
T20 World Cup 2026: ਸਪੋਰਟਸ ਡੈਸਕ। ਨੇਪਾਲ ਕ੍ਰਿਕੇਟ ਟੀਮ ਤੇ ਓਮਾਨ ਕ੍ਰਿਕੇਟ ਟੀਮ ਨੇ ਟੀ-20 ਵਿਸ਼ਵ ਕੱਪ 2026 ਲਈ ਕੁਆਲੀਫਾਈ ਕਰ ਲਿਆ ਹੈ। ਇਨ੍ਹਾਂ ਦੋਵਾਂ ਟੀਮਾਂ ਨੇ ਮਸਕਟ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਈਸਟ ਏਸ਼ੀਆ ਪੈਸੀਫਿਕ ਕੁਆਲੀਫਾਇਰ ਦੇ ਸੁਪਰ-6 ਪੜਾਅ ’ਚ ਆਪਣੇ ਬਿਹਤਰ ਪ੍ਰਦਰਸ਼ਨ ਤੋਂ ਬਾਅਦ ਕੁਆਲੀਫਾਈ ਕੀਤਾ। ਹੁਣ ਤੱਕ 19 ਟੀਮਾਂ ਨੇ ਟੀ-20 ਵਿਸ਼ਵ ਕੱਪ 2026 ਲਈ ਕੁਆਲੀਫਾਈ ਕਰ ਲਿਆ ਹੈ ਤੇ ਹੁਣ ਸਿਰਫ ਇੱਕ ਟੀਮ ਦੀ ਜਗ੍ਹਾ ਬਾਕੀ ਹੈ।
ਇਹ ਖਬਰ ਵੀ ਪੜ੍ਹੋ : Gold Price Today: ਦੀਵਾਲੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ’ਚ ਵੱਡਾ ਉਛਾਲ, ਚਾਂਦੀ ਵੀ ਰਿਕਾਰਡ ਤੋੜ ਪੱਧਰ ’ਤੇ, ਜਾਣ…
ਤੀਜੀ ਵਾਰ ਕੀਤਾ ਕੁਆਲੀਫਾਈ | T20 World Cup 2026
ਇਸ ਤੋਂ ਪਹਿਲਾਂ 2024 ’ਚ ਹੋਏ ਵਿਸ਼ਵ ਕੱਪ ’ਚ ਨੇਪਾਲ ਤੇ ਓਮਾਨ ਦੋਵਾਂ ਨੇ ਪਹਿਲੇ ਦੌਰ ’ਚ ਥਾਂ ਬਣਾਈ ਸੀ। ਓਮਾਨ 2016 ਤੇ 2024 ਤੋਂ ਬਾਅਦ ਤੀਜੀ ਵਾਰ ਇਸ ਟੂਰਨਾਮੈਂਟ ’ਚ ਖੇਡਣ ਲਈ ਤਿਆਰ ਹੈ। ਦੂਜੇ ਪਾਸੇ ਨੇਪਾਲ ਦੀ ਟੀਮ ਵੀ 2014 ਤੇ 2024 ਤੋਂ ਬਾਅਦ ਤੀਜੀ ਵਾਰ ਟੂਰਨਾਮੈਂਟ ਲਈ ਕੁਆਲੀਫਾਈ ਕਰ ਚੁੱਕੀ ਹੈ।
20 ਟੀਮਾਂ ਵਿਚਕਾਰ ਖੇਡਿਆ ਜਾਵੇਗਾ ਟੀ-20 ਵਿਸ਼ਵ ਕੱਪ 2026
ਟੀ-20 ਵਿਸ਼ਵ ਕੱਪ 2026 20 ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਮੇਜ਼ਬਾਨੀ ਕਾਰਨ ਭਾਰਤ ਤੇ ਸ਼੍ਰੀਲੰਕਾ ਨੂੰ ਸਿੱਧੀ ਐਂਟਰੀ ਮਿਲੀ ਹੈ। ਅਫਗਾਨਿਸਤਾਨ, ਅਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਅਮਰੀਕਾ ਤੇ ਵੈਸਟਇੰਡੀਜ਼ ਨੇ ਪਿਛਲੇ ਵਿਸ਼ਵ ਕੱਪ ’ਚ ਸੁਪਰ-8 ’ਚ ਪਹੁੰਚਣ ਤੋਂ ਬਾਅਦ ਕੁਆਲੀਫਾਈ ਕੀਤਾ ਸੀ। ਜਦਕਿ ਆਇਰਲੈਂਡ, ਨਿਊਜ਼ੀਲੈਂਡ ਤੇ ਪਾਕਿਸਤਾਨ ਦੀਆਂ ਟੀਮਾਂ ਨੇ ਰੈਂਕਿੰਗ ਦੇ ਆਧਾਰ ’ਤੇ ਟੂਰਨਾਮੈਂਟ ’ਚ ਜਗ੍ਹਾ ਬਣਾਈ ਹੈ। ਕੈਨੇਡਾ ਨੇ ਅਮਰੀਕਾ ਦੇ ਕੁਆਲੀਫਾਇਰ ’ਚੋਂ ਇੱਕ ਸਥਾਨ ਹਾਸਲ ਕੀਤਾ।
ਜਦੋਂ ਕਿ ਇਟਲੀ ਤੇ ਨੀਦਰਲੈਂਡ ਨੂੰ ਯੂਰਪ ਕੁਆਲੀਫਾਇਰ ਤੋਂ ਐਂਟਰੀ ਮਿਲੀ ਹੈ। ਪਿਛਲੀ ਵਾਰ ਹਿੱਸਾ ਲੈਣ ਵਾਲੀ ਸਕਾਟਿਸ਼ ਟੀਮ ਕੁਆਲੀਫਾਈ ਨਹੀਂ ਕਰ ਸਕੀ। ਹੁਣ ਨਾਮੀਬੀਆ ਤੇ ਜ਼ਿੰਬਾਬਵੇ ਨੇ ਅਫਰੀਕਾ ਕੁਆਲੀਫਾਇਰ ਤੋਂ ਕੁਆਲੀਫਾਈ ਕਰ ਲਿਆ ਹੈ। ਨੇਪਾਲ ਤੇ ਓਮਾਨ ਨੂੰ ਏਸ਼ੀਆ ਤੇ ਈਸਟ ਏਸ਼ੀਆ ਪੈਸੀਫਿਕ ਕੁਆਲੀਫਾਇਰ ਤੋਂ ਐਂਟਰੀ ਮਿਲੀ ਹੈ। ਹੁਣ ਸਿਰਫ 1 ਟੀਮ ਦੀ ਜਗ੍ਹਾ ਬਾਕੀ ਬਚੀ ਹੈ।
ਭਾਰਤੀ ਟੀਮ ਪਿਛਲੀ ਵਾਰ ਦੀ ਚੈਂਪੀਅਨ
ਆਈਸੀਸੀ ਟੀ-20 ਵਿਸ਼ਵ ਕੱਪ 2007 ਤੋਂ ਖੇਡਿਆ ਜਾ ਰਿਹਾ ਹੈ। ਇਸ ਤੋਂ ਬਾਅਦ ਟੀਮ ਇੰਡੀਆ ਨੇ ਫਾਈਨਲ ’ਚ ਪਾਕਿਸਤਾਨ ਨੂੰ ਹਰਾ ਕੇ ਪਹਿਲਾ ਖਿਤਾਬ ਜਿੱਤਿਆ ਸੀ। ਇਹ ਟੂਰਨਾਮੈਂਟ 2010 ਤੋਂ ਹਰ 2 ਸਾਲ ਬਾਅਦ ਕਰਵਾਇਆ ਜਾ ਰਿਹਾ ਹੈ। 2024 ’ਚ ਭਾਰਤ ਨੇ ਫਾਈਨਲ ’ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਟੀਮ ਇੰਡੀਆ ਤੋਂ ਇਲਾਵਾ ਵੈਸਟਇੰਡੀਜ਼ ਤੇ ਇੰਗਲੈਂਡ ਨੇ ਵੀ 2-2 ਖਿਤਾਬ ਜਿੱਤੇ ਹਨ। ਪਾਕਿਸਤਾਨ, ਸ਼੍ਰੀਲੰਕਾ ਤੇ ਅਸਟਰੇਲੀਆ ਨੇ 1-1 ਵਾਰ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਹੈ। ਚੋਟੀ ਦੀਆਂ ਟੀਮਾਂ ’ਚੋਂ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਹੁਣ ਤੱਕ ਖਿਤਾਬ ਨਹੀਂ ਜਿੱਤ ਸਕੀਆਂ ਹਨ।