ਖੇਤੀ ਉਤਪਾਦਨ ਲਈ ਹਰੀ ਕ੍ਰਾਂਤੀ, ਰਾਹੀਂ ਰਸਾਇਣਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਅਨਾਜ ਦੇ ਅੰਬਾਰ ਲਾ ਦਿੱਤੇ ਤੇ ਦੇਸ਼ ਨੂੰ ਅਨਾਜ ਦੀ ਵਰਤੋਂ ਲਈ ਆਤਮ ਨਿਰਭਰ ਬਣਾਇਆ ਹੈ ਪਰੰਤੂ ਹੁਣ ਇਨ੍ਹਾਂ ਰਾਜਾਂ ਦੀ ਭੂਮੀ ਭਾੜੇਖੋਰੀ ਹੋ ਚੁੱਕੀ ਹੈ
ਅੱਜ ਕੋਈ ਵੀ ਫਸਲ ਰਸਾਇਣਕ ਖਾਦਾਂ ਤੇ ਕੀੜੇਮਾਰ ਜਾਂ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਤੋਂ ਬਿਨਾਂ ਸੰਭਵ ਹੀ ਨਹੀਂ ਹੈ ਇਨ੍ਹਾਂ ਹਾਲਾਤਾਂ ‘ਚ ਅਨਾਜ ਦੀ ਪੈਦਾਵਾਰ ‘ਚ ਰਸਾਇਣਾਂ ਤੇ ਜ਼ਹਿਰਾਂ ਦੇ ਅੰਸ਼ ਘਰ ਕਰ ਗਏ ਹਨ ਤੇ ਇਹ ਮਨੁੱਖ ਦੇ ਖੂਨ ਤੇ ਦੁਧਾਰੂ ਪਸ਼ੂਆਂ ਦੇ ਦੁੱਧ ‘ਚ ਵੀ ਮਿਲਣ ਲੱਗ ਪਏ ਹਨ ਵੱਧ ਅਨਾਜ ਪੈਦਾ ਕਰਨਾ ਸਮੇਂ ਦੀ ਲੋੜ ਸੀ ਪਰ ਹੁਣ ਉਹ ਇੱਕ ਮੁਸੀਬਤ ਵੀ ਬਣਨ ਲੱਗ ਪਿਆ ਹੈ ਅੰਤਰਰਾਸ਼ਟਰੀ ਪੱਧਰ ‘ਤੇ ਸਾਡੇ ਅਨਾਜ ਦੇ ਗਾਹਕ ਘੱਟ ਹੋ ਗਏ ਹਨ ਮਨੁੱਖ ਦੀ ਸਿਹਤ ਹੀ ਦਾਅ ‘ਤੇ ਲੱਗ ਗਈ ਹੈ ਕਿਸਾਨ ਵਿਚਾਰਾ ਵੀ ਦੁਚਿੱਤੀ ‘ਚ ਫਸ ਗਿਆ ਹੈ ਫਸਲੀ ਚੱਕਰ ‘ਚੋਂ ਬਾਹਰ ਨਿੱਕਲਣਾ ਉਸ ਲਈ ਮੁਸ਼ਕਲ ਹੋ ਗਿਆ ਹੈ ਖਾਦਾਂ ਤੇ ਦਵਾਈਆਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਹਨ
ਮਨੁੱਖ ਦੀ ਸਿਹਤ ਦੀ ਸੁਰੱਖਿਆ ਲਈ ਆਰਗੈਨਿਕ ਫੂਡ ਦੀ ਲੋੜ ਅਹਿਮ ਵਿਸ਼ਾ ਬਣ ਗਿਆ ਹੈ ਕਈ ਅਦਾਰਿਆਂ ਨੇ ਤਾਂ ਮਾਰਕੀਟ ‘ਚ ਆਰਗੈਨਿਕ ਉਤਪਾਦ ਸਪਲਾਈ ਕਰ ਦਿੱਤੇ ਹਨ ਇੱਕ ਗੱਲ ਤਾਂ ਠੀਕ ਹੈ ਕਿ ਲੋਕ ਸਿਹਤ ਪੱਖੋਂ ਜਾਗਰੂਕ ਹੋਏ ਹਨ ਪੀਣ ਵਾਲਾ ਪਾਣੀ ਤਾਂ ਭਾਰਤਭਰ ‘ਚ ਵੱਡੀ ਕਮੀ ਪਾਈ ਜਾ ਰਹੀ ਹੈ ਫਿਲਟਰ, ਆਰ.ਓ. ਤੇ ਬੋਤਲਬੰਦ ਪਾਣੀ ਮਨੁੱਖੀ ਲੋੜਾਂ ਦੀ ਪੂਰਤੀ ਕਰਨ ਲੱਗ ਪਏ ਹਨ ਹਵਾ ਦੂਸ਼ਿਤ ਹੋ ਗਈ ਹੈ, ਕਾਰਖਾਨਿਆਂ ਦੀ ਗੰਦਗੀ ਨੇ ਤਾਂ ਸਾਡੇ ਦਰਿਆ ਵੀ ਪਲੀਤ ਕਰ ਦਿੱਤੇ ਹਨ ਗੰਗਾ ਦਾ ਪਵਿੱਤਰ ਪਾਣੀ ਜ਼ਹਿਰੀਲਾ ਹੋ ਗਿਆ ਹੈ ਇਸ ਲਈ ਆਰਗੈਨਿਕ ਉਤਪਾਦਨ ਜੋ ਬਿਲਕੁਲ ਸ਼ੁੱਧ ਪਾਣੀ ਤੇ ਹਵਾ ਦੀ ਬਦੌਲਤ, ਸ਼ੁੱਧ ਤੇ ਸਾਫ਼ ਜਰਖੇਜ਼ ਧਰਤੀ ਜਿੱਥੇ ਸਿਰਫ਼ ਸ਼ੁੱਧ ਦੇਸੀ ਖਾਦਾਂ ਹੀ ਵਰਤੀਆਂ ਹੋਣ ਪੈਦਾ ਕਰ ਸਕਦੀ ਹੈ ਅਜਿਹੀ ਜ਼ਮੀਨ ਤੇ ਆਬੋ ਹਵਾ ਤਾਂ ਅੱਜ ਭਾਰਤ ‘ਚ ਕਿਤੇ-ਕਿਤੇ ਹੀ ਮਿਲਦੀ ਹੈ
ਦਵਾਈਆਂ ਤੇ ਖਾਦਾਂ ਦਾ ਜ਼ਹਿਰ ਹਰ ਪੱਧਰ ‘ਤੇ ਫੈਲ ਚੁੱਕਾ ਹੈ ਅਜਿਹੇ ਵਾਤਾਵਰਨ ‘ਚ ਸਹੀ ਆਰਗੈਨਿਕ ਉਤਪਾਦ ਪੈਦਾ ਕਰਨਾ ਬਹੁਤ ਮੁਸ਼ਕਲ ਹੈ ਪਹਿਲਾਂ ਤਾਂ ਗੰਗਾ ਨਦੀ ਨੂੰ ਸਾਫ਼ ਕਰਨ ਲਈ ਹੀ ਵੱਡੇ ਪੱਧਰ ‘ਤੇ ਉਪਰਾਲੇ ਕਰਨੇ ਪਏ ਹਨ ਤੇ ਇੱਕ ਨਵਾਂ ਮੰਤਰਾਲਾ ਪੈਦਾ ਕਰਨਾ ਪਿਆ ਹੈ ਦੇਸ਼ ਦੀ ਰਾਜਧਾਨੀ ਵਿਸ਼ਵ ਦੇ ਪਲੀਤ ਸ਼ਹਿਰਾਂ ‘ਚੋਂ ਇੱਕ ਹੈ ਅੱਤਵਾਦ ਦਾ ਖਤਰਾ ਤਾਂ ਮਨੁੱਖ ਨੂੰ ਹੈ ਹੀ ਅੱਤਵਾਦ ਲਈ ਵਰਤਿਆ ਜਾਣ ਵਾਲਾ ਗੋਲਾ ਬਰੂਦ ਵੀ ਭਾਵੇਂ ਵਾਤਾਵਰਨ ਨੂੰ ਵੀ ਦੂਸ਼ਿਤ ਕਰਦਾ ਹੈ ਪਰ ਇਹ ਵਾਤਾਵਰਨ ਦਾ ਪ੍ਰਦੂਸ਼ਣ ਤਾਂ ਮਨੁੱਖਤਾ ਦੀ ਹੋਂਦ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ
ਪਵਿੱਤਰ ਗੁਰਬਾਣੀ ‘ਚ ਪਿਤਾ ਦਾ ਦਰਜਾ ਪ੍ਰਾਪਤ ਪਾਣੀ ਤਾਂ ਹੁਣ ਮਨੁੱਖ ਬੋਤਲਾਂ ‘ਚ ਪਾ ਕੇ ਆਪਣੇ ਗੁਜਾਰੇ ਲਈ ਪਿੱਠ ਪਿੱਛੇ ਲਟਕਾ ਕੇ ਤੁਰਨ ਲਈ ਮਜ਼ਬੂਰ ਹੋ ਗਿਆ ਹੈ ਜੇ ਮਨੁੱਖ ਨਾ ਸੰਭਲਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਕਸੀਜ਼ਨ ਦੇ ਸਿਲੰਡਰ ਵੀ ਮਨੁੱਖਾਂ ਦੇ ਮੋਢਿਆਂ ‘ਤੇ ਫਿੱਟ ਹੋਇਆ ਕਰਨਗੇ ਤੇ ਉਹ ਸਾਰੇ ਹੀ ਪਰਬਤ ਅਰੋਹੀਆਂ ਵਾਂਗ ਨਜ਼ਰ ਆਇਆ ਕਰਨਗੇ
ਇਹ ਸਿਰਫ਼ ਕਿਆਸਅਰਾਈਆਂ ਹੀ ਨਹੀਂ ਸਗੋਂ ਸੌ ਫੀਸਦੀ ਸੱਚ ਹੋਣ ਵਾਲਾ ਹੈ ਅਜਿਹੇ ‘ਚ ਆਰਗੈਨਿਕ ਫੂਡ ਮਨੁੱਖ ਦੀ ਲੋੜ ਤਾਂ ਹੈ ਪਰ ਉਹ ਪ੍ਰਾਪਤ ਕਰਨ ਲਈ ਅਨੁਕੂਲ ਕੁਦਰਤੀ ਸਾਧਨਾਂ ਦਾ ਹੋਣਾ ਜ਼ਰੂਰੀ ਹੈ ਜੋ ਭਾਰਤ ਵਰਸ਼ ‘ਚ ਬੜੀ ਤੇਜ਼ੀ ਨਾਲ ਖਤਮ ਹੋ ਰਹੇ ਹਨ ਇੱਕ ਤਾਂ ਦੇਸੀ ਗੋਹੇ ਦੀ ਰੂੜੀ ਨਾਲ ਮੌਜੂਦਾ ਅਬਾਦੀ ਦੀ ਲੋੜ ਅਨੁਸਾਰ ਅਨਾਜ ਪ੍ਰਾਪਤ ਹੋਣਾ ਸੰਭਵ ਨਹੀਂ ਹੈ , ਦੂਜਾ ਪਾਣੀ ਤੇ ਹਵਾ ਤਾਂ ਬਹੁਤੀ ਮਾਤਰਾ ‘ਚ ਦੂਸ਼ਿਤ ਹੋ ਚੁੱਕੇ ਹਨ ਇਹ ਆਰਗੈਨਿਕ ਪ੍ਰਮਾਣਤਾ ‘ਤੇ ਖਰਾ ਉੱਤਰਨ ਲਈ ਆਰਗੈਨਿਕ ਫਾਰਮਾਂ ਨੂੰ ਉਚੇਚਾ ਧਿਆਨ ਦੇਣਾ ਪਵੇਗਾ
ਸਾਡੇ ਦੇਸ਼ ਦੇ ਵਾਸੀ ਲਕੀਰ ਦੇ ਫ਼ਕੀਰ ਬਣਨ ‘ਚ ਮਾਹਿਰ ਹਨ ਤੇ ਲੁੱਟਣ ਵਾਲੇ ਮਿਲਾਵਟਖੋਰ ਉਨ੍ਹਾਂ ਤੋਂ ਵੀ ਵੱਧ ਚਲਾਕ ਇਸ ਲਈ ਆਰਗੈਨਿਕ ਉਤਪਾਦਾਂ ਦੀ ਸਹੀ ਪ੍ਰਮਾਣਿਕਤਾ ਵੀ ਬਹੁਤ ਜ਼ਰੂਰੀ ਹੈ ਦੇਸ਼ ਵਿਚ ਆਰਗੈਨਿਕ ਉਤਪਾਦਾਂ ਦੇ ਨਾਂਅ ‘ਤੇ ਘਪਲੇ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਮਨੁੱਖ ਦਾ ਸਵਾਰਥ ਤੇ ਲਾਲਚ ਦਿਸ਼ਾਹੀਣ ਹੋ ਚੁੱਕਾ ਹੈ ਇਨ੍ਹਾਂ ਉਤਪਾਦਾਂ ਦੇ ਉਤਪਾਦਨ ‘ਤੇ ਵੀ ਬਾਜ਼ ਨਜ਼ਰ ਦੀ ਲੋੜ ਹੈ ਸਭ ਤੋਂ ਵੱਡੀ ਲੋੜ ਤਾਂ ਇਸ ਗੱਲ ਦੀ ਹੈ ਕਿ ਮਨੁੱਖੀ ਸਿਹਤ ਦੀ ਸੁਰੱਖਿਆ ਤੇ ਆਰਗੈਨਿਕ ਉਤਪਾਦਾਂ ਨੂੰ ਉਤਸ਼ਾਹ ਦੇਣ ਲਈ ਜ਼ਰੂਰੀ ਤੇ ਠੋਸ ਉਪਰਾਲੇ ਸਰਕਾਰੀ ਤੇ ਜਨਤਕ ਪੱਧਰ ‘ਤੇ ਕੀਤੇ ਜਾਣ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇੱਕ ਨਿਰੋਗ ਤੇ ਤੰਦਰੁਸਤ ਜ਼ਿੰਦਗੀ ਮੁਹੱਈਆ ਕਰਵਾਈ ਜਾ ਸਕੇ
ਦਰਸ਼ਨ ਸਿੰਘ ਰਿਆੜ
ਮੋ. 93163-11677