Amloh New Sports Grounds: ਅਮਲੋਹ ਹਲਕੇ ਦੇ 33 ਪਿੰਡਾਂ ’ਚ ਬਣਨਗੇ ਨਵੇਂ ਅਤਿ ਆਧੁਨਿਕ ਖੇਡ ਮੈਦਾਨ : ਗੁਰਿੰਦਰ ਸਿੰਘ ਗੈਰੀ ਬੜਿੰਗ

Amloh New Sports Grounds
ਅਮਲੋਹ : ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ। ਤਸਵੀਰ: ਅਨਿਲ ਲੁਟਾਵਾ

ਅਗਲੇ ਮਹੀਨੇ ਖੁੱਲ੍ਹਣਗੇ ਟੈਂਡਰ, ਪਿੰਡਾਂ ’ਚ ਖੇਡ ਸਭਿਆਚਾਰ ਨੂੰ ਵਧੇਰੇ ਪ੍ਰਫੁਲਿਤ ਕਰਨ ’ਚ ਸਹਾਇਕ ਸਾਬਤ ਹੋਣਗੇ ਖੇਡ ਮੈਦਾਨ

Amloh New Sports Grounds: (ਅਨਿਲ ਲੁਟਾਵਾ) ਅਮਲੋਹ। ਵਿਧਾਨ ਸਭਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਵਿੱਚ 13 ਹਜ਼ਾਰ ਨਵੇਂ ਅਤਿ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਜਿਸ ਦੇ ਪਹਿਲੇ ਪੜਾਅ ਵਜੋਂ ਵਿਧਾਨ ਸਭਾ ਹਲਕਾ ਅਮਲੋਹ ਅਧੀਨ ਆਉਂਦੇ ਕੁਲ 95 ਪਿੰਡਾਂ ਵਿੱਚੋਂ 33 ਪਿੰਡਾਂ ਵਿੱਚ ਇਸ ਸਬੰਧੀ ਕਾਰਵਾਈ ਆਰੰਭ ਦਿੱਤੀ ਗਈ ਹੈ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਪਿੰਡਾਂ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਸ਼ਾਨਦਾਰ ਕਦਮ ਸਾਬਤ ਹੋਵੇਗਾ ਅਤੇ ਸਾਡੇ ਪਿੰਡਾਂ ਦੇ ਹੋਣਹਾਰ ਖਿਡਾਰੀ ਆਪਣੇ ਖੇਡ ਹੁਨਰ ਨੂੰ ਤਰਾਸ ਕੇ ਭਵਿੱਖ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਵੱਡੀਆਂ ਖੇਡ ਮੱਲਾਂ ਮਾਰਨ ਦੇ ਸਮਰੱਥ ਬਣਨਗੇ।

ਇਹ ਵੀ ਪੜ੍ਹੋ: Weather Punjab: ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦੱਸਿਆ ਕਿ ਇਨ੍ਹਾਂ ਖੇਡ ਮੈਦਾਨਾਂ ਨੂੰ ਤਿਆਰ ਕਰਨ ਲਈ ਸਬੰਧਤ ਗ੍ਰਾਮ ਪੰਚਾਇਤਾਂ ਤੋਂ ਕੇਵਲ ਜ਼ਮੀਨ ਪ੍ਰਾਪਤ ਕੀਤੀ ਗਈ ਹੈ ਅਤੇ ਸਾਰੀਆਂ ਹੀ ਆਧੁਨਿਕ ਸੁਵਿਧਾਵਾਂ ਸਰਕਾਰ ਵੱਲੋਂ ਉਪਲੱਬਧ ਕਰਵਾਈਆਂ ਜਾਣਗੀਆਂ ਜਿਸ ਵਿੱਚ ਦੋ ਖੇਡਾਂ ਲਈ ਵਿਵਸਥਾ ਕਰਨ ਦੇ ਨਾਲ ਨਾਲ ਚਾਰਦੀਵਾਰੀ, ਫੌਜ ਤੇ ਪੁਲਿਸ ਵਿੱਚ ਭਰਤੀ ਹੋਣ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਤੇ ਸੈਰ ਕਰਨ ਵਾਲਿਆਂ ਲਈ ਟਰੈਕ, ਸੋਲਰ ਲਾਈਟਾਂ, ਬਿਜਲੀ ਕੁਨੈਕਸਨ, ਬੋਰ, ਹਰਿਆਲੀ ਲਈ ਬੂਟੇ, ਬਜੁਰਗਾਂ ਦੇ ਬੈਠਣ ਲਈ ਹੱਟ ਨੁਮਾ ਸੈਡ, ਬੱਚਿਆਂ ਦੇ ਖੇਡਣ ਲਈ ਝੂਲੇ, ਘਾਹ ਤੇ ਬੂਟਿਆਂ ਲਈ ਸਪਰਿੰਕਲਰ ਸਿਸਟਮ ਆਦਿ ਪ੍ਰਬੰਧ ਕੀਤੇ ਜਾਣਗੇ ਅਤੇ ਸਾਂਭ ਸੰਭਾਲ ਦੀ ਜਿੰਮੇਵਾਰੀ ਸਬੰਧਤ ਠੇਕੇਦਾਰ ਦੀ ਹੋਵੇਗੀ।

ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿੱਥੇ ਨਸ਼ਾ ਤਸਕਰਾਂ ਅਤੇ ਨਸ਼ਿਆਂ ਦਾ ਖਾਤਮਾ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ ਉਥੇ ਹੀ ਬੱਚਿਆਂ ਤੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਖੇਡ ਮੈਦਾਨਾਂ ਦੇ ਵਿਕਸਤ ਹੋਣ ਨਾਲ ਖੇਡਾਂ ਵਿੱਚ ਹਰ ਉਮਰ ਵਰਗ ਦੇ ਵਿਅਕਤੀ ਦੀ ਦਿਲਚਸਪੀ ਪੈਦਾ ਹੋਵੇ ਤੇ ਉਹ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਸਕਣ।  Amloh New Sports Grounds