ਨਵਜੋਤ ਸਿੱਧੂ ਨੇ ਘਰ ’ਤੇ ਲਹਿਰਾਇਆ ਕਾਲਾ ਝੰਡਾ, ਟਵਿੱਟਰ ’ਤੇ ਸ਼ੇਅਰ ਕੀਤੀ ਵੀਡੀਓ

Navjot Sidhu Sachkahoon

 ਲੋਕਾਂ ਨੇ ਰੀ-ਟਵੀਟ ਜਰੀਏ ਸਿੱਧੂ ’ਤੇ ਹੀ ਚੁੱਕੇ ਸੁਆਲ

  •  ਕਈਆਂ ਨੇ ਕਿਹਾ, ਘਰ ਦੀ ਛੱਤ ’ਤੇ ਨਹੀਂ, ਕਿਸਾਨਾਂ ਦੇ ਹੱਕ ’ਚ ਧਰਨੇ ਵਿੱਚ ਜਾਓ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਨਰਾਜ ਚੱਲ ਰਹੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਆਪਣੇ ਘਰ ਦੀ ਛੱਤ ’ਤੇ ਲਹਿਰਾਏ ਕਾਲੇ ਝੰਡੇ ਦੀ ਟਵਿੱਟਰ ’ਤੇ ਸ਼ੇਅਰ ਕੀਤੀ ਵੀਡੀਓ ਤੋਂ ਬਾਅਦ ਲੋਕਾਂ ਨੇ ਟਵੀਟ ਕਰਦਿਆਂ ਨਵਜੋਤ ਸਿੱਧੂ ’ਤੇ ਹੀ ਸੁਆਲ ਖੜ੍ਹੇ ਕਰ ਦਿੱਤੇ ਹਨ। ਉਂਜ ਇੱਧਰ ਕਈ ਕਿਸਾਨ ਆਗੂਆਂ ਵੱਲੋਂ ਵੀ ਕਿਹਾ ਗਿਆ ਕਿ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਵੱਖ-ਵੱਖ ਰਾਜਨੀਤਿਕ ਆਗੂਆਂ ਨੂੰ ਕਿਸਾਨੀ ਸੰਘਰਸ਼ ਦਾ ਜਿਆਦਾ ਹੇਜ ਜਾਗਣ ਲੱਗਿਆ ਹੈ।  ਇੱਧਰ ਅਕਾਲੀ ਆਗੂਆਂ ਵੱਲੋਂ ਵੀ 26 ਮਈ ਨੂੰ ਕਿਸਾਨਾਂ ਦੇ ਹੱਕ ਵਿੱਚ ਘਰਾਂ ’ਤੇ ਕਾਲੇ ਝੰਡੇ ਲਹਿਰਾਏ ਜਾਣ ਦਾ ਸੱਦਾ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਕਿਸਾਨੀ ਅੰਦੋਲਨ ਦੇ ਛੇ ਮਹੀਨੇ ਬੀਤਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਰੋਸ ਵਜੋਂ ਆਪਣੇ ਘਰਾਂ ਅਤੇ ਵਾਹਨਾਂ ’ਤੇ ਕਾਲੇ ਝੰਡੇ ਲਹਿਰਾਉਣ ਦਾ ਸੱਦਾ ਦਿੱਤਾ ਗਿਆ ਸੀ। ਆਪਣੀ ਹੀ ਸਰਕਾਰ ਤੋਂ ਰੁੱਸੇ ਹੋਏ ਕਾਂਗਰਸੀ ਵਿਧਾਇਕ ਨਜਵੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ’ਚ ਆਪਣੀ ਰਿਹਾਇਸ਼ ਉੱਪਰ ਕਿਸਾਨਾਂ ਦੇ ਸੱਦੇ ਤੋਂ ਇੱਕ ਦਿਨ ਪਹਿਲਾਂ ਹੀ ਕਾਲਾ ਝੰਡਾ ਲਹਿਰਾ ਦਿੱਤਾ ਗਿਆ। ਇਸ ਦੀ ਵੀਡੀਓ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਟਵਿੱਟਰ ਹੈਂਡਲ ’ਤੇ ਵੀ ਸ਼ੇਅਰ ਕੀਤੀ ਗਈ ਅਤੇ ਇਨ੍ਹਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਹਰੇਕ ਵਰਗ ਲਈ ਮਾਰੂ ਕਰਾਰ ਦਿੱਤਾ ਗਿਆ।

ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਇਸ ਟਵੀਟ ’ਤੇ ਵੱਡੀ ਗਿਣਤੀ ਲੋਕਾਂ ਵੱਲੋਂ ਕੀਤੇ ਰੀ-ਟਵੀਟ ਨਜਵੋਤ ਸਿੱਧੂ ਨੂੰ ਹੀ ਘੇਰ ਰਹੇ ਹਨ। ਕਈ ਵਿਅਕਤੀ ਵੱਲੋਂ ਲਿਖਿਆ ਗਿਆ ਹੈ ਕਿ ਸਿੱਧੂ ਸਾਹਬ ਘਰ ਦੀ ਛੱਤ ’ਤੇ ਝੰਡੇ ਚਾੜਨ ਨਾਲ ਕੁਝ ਨਹੀਂ ਬਨਣਾ, ਜੇਕਰ ਕਿਸਾਨਾਂ ਦੇ ਹੱਕ ਵਿੱਚ ਹੀ ਖੜ੍ਹੇ ਹੋ ਤਾਂ ਛੱਤ ਦੀ ਥਾਂ ਕਿਸਾਨਾਂ ਦੇ ਵਿੱਚ ਜਾਓ। ਕਈਆਂ ਨੇ ਲਿਖਿਆ ਹੈ ਕਿ ਕਿਸਾਨਾਂ ਦੇ ਵਿੱਚ ਜਾਕੇ ਬੈਠੋ। ਕਈਆਂ ਨੇ ਸਿੱਧੂ ਦੀਆਂ ਪਿਛਲੀਆਂ ਪਾਰਟੀਆਂ ਵਾਲੀਆਂ ਫੁਟੇਜ ਵੀ ਸ਼ੇਅਰ ਕੀਤੀਆਂ ਹਨ ਕਿ ਜਿਸ ਵਿੱਚ ਉਹ ਨਰਿੰਦਰ ਮੋਦੀ ਦੀ ਤਾਰੀਫ਼ ਕਰ ਰਹੇ ਹਨ। ਇਸ ਤੋਂ ਇਲਾਵਾ ਨਵਜੋਤ ਸਿੰਘ ਨੂੰ ਅਨੇਕਾਂ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਵਿਅੰਗ ਕਸੇ ਗਏ ਹਨ।

ਇੱਧਰ ਸਿਆਸੀ ਪੰਡਤਾਂ ਵਿੱਚ ਵੀ ਚਰਚਾ ਹੈ ਕਿ ਨਜਵੋਤ ਸਿੰਘ ਸਿੱਧੂ ਵੱਲੋਂ ਨੇੜੇ ਆ ਰਹੀਆਂ ਚੋਣਾਂ ਨੂੰ ਦੇਖਦਿਆਂ ਕਿਸਾਨੀ ਲਈ ਝੰਡਾ ਲਹਿਰਾਇਆ ਗਿਆ ਹੈ। ਜਦਕਿ ਕਿਸਾਨਾਂ ਵੱਲੋਂ ਤਾਂ ਪਹਿਲਾਂ ਵੀ ਕਈ ਵਾਰ ਕਾਲੇ ਝੰਡੇ ਅਤੇ ਕਿਸਾਨੀ ਝੰਡੀਆਂ ਲਾਉਣ ਦਾ ਸੱਦਾ ਦਿੱਤਾ ਜਾ ਚੁੱਕਾ ਹੈ। ਪੰਜਾਬ ਸਟੂਡੈਂਟ ਵੈਲੇਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਨਜਵੋਤ ਸਿੰਘ ਸਿੱਧੂ ਆਪਣੇ ਸਿਆਸੀ ਮਹੱਤਵ ਲਈ ਪਾਰਟੀਆਂ ਬਦਲਣ ਦੇ ਆਦੀ ਹੋ ਚੁੱਕੇ ਹਨ, ਜਿਸ ਕਾਰਨ ਲੋਕਾਂ ’ਚ ਉਨ੍ਹਾਂ ਦਾ ਵਿਸ਼ਵਾਸ ਘਟਿਆ ਹੈ।

ਰਾਜਨੀਤੀ ਦੀ ਥਾਂ ਸੱਚੇ ਦਿਲੋਂ ਕਿਸਾਨਾਂ ਨਾਲ ਖੜ੍ਹਨ ਵਾਲੇ ਆਗੂਆਂ ਦੀ ਲੋੜ

ਇੱਧਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਕਈ ਆਗੂ ਕਿਸਾਨੀ ਸੰਘਰਸ਼ ’ਤੇ ਆਪਣਾ ਦਾਅ ਖੇਡਣਾ ਚਾਹੁਦੇ ਹਨ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਨੂੰ ਦਿਲੋਂ ਸੱਚੇ ਅਤੇ ਕਿਸਾਨਾਂ ਲਈ ਅੱਗੇ ਹੋਕੇ ਖੜਨ ਵਾਲੇ ਰਾਜਸੀ ਆਗੂਆਂ ਦੀ ਲੋੜ ਹੈ, ਆਪਣਾ ਮਤਲਬ ਕੱਢਣ ਵਾਲਿਆਂ ਦੀ ਨਹੀਂ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾ ਦਾ ਕਹਿਣਾ ਹੈ ਕਿ ਸਿੱਧੂ ਸਾਹਬ ਇਹ ਦੱਸਣ ਕਿ ਉਨ੍ਹਾਂ ਦੀ ਸਰਕਾਰ ਨੇ ਸਾਲ 2017 ’ਚ ਬਣਾਇਆ ਖੁੱਲ੍ਹੀ ਮੰਡੀ ਵਾਲਾ ਕਾਨੂੰਨ ਕਿਉਂ ਨਹੀਂ ਰੱਦ ਕੀਤਾ। ਉਂਜ ਉਨ੍ਹਾਂ ਕਿਹਾ ਕਿ ਕਿਸਾਨੀ ਦੇ ਹੱਕ ਵਿੱਚ ਕਾਲੇ ਝੰਡੇ ਲਾਉਣ ਦਾ ਉਹ ਸਵਾਗਤ ਵੀ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।