ਲੁਧਿਆਣਾ ਗੈਸ ਲੀਕ ਮਾਮਲੇ ‘ਚ ਨਵੀਂ ਜਾਣਕਾਰੀ ਆਈ ਸਾਹਮਣੇ

Ludhiana gas leak case
ਗੈਸ ਲੀਕ ਮਾਮਲੇ ਚ ਮਰੀਜ਼ਾਂ ਦੀ ਹਾਲ ਚਾਲ ਪੁੱਛਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ।

Ludhiana gas leak case

ਲੁਧਿਆਣਾ (ਜਸਵੀਰ ਗਹਿਲ/ਰਘਵੀਰ/ਵਣਰਿੰਦਰ)। ਲੁਧਿਆਣਾ ਗੈਸ ਲੀਕ (Ludhiana gas leak case) ਦੇ ਸਿ਼ਕਾਰ ਹੋਏ ਮਰੀਜ਼ਾਂ ਦਾ ਹਾਲ ਜਾਨਣ ਲਈ ਪ੍ਰਸ਼ਾਸਨਿਕ ਅਧਿਕਾਰੀ ਹਸਪਤਾਲ ਪਹੁੰਚੇ। ਸਰਕਾਰ ਨੇ ਹਾਦਸੇ ਦਾ ਸਿ਼ਕਾਰ ਹੋਏ ਲੋਕਾਂ ਦੀ ਮੱਦਦ ਕਰਨ ਲਈ ਐਲਾਨ ਕੀਤਾ ਹੈ। ਲੁਧਿਆਣਾ ਗੈਸ ਲੀਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਜਦਕਿ ਚਾਰ ਜਣੇ ਹਸਪਤਾਲ ਵਿੱਚ ਇਲਾਜ਼ ਅਧੀਨ ਹਨ। ਮਹਾਂਨਗਰ ਲੁਧਿਆਣਾ ਦੇ ਗਿਆਸ ਪੁਰਾ ਇਲਾਕੇ ‘ਚ ਸੂਆ ਰੋਡ ‘ਤੇ ਇੱਕ ਫੈਕਟਰੀ ਚੋਂ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲਿਆਂ ਵਿਚ 2 ਬੱਚੇ ਵੀ ਦੱਸੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਵਿਚੋਂ 3 ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਗਈ ਹੈ। ਕੁੱਲ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।ਜਿਨ੍ਹਾਂ ਵਿੱਚ 5 ਔਰਤਾਂ, 6 ਮਰਦ ਹਨ, ਜਿਨ੍ਹਾਂ ਵਿੱਚ 10 ਸਾਲ ਅਤੇ 13 ਸਾਲ ਦੇ 2 ਬੱਚੇ ਹਨ। ਜਦਕਿ 4 ਜਣੇ ਹਾਲੇ ਇਲਾਜ਼ ਅਧੀਨ ਹਨ।

ਗੈਸ ਲੀਕ ਕਾਰਨ ਇਹਨਾਂ ਦੀ ਗਈ ਜਾਨ | Ludhiana gas leak case

ਗਿਆਸਪੁਰਾ ਗੈਸ ਤ੍ਰਾਸਦੀ ‘ਚ 3 ਪਰਿਵਾਰਾਂ ਦੇ 10 ਵਿਅਕਤੀ ਮਾਰੇ ਗਏ ਹਨ। ਜਦਕਿ 11ਵਾਂ ਵਿਅਕਤੀ (25 ਪੁਰਸ਼) ਅਜੇ ਵੀ ਅਣਪਛਾਤਾ ਹੈ। ਪ੍ਰਸ਼ਾਸਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਕਵੀਲਾਸ਼ ਪੁੱਤਰ ਚਲਾਕ ਦੇਵ ਯਾਦਵ ਵਾਸੀ ਸੂਆ ਰੋਡ ਗਿਆਸਪੁਰਾ ਆਰਤੀ ਕਲੀਨਿਕ ਚਲਾ ਰਿਹਾ ਸੀ। ਜਿਸਦੀ ਪਤਨੀ ਵਰਸ਼ਾ (35) ਅਤੇ ਕਲਪਨਾ (16), ਅਭੈ (13) ਅਤੇ ਆਰੀਅਨ (10) ਬੱਚਿਆਂ ਦੀ ਵੀ ਮੌਤ ਹੋ ਗਈ ਹੈ। ਮੂਲ ਰੂਪ ਵਿੱਚ ਬਿਹਾਰ ਦੇ ਪਰ ਪਿਛਲੇ 30 ਸਾਲਾਂ ਤੋਂ ਪੰਜਾਬ ਵਿੱਚ ਆ ਕੇ ਵਸੇ ਹੋਏ ਹਨ। ਇਸ ਤੋਂ ਇਲਾਵਾ ਮੂਲ ਰੂਪ ਵਿੱਚ ਅਲੀਗੜ੍ਹ, ਯੂਪੀ ਦੇ ਰਹਿਣ ਵਾਲੇ ਪਰ ਪਿਛਲੇ 20-22 ਸਾਲਾਂ ਤੋਂ ਪੰਜਾਬ ਵਿੱਚ ਆ ਕੇ ਵਸੇ ਸੌਰਵ ਗੋਇਲ (35) ਪੁੱਤਰ ਲੇਟ ਅਸ਼ੋਕ ਗੋਇਲ ਵਾਸੀ ਲਾਲ ਚੱਕੀ ਰੋਡ, ਗਿਆਸਪੁਰਾ ਗੋਇਲ ਕਰਿਆਨਾ ਸਟੋਰ ਚਲਾ ਰਿਹਾ ਸੀ, ਦੀ ਪਤਨੀ ਪ੍ਰੀਤੀ (31) ਅਤੇ ਉਸਦੀ ਮਾਂ ਕਮਲੇਸ਼ ਗੋਇਲ (60) ਦੀ ਮੌਤ ਹੋ ਗਈ ਹੈ।

ਉਸਦਾ ਭਰਾ ਗੌਰਵ (50) ਬਿਮਾਰ ਹੈ ਅਤੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਉਕਤ ਤੋਂ ਇਲਾਵਾ ਨੇੜੇ ਮਸਜਿਦ ਸਮਰਾਟ ਕਾਲੋਨੀ ਗਿਆਸਪੁਰਾ ਆਰਤੀ ਸਟੀਲ ਵਿਸ਼ਵਕਰਮਾ ਚੌਕ ਵਿਖੇ ਲੇਖਾਕਾਰ ਵਜੋਂ ਕੰਮ ਕਰਦੇ ਨਵਨੀਤ ਕੁਮਾਰ (39) ਪੁੱਤਰ ਕੁਮੁਦ ਕੁਮਾਰ ਵਾਸੀ ਨੰਬਰ 458/4/247, ਨੰਬਰ 721 ਦੀ ਪਤਨੀ ਨੀਤੂ ਦੇਵੀ (37) ਨਾਲ ਦੀ ਵੀ ਮੌਤ ਹੋ ਗਈ ਹੈ। ਨਾਲ ਹੀ ਉਸਦਾ ਭਰਾ ਨਿਤਿਨ ਕੁਮਾਰ (40) ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਜੋ ਟਾਟਾ ਕੰਪਨੀ ਬੀਕਾਨੇਰ ਵਿੱਚ ਕੰਮ ਕਰਦਾ ਹੈ ਅਤੇ ਦੋਵੇਂ ਭਰਾ ਪਿਛਲੇ 20 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਹੇ ਹੈ। ਉਕਤ ਤੋ ਇਲਾਵਾ ਇੱਕ ਮਿਰਤਕ ਦੀ ਹਾਲੇ ਤਕ ਪਹਿਚਾਣ ਨਹੀਂ ਹੋਈ।

ਗੈਸ ਲੀਕ ਮਾਮਲੇ ’ਤੇ ਮੁੱਖ ਮੰਤਰੀ ਮਾਨ ਨੇ ਪ੍ਰਗਟਾਇਆ ਦੁੱਖ

ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਹੋਈ ਗੈਸ ਲੀਕ ਦੇ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਫੈਕਟਰੀ ਦੀ ਗੈਸ ਲੀਕ ਦੀ ਘਟਨਾ ਬੇਹੱਦ ਦੁੱਖਦਾਇਅਕ ਹੈ… ਪੁਲਿਸ ਪ੍ਰਸ਼ਾਸਨ ਤੇ ਐੱਨਡੀਆਰਐੱਫ਼ ਦੀਆਂ ਟੀਮਾਂ ਮੌਕੇ ’ਤੇ ਮੌਜ਼ੂਦ ਹਨ… ਹਰ ਸੰਭਵ ਮੱਦਦ ਪਹੰੁਚਾਈ ਜਾ ਰਹੀ ਹੈ… ਬਾਕੀ ਵੇਰਵੇ ਜਲਦੀ।’’

ਮਹਾਂਨਗਰ ਦੇ ਗਿਆਸਪੁਰਾ ਇਲਾਕੇ ‘ਚ ਗੈਸ ਲੀਕ ; 11 ਦੀ ਮੌਤ | Ludhiana gas leak case

ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਇੱਕ ਕਿਲੋਮੀਟਰ ਤਕ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੂੰ ਪਤਾ ਲਗਾਉਣ ਵਿਚ ਮੁਸ਼ਕਿਲ ਹੋ ਰਹੀ ਹੈ ਕਿ ਆਖਰ ਇਹ ਗੈਸ ਕਿਹੜੀ ਹੈ ਅਤੇ ਹਾਦਸਾ ਕਿੰਝ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਦੀ ਪੜਤਾਲ ਦੇ ਲਈ ਐਨਡੀਆਰਐਫ ਦੀ ਟੀਮ ਨੂੰ ਸੱਦਿਆ ਗਿਆ ਹੈ। ਲੁਧਿਆਣਾ ਪਹੁੰਚਣ ਤੋਂ ਐਨਡੀਆਰਐਫ ਦੀ ਟੀਮ ਸਾਰੇ ਮਾਮਲੇ ਦੀ ਪੜਤਾਲ ਕਰਕੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਏਗੀ।

ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਘਰਾਂ ਦੇ ਲੋਕ ਆਪਣੇ ਘਰਾਂ ਵਿਚ ਬੇਹੋਸ਼ ਹੋ ਗਏ ਹਨ ਅਤੇ ਕੋਈ ਵੀ ਉਥੋਂ ਜਾਣ ਦੇ ਯੋਗ ਨਹੀਂ ਹੈ। ਸੂਤਰਾਂ ਅਨੁਸਾਰ ਗੈਸ ਲੀਕ ਹੋਣ ਕਾਰਨ ਜੋ ਵੀ 300 ਮੀਟਰ ਦੇ ਘੇਰੇ ਵਿੱਚ ਜਾ ਰਿਹਾ ਹੈ, ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਉਹ ਵਾਪਸ ਆ ਰਿਹਾ ਹੈ।ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਉੱਥੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਮੌਕੇ ‘ਤੇ ਸਮਾਜਿਕ ਸੰਸਥਾਵਾਂ ਦੀਆਂ ਐਂਬੂਲੈਂਸਾਂ ਵੀ ਪਹੁੰਚ ਗਈਆਂ ਹਨ ਅਤੇ ਬੇਹੋਸ਼ ਹੋਏ ਲੋਕਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।