ਸਿੱਧੂ ਨੇ ਅਮਰਿੰਦਰ ਨੂੰ ਗਿਫ਼ਟ ਕੀਤਾ ਕਾਲਾ ਤਿੱਤਰ, ਹੋ ਸਕਦੈ ਮਾਮਲਾ ਦਰਜ਼
ਨਵਜੋਤ ਸਿੱਧੂ ਨੇ ਕੀਤੀ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972 ਦੀ ਉਲੰਘਣਾ
ਹਰਿਆਣਾ ਸੂਬੇ ਦਾ ਰਾਜ ਪੰਛੀ ਐ ਕਾਲਾ ਤਿੱਤਰ, ਹਰਿਆਣਾ ਕਰਵਾਏਗਾ ਕਾਰਵਾਈ
ਚੰਡੀਗੜ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪਾਕਿਸਤਾਨ ਤੋਂ ਲਿਆਂਦੇ ਕਾਲੇ ਤਿੱਤਰ ਨੂੰ ਅਮਰਿੰਦਰ ਸਿੰਘ ਨੂੰ ਗਿਫ਼ਟ ਕਰਦੇ ਹੋਏ ਜਿਥੇ ਨਵਾ ਵਿਵਾਦ ਛੇੜ ਦਿੱਤਾ ਹੈ, ਉਥੇ ਹੀ ਉਨਾਂ ਨੇ ਕਥਿਤ ਤੌਰ ‘ਤੇ ਵਾਈਲਡਲਾਈਫ਼ ਪ੍ਰੋਟੈਕਸ਼ਨ ਐਕਟ 1972 ਦੀ ਉਲੰਘਣਾ ਕਰ ਦਿੱਤੀ ਹੈ। ਜਿਸ ਦੇ ਤਹਿਤ ਨਵਜੋਤ ਸਿੱਧੂ ‘ਤੇ ਤੁਰੰਤ ਐਫ.ਆਈ.ਆਰ ਦਰਜ਼ ਕੀਤਾ ਜਾ ਸਕਦਾ ਹੈ। ਨਵਜੋਤ ਸਿੱਧੂ ਕੋਲ ਪਾਕਿਸਤਾਨ ਤੋਂ ਤਿੱਤਰ ਭਾਰਤ ਲੈ ਕੇ ਆਉਣ ਦੀ ਇਜਾਜ਼ਤ ਵੀ ਨਹੀਂ ਹੈ, ਜਿਹੜਾ ਕਿ ਕਸਟਮ ਐਕਟ ਦੀ ਉਲੰਘਣਾ ਹੈ। ਜਿਸ ਨਾਲ ਨਵਜੋਤ ਸਿੱਧੂ ਕਈ ਐਕਟ ਦੇ ਦਾਇਰੇ ਦੇ ਘੇਰੇ ਆਉਂਦੇ ਹੋਏ ਵੱਡੀ ਮੁਸੀਬਤ ਵਿੱਚ ਫ਼ਸ ਸਕਦੇ ਹਨ।
ਇਸ ਨਾਲ ਹੀ ਹਰਿਆਣਾ ਸਰਕਾਰ ਨੇ ਇਸ ਮਾਮਲੇ ਵਿੱਚ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਹਰਿਆਣਾ ਸੂਬੇ ਦਾ ਰਾਜ ਪੰਛੀ ਤਿੱਤਰ ਹੈ ਅਤੇ ਹਰਿਆਣਾ ਦੀ ਹੀ ਰਾਜਧਾਨੀ ਚੰਡੀਗੜ ਵਿਖੇ ਇਸ ਤਿੱਤਰ ਨੂੰ ਗਿਫ਼ਟ ਕੀਤਾ ਗਿਆ ਹੈ, ਜਿਹੜਾ ਕਿ ਵੱਡਾ ਗੁਨਾਹ ਦੱਸਿਆ ਜਾ ਰਿਹਾ ਹੈ।
ਇਸ ਸਾਰੇ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਦਿੱਕਤ ਆ ਸਕਦੀ ਹੈ, ਕਿਉਂਕਿ ਨਿਯਮਾਂ ਅਨੁਸਾਰ ਕੋਈ ਵੀ ਵਿਅਕਤੀ ਨਾ ਹੀ ਤਿੱਤਰ ਨੂੰ ਗਿਫ਼ਟ ਕਰ ਸਕਦਾ ਹੈ ਅਤੇ ਨਾ ਹੀ ਕੋਈ ਵਿਅਕਤੀ ਤਿੱਤਰ ਨੂੰ ਗਿਫ਼ਟ ਲੈ ਸਕਦਾ ਹੈ। ਇਨ੍ਹਾਂ ਨਿਯਮਾਂ ਬਾਰੇ ਕੁਝ ਹੱਦ ਤੱਕ ਜਾਣਕਾਰੀ ਹੋਣ ਦੇ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਿੱਤਰ ਰੱਖਣ ਤੋਂ ਪਹਿਲਾਂ ਵਾਈਲਡ ਲਾਈਫ਼ ਤੋਂ ਇਜਾਜ਼ਤ ਲੈਣ ਦੀ ਗੱਲ ਵੀ ਸਿੱਧੂ ਨੂੰ ਆਖੀ ਹੈ।
ਨਵਜੋਤ ਸਿੱਧੂ ਨੇ ਖ਼ੁਦ ਮੀਡੀਆ ਨੂੰ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਗਏ ਸਨ ਤਾਂ ਉਨਾਂ ਨੂੰ ਇੱਕ ਕਾਲਾ ਤਿੱਤਰ ਗਿਫ਼ਟ ਮਿਲਿਆ ਸੀ, ਜਿਸ ਨੂੰ ਕਿ ਉਨਾਂ ਨੇ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਗਿਫ਼ਟ ਕਰ ਦਿੱਤਾ ਹੈ ਪਰ ਅਮਰਿੰਦਰ ਸਿੰਘ ਇਸ ਗਿਫ਼ਟ ਨੂੰ ਆਪਣੇ ਕੋਲ ਰੱਖਣ ਤੋਂ ਪਹਿਲਾਂ ਜੰਗਲੀ ਜੀਵ ਵਿਭਾਗ ਤੋਂ ਇਜ਼ਾਜਤ ਲੈਣਗੇ। ਸਿੱਧੂ ਨੇ ਕਿਹਾ ਕਿ ਇਸ ਤਿੱਤਰ ਵਿੱਚ ਕੁਝ ਭਰਿਆ ਹੋਇਆ ਹੈ ਪਰ ਇਸ ਦੀ ਇਜ਼ਾਜਤ ਲੈਣੀ ਵੀ ਜਰੂਰੀ ਹੋਣੀ, ਜਿਹੜਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਕਹਿ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।