ਹਾਂ ਦੀ ਮਾਰ ਪਹਿਲਾਂ ਤੋਂ ਝੱਲ ਰਹੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹੜ੍ਹ ਦੀ ਮਾਰ ਝੱਲ ਰਹੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਇੱਕ ਫੁੱਟ ਤੱਕ ਹੋਰ ਵਧ ਗਿਆ ਹੈ ਅਤੇ ਉਨ੍ਹਾਂ ਨੂੰ ਜ਼ਰੂਰਤ ਦਾ ਜ਼ਰੂਰੀ ਸਮਾਨ ਵੀ ਮਿਲਣਾ ਮੁਸ਼ਕਲ ਹੋ ਗਿਆ ਹੈ। ਇਥੇ ਹੀ ਮਾਨਸੂਨ ਵਿਭਾਗ ਨੇ ਅਗਲੇ 72 ਘੰਟੇ ਕਾਫ਼ੀ ਜ਼ਿਆਦਾ ਖ਼ਤਰਨਾਕ ਦੱਸਦੇ ਹੋਏ ਕਾਫ਼ੀ ਜ਼ਿਆਦਾ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ ਕਰ ਦਿੱਤੀ ਹੈ।
Read Also : ਰਣਜੀਤ ਸਾਗਰ ਡੈਮ ਦੇ ਸੱਤ ਫਲੱਡ ਗੇਟ ਖੋਲ੍ਹੇ, ਹੜ੍ਹਾਂ ਦੀ ਸਥਿਤੀ ਹੋ ਸਕਦੀ ਹੈ ਹੋਰ ਗੰਭੀਰ
ਸੋਮਵਾਰ ਨੂੰ ਤੇਜ਼ ਮੀਂਹ ਕਰਕੇ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਜਲੰਧਰ ਅਤੇ ਰੋਪੜ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜ ਪਹਿਲਾਂ ਨਾਲੋਂ ਤੇਜ਼ ਕਰ ਦਿੱਤੇ ਗਏ ਹਨ। ਜਿਹੜੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਹੈ ਤਾਂ ਉਨ੍ਹਾਂ ਪਿੰਡਾਂ ਵਿੱਚ ਰੋਟੀ ਅਤੇ ਦਵਾਈ ਦੀ ਸਪਲਾਈ ਪਹਿਲਾਂ ਨਾਲੋਂ ਵਧਾ ਦਿੱਤੀ ਗਈ ਹੈ ਅਤੇ ਖਤਰੇ ਵਾਲੇ ਪਿੰਡਾਂ ਵਿੱਚੋਂ ਆਮ ਲੋਕਾਂ ਨੂੰ ਕੱਢਦੇ ਹੋਏ ਰਾਹਤ ਕੈਂਪਾਂ ਵਿੱਚ ਸ਼ਿਫ਼ਟ ਕੀਤਾ ਜਾ ਰਿਹਾ ਹੈ।
ਪਠਾਨਕੋਟ ਜ਼ਿਲ੍ਹੇ ਵਿੱਚ ਮਾੜੇ ਹਾਲਾਤ ਨੂੰ ਦੇਖਦੇ ਹੋਏ ਸੋਮਵਾਰ ਨੂੰ ਜ਼ਿਲੇ੍ਹ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ। ਫਾਜ਼ਿਲਕਾ ਦੇ 20 ਪਿੰਡਾਂ ’ਚ ਵੀ ਸਕੂਲਾਂ ਨੂੰ ਤਿੰਨ ਦਿਨ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਸਭ ਤੋਂ ਵੱਧ ਮੀਂਹ ਜ਼ਿਲ੍ਹਾ ਸੰਗਰੂਰ ’ਚ 124 ਐੱਮਐੱਮ ਪਿਆ।