ਪਿੰਡ ਵਿੱਚ ਹੋਇਆ ਛੇਵਾਂ ਸਰੀਰਦਾਨ | Welfare
Welfare: (ਅਸ਼ੋਕ ਗਰਗ) ਬਾਂਡੀ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਬਲਾਕ ਬਾਂਡੀ ਦੇ ਪਿੰਡ ਮਹਿਤਾ ਵਿਖੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਉਪਰੰਤ ਉਸ ਦੀ ਸਵੈ ਇੱਛਾ ਅਨੁਸਾਰ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਅੱਗ ਵਿੱਚ ਜਲਾਉਣ ਦੀ ਬਜਾਏ ਉਸ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਾਨਵਤਾ ਭਲਾਈ ਕੰਮਾਂ ਵਿੱਚ ਆਪਣਾ ਯੋਗਦਾਨ ਪਾਇਆ ਹੈ।
ਇਸ ਸਬੰਧੀ ਪਿੰਡ ਦੇ ਪ੍ਰੇਮੀ ਸੇਵਕ ਜਸਵੀਰ ਸਿੰਘ ਇੰਸਾਂ, 15 ਮੈਂਬਰ ਦਰਸ਼ਨ ਸਿੰਘ ਇੰਸਾਂ ਅਤੇ 15 ਮੈਂਬਰ ਸ਼ਮਸ਼ੇਰ ਸਿੰੰਘ ਇੰਸਾਂ ਨੇ ਦੱਸਿਆ ਕਿ ਪਿੰਡ ਮਹਿਤਾ ਦੇ ਵਸਨੀਕ ਨਾਜਰ ਸਿੰਘ ਇੰਸਾਂ (61) ਪੁੱਤਰ ਗੁਰਬਚਨ ਸਿੰਘ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦਰਬਾਰ ਵੱਲੋਂ ਚਲਾਏ ਸਮਾਜ ਭਲਾਈ ਕੰਮਾਂ ਦੀ ਲੜੀ ਤਹਿਤ ਦੇਹਾਂਤ ਉਪਰੰਤ ਆਪਣਾ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਜਿਸ ਦਾ ਅੱਜ ਬੁੱਧਵਾਰ ਨੂੰ ਸਵੇਰੇ ਦੇਹਾਂਤ ਹੋ ਗਿਆ। ਨਾਜਰ ਸਿੰਘ ਇੰਸਾਂ ਦੀ ਦਿਲੀ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਗਟ ਸਿੰਘ ਇੰਸਾਂ, ਅਮਨਪ੍ਰੀਤ ਕੌਰ ਇੰਸਾਂ, ਕਰਨਵੀਰ ਇੰਸਾਂ, ਕੁਲਦੀਪ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕਾਨੂੰਨੀ ਕਾਗਜ਼ੀ ਕਾਰਵਾਈ ਪੂਰੀ ਕਰਵਾ ਕੇ ਸ੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਰੇਲੀ (ਉਤਰ ਪ੍ਰਦੇਸ਼) ਵਿੱਚ ਮੈਡੀਕਲ ਖੋਜਾਂ ਲਈ ਸਰੀਰਦਾਨ ਕਰ ਦਿੱਤਾ।
ਇਹ ਵੀ ਪੜ੍ਹੋ: Punjab News: ਸੁਖਬੀਰ ਬਾਦਲ ‘ਤੇ ਜਾਨਲੇਵਾ ਹਮਲੇ ‘ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ
ਅਰਥੀ ਨੂੰ ਮੋਢਾ ਉਸ ਦੀਆਂ ਨੂੰਹਾਂ ਵੱਲੋਂ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਸ ਗੱਡੀ ਰਾਹੀਂ ਪਿੰਡ ਦੀ ਫਿਰਨੀ ਤੋਂ ਲੰਘਾਉਂਦੇ ਹੋਏ ਪਿੰਡ ਦੇ ਬੱਸ ਅੱਡੇ ਤੋਂ ਫੁੱਲਾਂ ਦੀ ਵਰਖਾ ਕਰਦਿਆਂ ਰਵਾਨਾ ਕਰ ਦਿੱਤਾ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਵੀਰ ਤੇ ਭੈਣਾਂ, ਰਿਸ਼ਤੇਦਾਰ ਅਤੇ ਸਾਧ-ਸੰਗਤ ‘‘ਸਰੀਰਦਾਨੀ ਬਾਈ ਨਾਜਰ ਸਿੰਘ ਇੰਸਾਂ ਅਮਰ ਰਹੇ’’ ਦੇ ਅਕਾਸ਼ ਗਜਾਊ ਨਾਅਰੇ ਲਗਾ ਰਹੇ ਸਨ। ਇਸ ਮੌਕੇ ਬਠਿੰਡਾ ਤੋਂ ਪਹੁੰਚੇ 15 ਅਸ਼ਵਨੀ ਕੁਮਾਰ ਇੰਸਾਂ ਨੇ ਦੱਸਿਆ ਕਿ ਨਾਜਰ ਸਿੰਘ ਇੰਸਾਂ ਮਾਨਵਤਾ ਭਲਾਈ ਕੰਮਾਂ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ ਅਤੇ ਕਾਫੀ ਸਮਾਂ ਪਿੰਡ ਦੇ ਪ੍ਰੇਮੀ ਸੇਵਕ ਵਜੋਂ ਵੀ ਸੇਵਾ ਕੀਤੀ ।
ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਵੱਲੋਂ ਕਈ ਸਾਲ ਪਹਿਲਾਂ ਇਨ੍ਹਾਂ ਦੀ ਪਤਨੀ ਨਸੀਬ ਕੌਰ ਦਾ ਵੀ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ ਗਿਆ ਸੀ। ਇਸ ਮੌਕੇ 15 ਮੈਂਬਰ ਜਗਜੀਤ ਸਿੰਘ ਇੰਸਾਂ, 15 ਮੈਂਬਰ ਭੈਣ ਪਰਮਜੀਤ ਕੌਰ ਇੰਸਾਂ, 15 ਮੈਂਬਰ ਭੈਣ ਜਸਵੰਤ ਕੌਰ ਇੰਸਾਂ, 15 ਮੈਂਬਰ ਭੈਣ ਮਨਦੀਪ ਕੌਰ ਇੰਸਾਂ, ਪੰਚ ਗੁਰਪ੍ਰੀਤ ਸਿੰਘ ਵਿੱਕੀ, ਜਿੰਮੇਵਾਰ ਭੈਣਾਂ, ਰਿਸਤੇਦਾਰ , ਪਿੰਡ ਦੇ ਮੋਹਤਵਰ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਭੈਣ/ਭਾਈਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਅਤੇ ਹੋਰ ਬਲਾਕਾਂ ਤੋਂ ਪਹੁੰਚੀ ਹੋਈ ਸਾਧ-ਸੰਗਤ ਨੇ ਇਸ ਦੁੱਖ ਦੀ ਘੜੀ ਵਿੱਚ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਸਰੀਰਦਾਨ ਤੋਂ ਆਮ ਲੋਕਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ :15 ਮੈਂਬਰ ਗੁਰਪ੍ਰੀਤ ਸਿੰਘ ਗਿਆਨਾ
ਇਸ ਮੌਕੇ 15 ਮੈਂਬਰ ਗੁਰਪ੍ਰੀਤ ਸਿੰਘ ਗਿਆਨਾ ਨੇ ਕਿਹਾ ਕਿ ਨਾਜਰ ਸਿੰਘ ਇੰਸਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਜਿਹੜਾ ਕੰਮ ਕੀਤਾ ਗਿਆ ਹੈ ਉਹ ਆਪਣੇ ਆਪ ਵਿੱਚ ਲਾਮਿਸਾਲ ਹੈ ਅਤੇ ਬਹੁਤ ਵੱਡੀ ਕੁਰਬਾਨੀ ਹੈ ਜੋ ਸਮਾਜ ਲਈ ਇੱਕ ਪ੍ਰੇਰਣਾ ਹੈ। ਉਨ੍ਹਾਂ ਆਖਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂ ਵੱਡੀ ਗਿਣਤੀ ਵਿੱਚ ਦੇਹਾਂਤ ਉਪਰੰਤ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਮੈਡੀਕਲ ਖੇਤਰ ਵਿੱਚ ਲਾਇਲਾਜ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੋ ਸਕੇਗਾ। Welfare