PGI News: ਪੀਜੀਆਈ ਦੀ ਓਪੀਡੀ ’ਚ ਆਉਣ ਵਾਲੇ ਮਰੀਜ਼ਾਂ ਲਈ ਟੈਸਟਿੰਗ ਸਹੂਲਤਾਂ ਦੇ ਵਿਸਥਾਰ ’ਤੇ ਮਹੀਨਿਆਂ ਤੋਂ ਚੱਲ ਰਹੀਆਂ ਚਰਚਾਵਾਂ ਹੁਣ ਫ਼ੈਸਲਾਕੁੰਨ ਪੜਾਅ ’ਤੇ ਪਹੁੰਚ ਰਹੀਆਂ ਹਨ। ਇਸ ਮਹੀਨੇ ਹੋਣ ਵਾਲੀ ਐੱਸ. ਐੱਫ. ਸੀ. (ਸਥਾਈ ਵਿੱਤ ਕਮੇਟੀ) ਦੀ ਮੀਟਿੰਗ ’ਚ ਤੈਅ ਕੀਤਾ ਜਾਵੇਗਾ ਕਿ ਟੈਸਟਿੰਗ ਸਹੂਲਤ 24 ਘੰਟੇ ਚੱਲੇਗੀ ਜਾਂ ਫਿਰ ਸ਼ਾਮ 7-8 ਵਜੇ ਤੱਕ ਵਧਾਈ ਜਾਵੇਗੀ।
ਇਹ ਫ਼ੈਸਲਾ ਲੱਖਾਂ ਮਰੀਜ਼ਾਂ ਲਈ ਰਾਹਤ ਦਾ ਕਾਰਨ ਬਣ ਸਕਦਾ ਹੈ। ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ, ਜੋ ਦੂਰ-ਦੁਰਾਡੇ ਇਲਾਕਿਆਂ ਤੋਂ ਸਵੇਰੇ-ਸਵੇਰੇ ਓ. ਪੀ. ਡੀ. ਪਹੁੰਚਦੇ ਹਨ ਅਤੇ ਡਾਕਟਰ ਕੋਲ ਦਿਖਾਉਣ ਅਤੇ ਫ਼ੀਸ ਜਮ੍ਹਾਂ ਕਰਾਉਣ ਦੌਰਾਨ ਬਲੱਡ ਕੁਲੈਕਸ਼ਨ ਸੈਂਟਰ ਬੰਦ ਹੋ ਜਾਂਦੇ ਹਨ। ਅਜਿਹੇ ਮਰੀਜ਼ਾਂ ਨੂੰ ਅਗਲੇ ਦਿਨ ਦੁਬਾਰਾ ਟੈਸਟ ਲਈ ਪੀ. ਜੀ. ਆਈ. ਆਉਣਾ ਪੈਂਦਾ ਹੈ, ਜਿਸ ਨਾਲ ਸਮਾਂ, ਪੈਸਾ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Read Also : ਪਾਵਰਕੌਮ ਦੀ 90 ਏਕੜ ਜ਼ਮੀਨ ਪੁੱਡਾ ਹਵਾਲੇ ਕਰਨ ਲਈ ਸਰਕਾਰ ਵੱਲੋਂ ਕਾਰਵਾਈ ਤੇਜ਼
ਡਿਪਟੀ ਡਾਇਰੈਕਟਰ ਪੰਕਜ ਰਾਏ ਦਾ ਕਹਿਣਾ ਹੈ ਕਿ ਹਾਲੇ ਐੱਸ. ਐੱਫ. ਸੀ. ਦੀ ਤਾਰੀਖ਼ ਤੈਅ ਨਹੀਂ ਹੋਈ ਹੈ, ਪਰ ਮੀਟਿੰਗ ’ਚ ਇਸ ’ਤੇ ਗੱਲ ਕੀਤੀ ਜਾਵੇਗੀ। ਹਾਲੇ ਤੱਕ ਯੋਜਨਾ ਸੀ ਕਿ ਟੈਸਟਿੰਗ ਨੂੰ 24 ਘੰਟੇ ਕੀਤਾ ਜਾਵੇਗਾ ਪਰ ਕੁੱਝ ਫੈਕਲਟੀ ਨੇ ਸੁਝਾਅ ਦਿੱਤਾ ਹੈ ਕਿ 24 ਘੰਟਿਆਂ ਦੀ ਬਜਾਏ ਟੈਸਟਿੰਗ ਸ਼ਾਮ 7 ਜਾਂ 8 ਵਜੇ ਤੱਕ ਕੀਤੀ ਜਾਵੇ। ਜ਼ਿਆਦਾਤਰ ਓ. ਪੀ. ਡੀ. ਸ਼ਾਮ 4 ਜਾਂ 5 ਵਜੇ ਬੰਦ ਹੋ ਜਾਂਦੀਆਂ ਹਨ। ਇਸ ਲਈ ਓ. ਪੀ. ਡੀ. ਦੇ ਬਾਅਦ ਜੇਕਰ ਟੈਸਟਿੰਗ 7 ਵਜੇ ਤੱਕ ਵੀ ਜਾਰੀ ਰਹੇ ਤਾਂ ਮਰੀਜ਼ਾਂ ਨੂੰ ਫ਼ਾਇਦਾ ਹੋਵੇਗਾ। ਐਮਰਜੈਂਸੀ ’ਚ 24 ਘੰਟੇ ਟੈਸਟਿੰਗ ਜਾਰੀ ਹੈ। ਮੀਟਿੰਗ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਟੈਸਟਿੰਗ 24 ਘੰਟੇ ਹੋਵੇਗੀ ਜਾਂ ਇੱਕ ਸੀਮਤ ਸਮੇਂ ਤੱਕ। PGI News
ਓ. ਪੀ. ਡੀ. ’ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਪਿਛਲੇ ਕੁੱਝ ਸਾਲਾਂ ’ਚ ਕਾਫ਼ੀ ਵਾਧਾ ਹੋਇਆ ਹੈ। ਸਵੇਰੇ ਲਾਈਨ ’ਚ ਲੱਗ ਕੇ ਮਰੀਜ਼ ਡਾਕਟਰ ਕੋਲ ਪਹੁੰਚਦਾ ਹੈ। ਉੱਥੇ ਚੈੱਕਅੱਪ ਦੇ ਬਾਅਦ ਡਾਕਟਰ ਮਰੀਜ਼ ਨੂੰ ਟੈਸਟ ਲਿਖਦਾ ਹੈ। ਫੀਸ ਜਮ੍ਹਾਂ ਕਰਨ ਤੋਂ ਬਾਅਦ ਜਦੋਂ ਤੱਕ ਮਰੀਜ਼ ਟੈਸਟ ਲਈ ਜਾਂਦਾ ਹੈ, ਬਲੱਡ ਕੁਲੈਕਸ਼ਨ ਸੈਂਟਰ ਬੰਦ ਹੋ ਜਾਂਦਾ ਹੈ।
PGI News
ਪੀਜੀਆਈ ’ਚ ਆਉਣ ਵਾਲੇ ਮਰੀਜ਼ਾਂ ਦਾ ਇਕ ਵੱਡਾ ਹਿੱਸਾ ਦੂਰ-ਦੁਰਾਡੇ ਹਿੱਸਿਆਂ ਤੋਂ ਆਉਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਅਗਲੇ ਦਿਨ ਟੈਸਟਾਂ ਲਈ ਆਉਣਾ ਪੈਂਦਾ ਹੈ ਜਾਂ ਫਿਰ ਪੀ. ਜੀ. ਆਈ. ’ਚ ਰਹਿਣਾ ਪੈਂਦਾ ਹੈ। ਇਸ ਲਈ ਇਹ ਨਵੀਂ ਸਹੂਲਤ ਮਰੀਜ਼ਾਂ ਦਾ ਸਮਾਂ ਬਚਾਉਣ ’ਚ ਵੱਡਾ ਕੰਮ ਕਰੇਗੀ। ਪੀ. ਜੀ. ਆਈ. ਦੇ ਡਾਕਟਰ ਕੁੱਝ ਟੈਸਟ ਸੰਸਥਾਨ ’ਚ ਹੀ ਕਰਵਾਉਣ ’ਤੇ ਜ਼ੋਰ ਦਿੰਦੇ ਹਨ। ਅਜਿਹੇ ’ਚ ਜੇਕਰ ਕੋਈ ਮਰੀਜ਼ ਬਾਹਰ ਤੋਂ ਟੈਸਟ ਕਰਵਾਉਣਾ ਵੀ ਚਾਹੁੰਦਾ ਹੈ ਤਾਂ ਉਹ ਕਰਵਾ ਨਹੀਂ ਪਾਉਂਦਾ।
ਨਿਊ ਓ. ਪੀ. ਡੀ. ’ਚ ਮੌਜੂਦ ਬਲੱਡ ਕੁਲੈਕਸ਼ਨ ਸੈਂਟਰ ਸਵੇਰੇ 8 ਵਜੇ ਤੋਂ 11 ਵਜੇ ਤੱਕ ਸੈਂਪਲ ਲੈਂਦਾ ਹੈ। ਜੇਕਰ ਮਰੀਜ਼ ਜ਼ਿਆਦਾ ਹੋਣ ਤਾਂ ਸੈਂਟਰ ਕਈ ਵਾਰ 12 ਵਜੇ ਤੱਕ ਵੀ ਖੁੱਲ੍ਹਾ ਰਹਿੰਦਾ ਹੈ। ਓ. ਪੀ. ਡੀ. ’ਚ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੱਕ ਦੇ ਆਸ-ਪਾਸ ਰਹਿੰਦੀ ਹੈ। ਜਿਨ੍ਹਾਂ ਮਰੀਜ਼ਾਂ ਦਾ ਨੰਬਰ ਸਵੇਰੇ ਆ ਜਾਂਦਾ ਹੈ, ਉਹ ਤਾਂ ਸੈਂਪਲ ਸਮੇਂ ਸਿਰ ਦੇ ਦਿੰਦੇ ਹਨ ਪਰ ਕਈ ਵਿਭਾਗਾਂ ਦੀ ਓ. ਪੀ. ਡੀ. ਸ਼ਾਮ 4 ਜਾਂ 5 ਵਜੇ ਤੱਕ ਚੱਲਦੀ ਹੈ, ਜਿਸ ਕਾਰਨ ਉਹ ਮਰੀਜ਼ ਨਾ ਤਾਂ ਟੈਸਟ ਦੀ ਫ਼ੀਸ ਅਤੇ ਨਾ ਹੀ ਸੈਂਪਲ ਦੇ ਪਾਉਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਅਗਲੇ ਦਿਨ ਫ਼ੀਸ ਦੇਣ ਤੋਂ ਬਾਅਦ ਹੀ ਸੈਂਪਲ ਦੇਣਾ ਪੈਂਦਾ ਹੈ।
ਕੁਝ ਟੈਸਟਾਂ ਦੀਆਂ ਰਿਪੋਰਟਾਂ ਆਉਣ ’ਚ ਲੱਗਦੇ ਹਨ 5 ਤੋਂ 7 ਦਿਨ
ਰੋਜ਼ਾਨਾ ਦੇ ਟੈਸਟਾਂ ’ਚ ਬਾਇਓਕੈਮਿਸਟਰੀ, ਹੇਮੇਟੋਲੋਜੀ, ਰੇਡੀਓਲੋਜੀ ਸਮੇਤ ਖੂਨ ਦੇ ਹੋਰ ਟੈਸਟ ਸ਼ਾਮਲ ਰਹਿੰਦੇ ਹਨ, ਜਿਨ੍ਹਾਂ ਦੀ ਰਿਪੋਰਟ ਇਕ ਦਿਨ ’ਚ ਮਿਲ ਜਾਂਦੀ ਹੈ, ਜੋ ਕਿ ਆਨਲਾਈਨ ਵੀ ਪੀ. ਜੀ. ਆਈ. ਦੇ ਰਿਹਾ ਹੈ। ਇਸ ਤੋਂ ਇਲਾਵਾ ਇਮਯੂਨੋਲੋਜੀ ਵਿਭਾਗ ਦੇ ਟੈਸਟ, ਕੈਂਸਰ ਮਾਰਕਰ ਦੇ ਟੈਸਟ ਅਤੇ ਬਾਇਓਪਸੀ ਟੈਸਟਾਂ ਦੀਆਂ ਰਿਪੋਰਟਾਂ ਆਉਣ ’ਚ 5 ਤੋਂ 7 ਦਿਨ ਲੱਗ ਜਾਂਦੇ ਹਨ। ਪੀ. ਜੀ. ਆਈ. ਦੇ ਡਾਇਰੈਕਟਰ ਕਈ ਮੌਕਿਆਂ ’ਤੇ ਕਹਿੰਦੇ ਆਏ ਹਨ ਕਿ ਉਨ੍ਹਾਂ ਦਾ ਫੋਕਸ ਵੱਧ ਤੋਂ ਵੱਧ ਪੇਸ਼ੈਂਟ ਫਰੈਂਡਲੀ ਸੁਵਿਧਾਵਾਂ ਵਧਾਉਣ ’ਤੇ ਹੈ, ਤਾਂ ਜੋ ਮਰੀਜ਼ਾਂ ਨੂੰ ਲਾਭ ਹੋਵੇ ਅਤੇ ਹਸਪਤਾਲ ’ਚ ਭੀੜ ਘੱਟ ਹੋਵੇ।
ਇਸ ਲਈ ਕਿਸੇ ਨਿੱਜੀ ਕੰਪਨੀ ਨੂੰ ਇਹ ਸੇਵਾ ਸੌਂਪੀ ਜਾ ਸਕਦੀ ਹੈ ਅਤੇ ਕੰਪਨੀ ਦੇ ਰੇਟ ਪੀ. ਜੀ. ਆਈ. ਦੀਆਂ ਦਰਾਂ ’ਤੇ ਹੀ ਤੈਅ ਹੋਣਗੇ। ਇਸ ਤੋਂ ਇਲਾਵਾ ਕੈਂਪਸ ’ਚ ਹੀ ਟੈਸਟਿੰਗ ਯੂਨਿਟ ਸਥਾਪਿਤ ਹੋਵੇਗੀ। ਜੇਕਰ ਇਹ ਵਿਵਸਥਾ ਲਾਗੂ ਹੁੰਦੀ ਹੈ ਤਾਂ ਮਰੀਜ਼ 5 ਵਜੇ ਛੁੱਟੀ ਦੇ ਬਾਅਦ ਵੀ ਟੈਸਟ ਕਰਵਾ ਸਕਣਗੇ ਅਤੇ ਘਰ ਵਾਪਸ ਚਲੇ ਜਾਣਗੇ। ਉਨ੍ਹਾਂ ਦੀ ਵਾਰ-ਵਾਰ ਪੀ. ਜੀ. ਆਈ.ਜਾਣ ਦੀ ਪਰੇਸ਼ਾਨੀ ਖ਼ਤਮ ਹੋ ਸਕਦੀ ਹੈ।














