ਵਾਟਰ ਸਪਲਾਈ ਅਤੇ ਸੀਵਰੇਜ ਦੇ ਪਾਣੀ ਦੀ ਲੀਕੇਜ ਕਾਰਨ ਅੱਧੀ ਦਰਜਨ ਮਕਾਨਾਂ ’ਤੇ ਆਈਆਂ ਤਰੇੜਾਂ
ਮਲੇਰਕੋਟਲਾ, (ਗੁਰਤੇਜ ਜੋਸ਼ੀ) । ਰਿਆਸਤੀ ਨਵਾਬੀ ਸ਼ਹਿਰ ਅਖਵਾਉਣ ਵਾਲਾ ਮਾਲੇਰਕੋਟਲਾ ਵਿਕਾਸ ਪੱਖੋਂ ਆਪਣੀ ਹੋਂਦ ਨੂੰ ਗੁਆਉਂਦਾ ਨਜ਼ਰ ਆ ਰਿਹਾ ਹੈ ਭਾਵਂੇ ਮਾਲੇਰਕੋਟਲਾ ਨੂੰ ਸਰਕਾਰ ਵੱਲੋਂ ਜਿਲ੍ਹੇ ਦਾ ਦਰਜਾ ਦਿੱਤਾ ਗਿਆ ਹੈ ਪਰ ਸ਼ਹਿਰ ਅੰਦਰ ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਨਗਰ ਕੌਂਸਲ ਉੱਪਰ ਹੀ ਸਵਾਲ ਖੜ੍ਹੇ ਕਰ ਰਹੇ ਹਨ, ਕਿਉਂਕਿ ਵਾਰਡ ਨੰਬਰ 18 ਵਿੱਚ ਇੱਕ ਦਰਜਨ ਦੇ ਕਰੀਬ ਪੱਕੇ ਮਕਾਨਾਂ ਨੂੰ ਵੱਡੀ ਪੱਧਰ ’ਤੇ ਤਰੇੜਾਂ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਵਿਕਾਸ ਕਾਰਜਾਂ ਦੀ ਲੜੀ ਤਹਿਤ ਮੁਹੱਲਾ ਮੋਦੀਆਂ ਵਾਰਡ ਨੰਬਰ 18 ਵਿਖੇ ਜਨਵਰੀ ਮਹੀਨੇ ’ਚ ਇੰਟਰਲਾਕ ਟਾਇਲਾ ਦਾ ਫਰਸ਼ ਪਾਇਆ ਗਿਆ ਸੀ, ਇਸ ਦੇ ਨਾਲ ਹੀ ਨਗਰ ਕੌਂਸਲ ਵੱਲੋਂ ਨਾਲੀਆਂ ਨੂੰ ਅੰਡਰ ਗਰਾਊਂਡ ਕਰਦਿਆਂ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਪਾਇਪਾਂ ਨੂੰ ਵੀ ਅੰਡਰ ਗਰਾਊਂਡ ਕੀਤਾ ਗਿਆ ਸੀ ਜਿਵੇਂ ਹੀ ਜਨਵਰੀ ਮਹੀਨੇ ’ਚ ਨਵੀਆਂ ਇੰਟਰਲਾਕ ਟਾਇਲਾਂ ਦਾ ਫਰਸ਼ ਪਾਇਆ ਗਿਆ ਤਾਂ ਉਕਤ ਮੁਹੱਲੇ ’ਚ ਮੌਜੂਦ ਤਕਰੀਬਨ ਅੱਧੀ ਦਰਜ਼ਨ ਦੇ ਘਰਾਂ ’ਚ ਸਲ੍ਹਾਬ ਆਉਣ ਲੱਗੀ
ਜਿਸ ਕਾਰਨ ਹੁਣ ਘਰਾਂ ’ਚ ਤਰੇੜਾਂ ਵੀ ਆ ਗਈਆਂ ਹਨ ਅਤੇ ਕੁਝ ਮੁਹੱਲਾ ਵਾਸੀ ਘਰ ਛੱਡਣ ਲਈ ਅਤੇ ਕੁਝ ਉਸੇ ਤਰੇੜਾਂ ਵਾਲੇ ਮਕਾਨਾਂ ’ਚ ਰਹਿਣ ਲਈ ਮਜ਼ਬੂਰ ਹਨ। ਇਸ ਸਬੰਧੀ ਮਕਾਨ ਮਾਲਕ ਅਜ਼ਾਦਾਰ ਹੁਸੈਨ, ਗੁਲਾਮਦੀਨ, ਤੋਹੀਦ, ਲਸੀਮ ਫਾਇਮਾ ਅਤੇ ਮੁਹੰਮਦ ਸ਼ਮਸ਼ਾਦ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਤੋਂ ਮੁਹੱਲੇ ’ਚ ਨਵੀਆਂ ਇੰਟਰਲਾਕ ਟਾਇਲਾਂ ਅਤੇ ਅੰਡਰਗਰਾਊਂਡ ਪਾਇਪਾਂ ਪਈਆਂ ਹਨ ਉਦੋਂ ਤੋਂ ਹੀ ਮਕਾਨਾਂ ’ਤੇ ਸਲ੍ਹਾਬ ਆਉਣ ਕਾਰਨ ਤਰੇੜਾਂ ਆ ਰਹੀਆਂ ਹਨ ਅਤੇ ਮਕਾਨਾਂ ਦੀ ਹਾਲਤ ਖ਼ਸਤਾ ਹੋ ਗਈ ਹੈ ਉਨ੍ਹਾਂ ਅੱਗੇ ਦੱਸਿਆ ਕਿ ਸਮੂਹ ਮਕਾਨ ਮਾਲਕਾਂ ਵੱਲੋਂ ਇਸ ਸਬੰਧੀ ਇੱਕ ਮੰਗ ਪੱਤਰ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਨੂੰ ਇੱਕ ਹਫ਼ਤਾ ਪਹਿਲਾਂ ਸੌਂਪਿਆ ਗਿਆ ਸੀ
ਜਿਸ ਸਬੰਧ ’ਚ ਉਨ੍ਹਾਂ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਪ੍ਰੰਤੂ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਅੱਧੀ ਦਰਜਨ ਮਕਾਨ ਨੁਕਸਾਨੇ ਜਾਣ ਦੇ ਬਾਵਜੂਦ ਨਗਰ ਕੌਂਸਲ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਮਕਾਨ ਮਾਲਕ ਜਿਨ੍ਹਾਂ ਵੱਲੋਂ ਆਪਣੇ ਮਿਹਨਤ ਦੀ ਪੂੰਜੀ ਨਾਲ ਆਪਣੇ ਮਕਾਨ ਬਣਾਏ ਗਏ ਹਨ, ਢਹਿ ਢੇਰੀ ਹੁੰਦੇ ਦੇਖ ਰਹੇ ਹਨ।
ਮੁਹੱਲਾ ਨਿਵਾਸੀਆਂ ਅਨੁਸਾਰ ਤਕਰੀਬਨ ਅੱਧੀ ਦਰਜਨ ਦੇ ਕਰੀਬ ਮਕਾਨ ਨੁਕਸਾਨੇ ਜਾਣ ਤੋਂ ਬਾਅਦ ਵੀ ਜ਼ਿਲ੍ਹਾ ਮਾਲੇਰਕੋਟਲਾ ਦਾ ਕੋਈ
ਵੱਡਾ ਅਫ਼ਸਰ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪੁੱਜਾ, ਜਾਪਦਾ ਹੈ ਕਿ ਜ਼ਿਲ੍ਹਾ ਪ੍ਰਸਾਸ਼ਨ ਕੋਈ ਵੱਡਾ ਦੁਖਾਂਤ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਵਾਰਡ ਨੰਬਰ 18 ਦੇ ਮੁਹੱਲਾ ਨਿਵਾਸੀਆਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੀ ਅਣਗਹਿਲੀ ਕਾਰਨ ਸਾਡੇ ਮਕਾਨ ਨੁਕਸਾਨੇ ਗਏ ਹਨ, ਉਨ੍ਹਾਂ ਮੰਗ ਕੀਤੀ ਕਿ ਸਾਨੂੰ ਪ੍ਰਸਾਸ਼ਨ ਵੱਲੋਂ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣੇ ਮਕਾਨਾਂ ਦੀ ਰਿਪੇਅਰ ਕਰਵਾ ਕੇ ਇਸ ’ਚ ਸੁਰੱਖਿਅਤ ਰਹਿ ਸਕੀਏ। ਇਸ ਸਬੰਧੀ ਜੇ. ਈ. ਚਰਨ ਸਿੰਘ ਬੱਗਾ ਦਾ ਕਹਿਣਾ ਹੈ ਕਿ ਉਕਤ ਮੁਹੱਲੇ ’ਚ ਪਾਇਪਾਂ ਨੂੰ ਚੈੱਕ ਕਰਨ ਦਾ ਕੰਮ ਚੱਲ ਰਿਹਾ ਹੈ, ਬਰਸਾਤਾਂ ਦਾ ਮੌਸਮ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਿਲ ਆ ਰਹੀ ਹੈ, ਆਉਂਦੇ ਇੱਕ ਹਫ਼ਤੇ ਤੱਕ ਮੁਕੰਮਲ ਚੈਕਿੰਗ ਕਰਕੇ ਠੋਸ ਹੱਲ ਕੀਤੇ ਜਾਣਗੇ।
ਗੰਭੀਰਤਾ ਨਾਲ ਲਿਆ ਜਾਵੇ ਮਾਮਲਾ : ਪ੍ਰਧਾਨ ਨਗਰ ਕੌਂਸਲ
ਜਦੋਂ ਇਸ ਮਾਮਲੇ ਸਬੰਧੀ ਨਗਰ ਕੌਂਸਲ ਦੀ ਪ੍ਰਧਾਨ ਨਸਰੀਨ ਅਸ਼ਰਫ ਅਬਦੁੱਲਾ ਨੂੰ ਉਕਤ ਮਾਮਲੇ ਸਬੰਧੀ ਜਾਣੂ ਕਰਵਾਇਆ ਤਾਂ ਉਨ੍ਹਾਂ ਜੇ.ਈ. ਚਰਨ ਸਿੰਘ ਬੱਗਾ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਇਪਾਂ
ਦੀ ਚੈਕਿੰਗ ਕੀਤੀ ਜਾਵੇ ਤੇ ਛੇਤੀ ਸਮੱਸਿਆ ਹੱਲ ਕੀਤੀ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ