ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕੀਤਾ ਨਵਜੋਤ ਸਿੱਧੂ ‘ਤੇ ਸ਼ਬਦੀ ਹਮਲਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪਹਿਚਾਨਣ ਤੋਂ ਇਨਕਾਰ ਕਰਨ ਵਾਲੇ ਨਵਜੋਤ ਸਿੱਧੂ ਅਸਲ ਵਿੱਚ ਆਪਣਾ ਮਾਨਸਿਕ ਸੰਤੁਲਨ ਹੀ ਖੋਹ ਚੁੱਕੇ ਹਨ, ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਹੀ ਨਹੀਂ ਹੁੰਦੀ ਹੈ ਕਿ ਉਹ ਕਰਨਾ ਕੀ ਚਾਹੁੰਦੇ ਹਨ ਤੇ ਬੋਲ ਕੀ ਰਹੇ ਹਨ। ਨਵਜੋਤ ਸਿੱਧੂ ਪਹਿਲਾਂ ਨਰਿੰਦਰ ਮੋਦੀ ਤੇ ਅਰੁਣ ਜੇਤਲੀ ਤੋਂ ਲੈ ਕੇ ਪਰਕਾਸ਼ ਸਿੰਘ ਬਾਦਲ ਨੂੰ ਵੀ ਆਪਣਾ ਪਿਤਾ ਕਹਿ ਚੁੱਕੇ ਹਨ।
ਹੁਣ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਬੋਲਣ ਤੋਂ ਬਾਅਦ ਝਾੜ ਪਈ ਤਾਂ ਹੁਣ ਅਮਰਿੰਦਰ ਸਿੰਘ ਨੂੰ ਪਿਤਾ ਕਹਿਣਾ ਸ਼ੁਰੂ ਕਰਨਾ ਦਿੱਤਾ ਹੈ। ਪਹਿਲਾਂ ਨਵਜੋਤ ਸਿੱਧੂ ਇਹ ਤੈਅ ਕਰ ਲੈਣ ਕਿ ਉਨ੍ਹਾਂ ਦੇ ਆਖ਼ਰਕਾਰ ਪਿਤਾ ਕਿੰਨੇ ਹਨ । ਇਹ ਸ਼ਬਦੀ ਹਮਲਾ ਨਵਜੋਤ ਸਿੱਧੂ ‘ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਵਿਜੇ ਸਾਂਪਲਾ ਨੇ ਕਿਹਾ ਕਿ ਨਵਜੋਤ ਸਿੱਧੂ ਖ਼ੁਦ ਹੀ ਆਪਣੇ ਆਪ ਵਿੱਚ ਸਪਸ਼ੱਟ ਨਹੀਂ ਹੈ ਕਿ ਉਸ ਨੇ ਕਰਨਾ ਕੀ ਹੈ ਤੇ ਕਿਹੜੀ ਪਾਰਟੀ ‘ਚ ਕਰਨਾ ਹੈ।
ਉਨ੍ਹਾਂ ਦੀ ਬੋਲਬਾਣੀ ਨੂੰ ਲੈ ਕੇ ਪਹਿਲਾਂ ਭਾਜਪਾ ਵਿੱਚ ਵੀ ਉਨ੍ਹਾਂ ਨੂੰ ਕਾਫ਼ੀ ਝਾੜਿਆ ਜਾਂਦਾ ਰਿਹਾ ਸੀ ਤੇ ਹੁਣ ਕਾਂਗਰਸ ਵਿੱਚ ਵੀ ਇਹੋ ਹੀ ਉਨ੍ਹਾਂ ਦਾ ਹਾਲ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦੀ ਇੱਕ ਸ਼ਾਨ ਹੁੰਦੀ ਹੈ ਅਤੇ ਉਸ ਨੂੰ ਕਾਇਮ ਰੱਖਣਾ ਵੀ ਜਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਮਤਭੇਦ ਜਰੂਰ ਹੁੰਦੇ ਹਨ ਪਰ ਜਦੋਂ ਅਸੀਂ ਵੀ ਸੂਬੇ ਤੋਂ ਬਾਹਰ ਜਾਂਦੇ ਹਾਂ ਤਾਂ ਆਪਣੇ ਸੂਬੇ ਦੇ ਮੁੱਖ ਮੰਤਰੀ ਖ਼ਿਲਾਫ਼ ਕੁਝ ਵੀ ਬੋਲਣ ਦੀ ਥਾਂ ‘ਤੇ ਸੂਬੇ ਦੇ ਹੱਕ ਵਿੱਚ ਡਟ ਕੇ ਗੱਲ ਕਰਦੇ ਹਾਂ ਪਰ ਨਵਜੋਤ ਸਿੱਧੂ ਨੇ ਆਪਣੇ ਹੀ ਸੂਬੇ ਤੋਂ ਬਾਹਰ ਆਪਣੇ ਹੀ ਮੁੱਖ ਮੰਤਰੀ ਖ਼ਿਲਾਫ਼ ਬਿਆਨ ਤੱਕ ਦੇ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਰਤਾਰਪੁਰ ਲਾਂਘਾ ਕਿਸੇ ਵੀ ਕ੍ਰੈਡਿਟ ਦੀ ਭੇਂਟ ਨਹੀਂ ਚੜ੍ਹਨਾ ਚਾਹੀਦਾ ਹੈ, ਇਸ ਲਈ ਭਾਜਪਾ ਵੱਲੋਂ ਇਸ ਲਾਂਘੇ ਲਈ ਸਿਰਫ਼ ਬਾਬਾ ਨਾਨਕ ਨੂੰ ਹੀ ਕ੍ਰੈਡਿਟ ਦਿੱਤਾ ਜਾ ਰਿਹਾ ਹੈ।
ਅੱਤਵਾਦ ਦੀ ਸਪਲਾਈ ਨਾ ਹੋਵੇ, ਬਣੇਗੀ ਚੈੱਕ ਪੋਸਟ
ਵਿਜੇ ਸਾਂਪਲਾ ਨੇ ਕਿਹਾ ਕਿ ਪਾਕਿਸਤਾਨ ਦੇ ਮੰਤਰੀਆਂ ਦੇ ਬਿਆਨ ਤੋਂ ਬਾਅਦ ਇਹ ਸ਼ੰਕੇ ਪੈਦਾ ਹੋ ਗਏ ਹਨ ਕਿ ਪਾਕਿਸਤਾਨ ਵਾਲੇ ਪਾਸਿਓਂ ਇਸ ਲਾਂਘੇ ਰਾਹੀਂ ਕਿਤੇ ਅੱਤਵਾਦੀ ਭਾਰਤ ‘ਚ ਸਪਲਾਈ ਹੋਣੇ ਸ਼ੁਰੂ ਨਾ ਹੋ ਜਾਣ। ਇਸ ਲਈ ਭਾਰਤ ਸਰਕਾਰ ਵੱਲੋਂ ਮੌਕੇ ‘ਤੇ ਕਈ ਚੈੱਕ ਪੋਸਟਾਂ ਵੀ ਬਣਾਈਆਂ ਜਾਣਗੀਆਂ ਤਾਂ ਕਿ ਕੋਈ ਵੀ ਅੱਤਵਾਦੀ ਇਸ ਪਾਸੇ ਸਪਲਾਈ ਨਾ ਹੋ ਸਕੇ।