ਸਿੱਧੂ-ਬਾਜਵਾ ਦੀ ਜੱਫੀ ਖਜਾਨੇ ‘ਤੇ ਪਈ ਭਾਰੀ, ਪਾਕਿ ਨਿਜੀ ਦੌਰੇ ਲਈ ਸਿੱਧੂ ਨੇ ਪਾਇਆ ਸਰਕਾਰ ਸਿਰ ਖ਼ਰਚ
ਵਾਘਾ ਬਾਰਡਰ ਤੱਕ ਆਉਣ ਅਤੇ ਜਾਣ ਤੋਂ ਲੈ ਕੇ ਰੋਜ਼ਾਨਾ ਭੱਤਾ ਵੀ ਕੀਤਾ ਕਲੇਮ
ਚੰਡੀਗੜ (ਅਸ਼ਵਨੀ ਚਾਵਲਾ)। ਨਵਜੋਤ ਸਿੱਧੂ (Navjot sidhu) ਅਤੇ ਪਾਕਿ ਫੌਜ ਦੇ ਜਨਰਲ ਬਾਜਵਾ ਦੀ ਪਾਕਿਸਤਾਨ ਵਿਖੇ ਪਈ ਜੱਫੀ ਪੰਜਾਬ ਸਰਕਾਰ ਦੇ ਖਜਾਨੇ ‘ਤੇ ਭਾਰੀ ਪੈ ਗਈ ਹੈ। ਨਵਜੋਤ ਸਿੱਧੂ ਨੇ ਝੂਠ ਬੋਲਦੇ ਹੋਏ ਨਾ ਸਿਰਫ਼ ਪਾਕਿਸਤਾਨ ਦੇ ਇਸ ਦੌਰੇ ਨੂੰ ਸਰਕਾਰੀ ਦੌਰਾ ਕਰਾਰ ਦਿੱਤਾ ਹੋਇਆ ਹੈ, ਸਗੋਂ ਇਸ ਤਰਾਂ ਦੇ ਦੌਰੇ ਦੌਰਾਨ ਪੰਜਾਬ ਸਰਕਾਰ ਤੋਂ ਮੰਤਰੀ ਨੂੰ ਮਿਲਣ ਵਾਲਾ ਹਰ ਤਰਾਂ ਦਾ ਕਲੇਮ ਲੈ ਲਿਆ ਹੈ।
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਾਕਿਸਤਾਨ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰੋਕਿਆ ਵੀ ਸੀ ਪਰ ਨਵਜੋਤ ਸਿੱਧੂ ਵਲੋਂ ਜਿੱਦ ਕਰਨ ਦੇ ਬਾਅਦ ਅਮਰਿੰਦਰ ਸਿੰਘ ਨੇ ਇਸ ਦੌਰੇ ਨੂੰ ਉਨਾਂ ਦਾ ਨਿੱਜੀ ਦੌਰਾ ਕਰਾਰ ਦਿੰਦੇ ਹੋਏ ਜਾਣ ਦੀ ਇਜਾਜ਼ਤ ਦਿੱਤੀ ਸੀ ਪਰ ਹੁਣ ਸਰਕਾਰੀ ਕਾਗ਼ਜ਼ਾਤ ਬਾਹਰ ਆਉਣ ਤੋਂ ਬਾਅਦ ਕੁਝ ਹੋਰ ਹੀ ਖ਼ੁਲਾਸਾ ਹੋ ਰਿਹਾ ਹੈ। ਜਿਸ ਵਿੱਚ ਨਵਜੋਤ ਸਿੱਧੂ ਨੇ ਹੈੱਡ ਕੁਆਟਰ ਤੋਂ ਬਾਹਰ ਮਿਲਣ ਵਾਲੇ ਟੀ.ਏ. ਅਤੇ ਪੈਟਰੋਲ ਖ਼ਰਚ ਸਣੇ ਡਰਾਇਵਰ ਦੀ ਤਨਖ਼ਾਹ ਤੱਕ ਲਈ ਹੋਈ ਹੈ।
ਜਾਣਕਾਰੀ ਅਨੁਸਾਰ ਪਿਛਲੇ ਸਾਲ ਪਾਕਿਸਤਾਨ ਵਿਖੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ 18 ਅਗਸਤ 2018 ਨੂੰ ਰੱਖਿਆ ਗਿਆ ਸੀ, ਜਿਸ ਵਿੱਚ ਸ਼ਾਮਲ ਹੋਣ ਲਈ ਨਵਜੋਤ ਸਿੱਧੂ ਨੂੰ ਬਤੌਰ ਦੋਸਤ ਭਾਗ ਲੈਣ ਲਈ ਸੱਦਾ ਭੇਜਿਆ ਗਿਆ ਸੀ। ਇਸ ਸੱਦੇ ਦੇ ਆਉਣ ਤੋਂ ਬਾਅਦ ਦੇਸ਼ ਭਰ ਵਿੱਚ ਸਿਆਸਤ ਹੋਈ ਅਤੇ ਕਪਿਲ ਦੇਵ ਵਰਗੇ ਖਿਡਾਰੀਆਂ ਨੇ ਇਸ ਸਮਾਗਮ ਵਿੱਚ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਦੌਰਾਨ ਹੀ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਨਾ ਸਿਰਫ਼ ਪਾਕਿਸਤਾਨ ਜਾਣ ਲਈ ਡਟੇ ਰਹੇ ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਕਾਫ਼ੀ ਜਿਆਦਾ ਦਬਾਅ ਵੀ ਪਾਇਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਵੀ ਦਿੱਤੀ ਸੀ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਲਾਹ ਨੂੰ ਦਰਕਿਨਾਰ ਕਰਦੇ ਹੋਏ ਨਵਜੋਤ ਸਿੱਧੂ ਪਾਕਿਸਤਾਨ ਗਏ ਸਨ।
ਗੱਡੀ ਦਾ ਪੈਟਰੋਲ ਅਤੇ ਡਰਾਇਵਰ ਦੀ ਤਨਖ਼ਾਹ ਤੱਕ ਸਰਕਾਰ ਤੋਂ ਲਿਆ ਕਲੇਮ
ਜਿਥੇ ਕਿ ਨਵਜੋਤ ਸਿੱਧੂ ਨੇ 18 ਅਗਸਤ ਨੂੰ ਪਾਕਿਸਤਾਨੀ ਫੌਜ ਮੁੱਖੀ ਜਰਨਲ ਬਾਜਵਾ ਨੂੰ ਜੱਫੀ ਪਾ ਕੇ ਮਿਲੇ ਸਨ, ਜਿਸ ਤੋਂ ਬਾਅਦ ਦੇਸ ਵਿੱਚ ਕਾਫ਼ੀ ਜਿਆਦਾ ਵਿਵਾਦ ਵੀ ਹੋਇਆ ਸੀ।
ਨਵਜੋਤ ਸਿੱਧੂ ਨੇ ਆਪਣੇ ਇਸ ਗੈਰ ਸਰਕਾਰੀ ਦੌਰੇ ਨੂੰ ਸਰਕਾਰੀ ਦੌਰਾ ਕਰਾਰ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਹਰ ਤਰਾਂ ਦਾ ਕਲੇਮ ਲਿਆ ਹੋਇਆ ਹੈ। ਇਸ ਦੇ ਦਸਤਾਵੇਜ਼ ਹੁਣ ਆਰ.ਟੀ.ਆਈ. ਰਾਹੀਂ ਬਾਹਰ ਆ ਗਏ ਹਨ।
ਨਵਜੋਤ ਸਿੱਧੂ 17 ਅਗਸਤ 2018 ਨੂੰ ਆਪਣੀ ਕਾਰ ਰਾਹੀਂ ਅੰਮ੍ਰਿਤਸਰ ਵਾਘਾ ਬਾਰਡਰ ਪੁੱਜੇ ਸਨ, ਇਸ ਲਈ ਨਵਜੋਤ ਸਿੱਧੂ ਨੇ 88 ਕਿਲੋਮੀਟਰ ਦੇ ਸਫ਼ਰ ਦਾ 15 ਰੁਪਏ ਪ੍ਰਤੀ ਕਿਲੋਮੀਟਰ ਦਾ 1320 ਰੁਪਏ ਕਲੇਮ ਲਿਆ ਹੈ। ਇਸੇ ਤਰ੍ਹਾਂ 17 ਅਗਸਤ ਦਾ ਰੋਜ਼ਾਨਾ ਭੱਤੇ ਦੇ ਤੌਰ ‘ਤੇ 1500 ਰੁਪਏ ਵੱਖਰੇ ਲਏ ਹਨ।
ਇਸ ਤੋਂ ਬਾਅਦ ਨਵਜੋਤ ਸਿੱਧੂ 17 ਅਗਸਤ ਅਤੇ 18 ਅਗਸਤ ਦੀ ਰਾਤ ਨੂੰ ਪਾਕਿਸਤਾਨ ਵਿਖੇ ਠਹਿਰੇ। ਪਾਕਿਸਤਾਨ ਤੋਂ ਉਹ 19 ਅਗਸਤ ਨੂੰ ਬਾਅਦ ਦੁਪਹਿਰ ਭਾਰਤ ਵਾਪਸ ਆਏ ਸਨ, ਜਿਥੇ ਕਿ ਉਨਾਂ ਨੇ ਵਾਘਾ ਬਾਰਡਰ ਤੋਂ ਚੰਡੀਗੜ ਤੱਕ 370 ਕਿਲੋਮੀਟਰ ਦਾ 15 ਰੁਪਏ ਪ੍ਰਤੀ ਕਿਲੋਮੀਟਰ 5550 ਰੁਪਏ ਕਲੇਮ ਕੀਤਾ ਹੋਇਆ ਹੈ। ਇਸ ਦੇ ਨਾਲ ਹੀ 19 ਅਗਸਤ ਦਾ ਰੋਜ਼ਾਨਾ ਭੱਤੇ ਤਹਿਤ 750 ਰੁਪਏ ਲਏ ਹਨ। ਇਸ ਨਾਲ ਹੀ ਨਵਜੋਤ ਸਿੱਧੂ ਨੇ ਇਨਾਂ ਤਿੰਨ ਦਿਨਾਂ ਦੀ ਗੱਡੀ ਦੇ ਡਰਾਇਵਰ ਦੀ ਤਨਖ਼ਾਹ 1000 ਰੁਪਏ ਵੀ ਸਰਕਾਰ ਤੋਂ ਲਈ ਹੋਈ ਹੈ।
ਪਾਕਿਸਤਾਨ ਦੌਰੇ ਨੂੰ ਦਿਖਾਇਆ ਗਿਆ ਸਰਕਾਰੀ ਡਿਊਟੀ
ਨਵਜੋਤ ਸਿੱਧੂ ਵਲੋਂ ਪਾਕਿਸਤਾਨ ਦੇ ਦੌਰੇ ਦਾ ਆਪਣੇ ਕਲੇਮ ਵਿੱਚ ਕਿਤੇ ਵੀ ਜਿਕਰ ਤੱਕ ਨਹੀਂ ਕੀਤਾ ਹੋਇਆ। Àਨ੍ਹਾਂ ਨੇ ਸਰਕਾਰ ਤੋਂ 17 ਅਤੇ 18 ਅਗਸਤ ਸਣੇ 19 ਅਗਸਤ 2018 ਦਾ ਕਲੇਮ ਲੈਣ ਮੌਕੇ ਇਹ ਜਾਣਕਾਰੀ ਦਿੱਤੀ ਕਿ ਉਹ ਵਾਘਾ ਬਾਰਡਰ ਤੱਕ ਗਏ ਸਨ ਅਤੇ ਉਥੋਂ ਹੀ ਵਾਪਸ ਆ ਗਏ ਸਨ। ਇਸ ਦੌਰਾਨ 18 ਅਗਸਤ ਨੂੰ ਉਹ ਅੰਮ੍ਰਿਤਸਰ ਵਿਖੇ ਹੀ ਰਹੇ ਸਨ। ਜਿਸ ਤੋਂ ਬਾਅਦ ਉਨਾਂ ਦੀ ਗੱਡੀ 19 ਅਗਸਤ ਨੂੰ ਮੁੜ ਤੋਂ ਵਾਘਾ ਬਾਰਡਰ ਗਈ, ਜਿਸ ਤੋਂ ਬਾਅਦ ਜਲੰਧਰ ਰਾਹੀਂ ਚੰਡੀਗੜ ਵਿਖੇ ਉਹ ਪੁੱਜ ਗਏ। ਇਸ ਲਈ 19 ਅਗਸਤ ਦਾ ਕਲੇਮ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।