ਹਕੂਮਤ ਤੇ ਜ਼ਹਿਮਤ ਅੱਗੇ ਹਾਰੀ ਨੈਸ਼ਨਲ ਖਿਡਾਰਨ

National, Player, Defeats, Before, Government, Disorder

ਕੁੱਲੀ ‘ਚ ਰਹਿਣ ਲਈ ਮਜ਼ਬੂਰ (Player)

ਬਰਨਾਲਾ, ਜੀਵਨ ਰਾਮਗੜ•/ਸੱਚ ਕਹੂੰ ਨਿਊਜ਼

ਬਰਨਾਲਾ ਜਿਲਾ ਦੇ ਕਸਬਾ ਭਦੌੜ ‘ਚ ਸਰਕਾਰੀ ਬੇਰੁਖੀ ਦੀ ਸ਼ਿਕਾਰ ਇੱਕ ਬੈਡਮਿੰਟਨ ਦੀ ਨੈਸ਼ਨਲ ਪਲੇਅਰ (Player) ਨੂੰ ਜ਼ਹਿਮਤ ਤੇ ਹਕੂਮਤ ਨੇ ਹਰਾ ਦਿੱਤਾ। ਨੈਸ਼ਨਲ ਖਿਡਾਰਨ ਹੁਣ ਗੁੰਮਨਾਮ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ, ਛੱਜ ਘਾੜਿਆਂ ਦੇ ਕਬੀਲੇ ਨਾਲ ਸਬੰਧਤ ਇਹ ਖਿਡਾਰਨ ਲੜਕੀ ਕੁੱਲੀ ‘ਚ ਆਪਣੀ ਮਾਂ ਨਾਲ ਛੱਜ ਵੇਚ ਕੇ ਦਿਨ-ਕਟੀ ਕਰਨ ਲਈ ਮਜ਼ਬੂਰ ਹੈ।

ਇਨਾਂ ਸਤਰਾਂ ਵਿਚਕਾਰ ਲੱਗੀ ਤਸਵੀਰ ਹੀ ਬੇਸ਼ੱਕ ਬਹੁਤ ਕੁਝ ਬਿਆਨ ਕਰਨ ਲਈ ਕਾਫੀ ਹੈ, ਪ੍ਰੰਤੂ ਫਿਰ ਵੀ ਜੇਕਰ ਤੁਸੀਂ ਇਸ ਤਸਵੀਰ ਪਿਛਲੀ ਹਕੀਕਤ ਜਾਣੋਗੇ ਤਾਂ ਹਾਕਮਾਂ ‘ਤੇ ਹਰਖ਼ ‘ਤੇ ਇਸ ਲੜਕੀ ‘ਤੇ ਤਰਸ ਜਰੂਰ ਕਰੋਂਗੇ। ਤਸਵੀਰ ਵਿੱਚ ਆਪਣੀ ਕੁੱਲੀ ਅੱਗੇ ਜਵਾਨ ਧੀ ਨਾਲ ਮੰਜੇ ‘ਤੇ ਬੈਠੀ ਬਜ਼ੁਰਗ ਸੁਖਵਿੰਦਰ ਕੌਰ ਹੈ, ਜਿਸ ਨੇ ਆਪਣੀ ਬੇਟੀ ਨੂੰ ਬਚਾਇਆ ਵੀ, ਪੜਾਇਆ ਵੀ ਅਤੇ ਨੈਸ਼ਨਲ ਪਲੇਅਰ ਵੀ ਬਣਾਇਆ ਪ੍ਰੰਤੂ ‘ਬੇਟੀ ਬਚਾਓ ਬੇਟੀ ਪੜਾਓ’ ਦਾ ਨਾਅਰਾ ਦੇਣ ਵਾਲੀਆਂ ਸਰਕਾਰਾਂ ਦੀ ਬੇਰੁਖੀ ਨੇ ਸਿਰਫ ਦਰਦ ਦਿੱਤਾ ਗਰੀਬੀ ਦਿੱਤੀ, ਬਿਮਾਰੀ ਦਿੱਤੀ ਲਾਚਾਰੀ ਦਿੱਤੀ, ਜਿਸ ਕਾਰਨ ਬੈਡਮਿੰਟਨ ਦੀ ਨੈਸ਼ਨਲ ਪਲੇਅਰ ਰਹਿ ਚੁੱਕੀ ਮਨਜੀਤ ਕੌਰ ਅੱਜ ਵੀ ਬਿਮਾਰ ਹਾਲਤ ਵਿੱਚ ਝੁੱਗੀਆਂ ਝੌਂਪੜੀਆਂ ‘ਚ ਰਹਿਣ ਲਈ ਮਜ਼ਬੂਰ ਹੈ। (Player)

ਬੈਡਮਿੰਟਨ ਦੀ ਨੈਸ਼ਨਲ ਪਲੇਅਰ ਰਹਿ ਚੁੱਕੀ ਮਨਜੀਤ ਕੌਰ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਸ ਨੂੰ ਚੌਥੀ ਜਮਾਤ ਵਿੱਚ ਪੜਦਿਆਂ ਹੀ ‘ਚਿੜੀ-ਬੱਲੇ’ ਦਾ ਸ਼ੌਂਕ ਪੈ ਗਿਆ ਸੀ ਜੋ ਕੁਝ ਕੁ ਸਮੇਂ ਬਾਅਦ ਹੀ ਬੈਡਮਿੰਟਨ ਦੇ ਜਨੂੰਨ ਵਿੱਚ ਬਦਲ ਗਿਆ। ਸਕੂਲ ਵਿੱਚ ਪੜਦਿਆਂ ਹੀ ਉਸ ਨੇ ਬੈਡਮਿੰਟਨ ਦੇ ਮੁਕਾਬਲੇ ਵਿੱਚ ਜ਼ੋਨ ਪੱਧਰ ਦੇ ਮੁਕਾਬਲੇ ਜਿੱਤੇ ਫਿਰ ਜਿਲਾ ਪੱਧਰ ਅਤੇ ਜਲਦੀ ਹੀ ਉਸਨੇ ਆਪਣੇ ਕੋਚ ਨਿਰਮਲ ਸਿੰਘ ਅਤੇ ਰਾਜਵਿੰਦਰ ਸਿੰਘ ਦੀ ਗੁਰ ਵਿੱਦਿਆ ਸਦਕਾ ਪੰਜਾਬ ਦੀ ਬੈਡਮਿੰਟਨ ਵਿੱਚ ਚੈਂਪੀਅਨ ਬਣ ਗਈ। ਬੈਡਮਿੰਟਨ ਟੀਮ ਦੀ ਕਪਤਾਨ ਵੀ ਮਨਜੀਤ ਹੀ ਰਹੀ 1983 ਚ ਜਨਮੀ ਮਨਜੀਤ ਨੇ 1996 ‘ਚ ਨੈਸ਼ਨਲ ਪਲੇਅਰ ਬਣਨ ਦਾ ਸੁਪਨਾ ਪੂਰਾ ਕਰ ਲਿਆ ਸੀ। ਉਸ ਨੇ ਦਿੱਲੀ ਵਿਖੇ ਹੋਈਆਂ 42 ਵੀਆਂ ਨੈਸ਼ਨਲ ਸਕੂਲ ਗੇਮਜ਼ ਅੰਡਰ 14 ‘ਚ ਹਿੱਸਾ ਲਿਆ ਇਸ ਸਮੇਂ ਦੌਰਾਨ ਹੀ ਉਸ ਦੇ ਪਿਤਾ ਸਵਰਨ ਸਿੰਘ ਦਾ ਛਾਇਆ ਉਸ ਦੇ ਸਿਰੋਂ ਉਠ ਗਿਆ। (Player)

ਪਿਤਾ ਨੂੰ ਆਏ ਦਿਲ ਦੇ ਦੌਰੇ ਨੇ ਪੂਰੇ ਪਰਿਵਾਰ ਨੂੰ ਸੁੰਨ ਕਰ ਦਿੱਤਾ। ਸਾਰੀ ਜਿੰਮੇਵਾਰੀ ਆਪਣੇ ਸਿਰ ਓਟਦਿਆਂ ਮਨਜੀਤ ਦੀ ਮਾਂ ਸੁਖਵਿੰਦਰ ਕੌਰ ਨੇ ਆਪਣੀ ਧੀ ਦੇ ਸੁਫਨੇ ਪੂਰੇ ਕਰਨ ਦੀ ਠਾਣ ਲਈ ਗਰੀਬੀ ਨੇ ਬੇਸ਼ੱਕ ਕੋਈ ਪੇਸ਼ ਨਾ ਜਾਣ ਦਿੱਤੀ ਪਰੰਤੂ ਸੁਖਵਿੰਦਰ ਕੌਰ ਨੇ ਉਸਨੂੰ ਅਨੇਕਾਂ ਟੂਰਨਾਮੈਂਟ ਖਿਡਾਏ ਅਤੇ ਨਾਲ ਨਾਲ ਪੜਾਇਆ ਵੀ ਮਨਜੀਤ ਨੇ ਆਰਟ ਐਂਡ ਕਰਾਫਟ ਦਾ ਕੋਰਸ ਕਰਨ ਉਪਰੰਤ ਬੀ ਏ ਵੀ ਕੀਤੀ। ਗ਼ੁਰਬਤ ਨੇ ਅਖੀਰ ਮਾਵਾਂ ਧੀਆਂ ਨੂੰ ਹੰਭਾਅ ਲਿਆ ਤੇ ਮਨਜੀਤ ਨੂੰ ਹੱਡੀਆਂ ਦੇ ਜੋੜਾਂ ਦੀ ਤਕਲੀਫ ਸ਼ੁਰੂ ਹੋ ਗਈ। ਮਨਜੀਤ ਨੇ ਦੱਸਿਆ ਕਿ ਢੁੱਕਵੀਂ ਖੁਰਾਕ ਨਾ ਮਿਲਣ ਅਤੇ ਗਰਾਊੁਂਡਾਂ ‘ਚ ਵਿੱਤੋਂ ਵੱਧ ਜ਼ੋਰ ਲਾਉਣ ਕਾਰਨ ਉਸ ਨੂੰ ਬਿਮਾਰੀ ਨੇ ਇੱਕ ਵਾਰ ਮੰਜੇ ‘ਤੇ ਪਾ ਦਿੱਤਾ। ਬੈਡਮਿੰਟਨ ‘ਚ ਛੱਕੇ ਛੁਡਾਉਣ ਵਾਲੀ ਮਨਜੀਤ ਨੂੰ ਬਿਮਾਰੀ ਨੇ ਮੁੜ ਕੁੱਲੀ ‘ਚ ਧੱਕ ਦਿੱਤਾ। ਉਸ ਦੀ ਮਾਂ ਨੇ ਇਲਾਜ ਕਰਵਾ ਕੇ ਮਨਜੀਤ ਨੂੰ ਮੰਜੇ ਤੋਂ ‘ਠਾ ਘਰ ਦੇ ਕੰਮ ਕਾਜ ਜੋਗਾ ਤਾਂ ਕਰ ਲਿਆ ਪਰੰਤੂ ਖੇਡ ਗਰਾਊੁਂਡ ਛੁੱਟ ਗਿਆ। (Player)

ਮਨਜੀਤ ਨੇ ਕਿਹਾ ਕਿ ਖੇਡ ਹਰ ਖਿਡਾਰੀ ਦਾ ਪਹਿਲਾਂ ਸ਼ੌਂਕ ਹੁੰਦਾ ਤੇ ਫਿਰ ਜਨੂਨ, ਉਹ ਭਾਵੁਕ ਹੁੰਦੀ ਦੱਸਦੀ ਹੈ ਕਿ ਉਸਦੇ ਖੇਡ ਸਰਟੀਫਿਕੇਟ ਤੇ ਬੈਡਮਿੰਟਨ ਰੈਕੇਟ (ਬੱਲਾ) ਉਸ ਨੂੰ ਦਰਦ ਵੀ ਦਿੰਦੇ ਨੇ ਤੇ ਤਸੱਲੀ ਵੀ ਗੁਜ਼ਾਰੇ ਸਬੰਧੀ। ਉਸ ਨੇ ਦੱਸਿਆ ਕਿ ਮਾਂ ਨਾਲ ਉਹ ਛੱਜ ਬਣਾਉਣ ‘ਚ ਮੱਦਦ ਕਰਦੀ ਹੈ। ਛੱਜ ਪਿੰਡਾਂ ‘ਚ ਵੇਚ ਕੇ ਗੁਜ਼ਾਰਾ ਚਲਦਾ ਹੈ। ਮਨਜੀਤ ਦੱਸਦੀ ਹੈ ਕਿ ਜੇਕਰ ਸਰਕਾਰ ਥੋੜ•ੀ ਜਿਹੀ ਵੀ ਮੱਦਦ ਕਰਦੀ ਤਾਂ ਉਸ ਦਾ ਸੁਫਨਾ ਸੀ ਕਿ ਉਹ ਝੁੱਗੀਆਂ ਝੌਪੜੀਆਂ ‘ਚ ਵਸਦੇ ਜੁਆਕਾਂ ਨੂੰ ਖਿਡਾਰੀ ਬਣਾਉਂਦੀ। ਮਨਜੀਤ ਦੀ ਮਾਂ ਸੁਖਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਕਹਿੰਦੀ ਤਾਂ ਬਥੇਰਾ ਕੁਝ ਆ, ਪਰ ਜਦੋਂ ਉਸਦੀ ਧੀ ਦਾ ਕੁਝ ਬਣਾਊ ਫੇਰ ਹੀ ਜਾਣਾਂਗੇ। (Player)

  • ਭਦੌੜ ਦੇ ਸਮਾਜ ਸੇਵੀ ਆਗੂ ਡਾਕਟਰ ਵਿਪਨ ਕੁਮਾਰ, ਹੈਪੀ ਬਾਂਸਲ, ਡਾ. ਇੰਦਰਜੀਤ ਸਿੰਘ ਪੱਪੂ ਨੇ ਕਿਹਾ ਕਿ ਸਾਬਕਾ ਖਿਡਾਰੀਆਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਕਾਰਨ ਹੀ ਨਵੇਂ ਖਿਡਾਰੀ ਪੈਦਾ ਨਹੀਂ ਹੋ ਰਹੇ। ਸਰਕਾਰ ਨੂੰ ਅਜਿਹੇ ਖਿਡਾਰੀਆਂ ਦੀ ਪਹਿਲ ਦੇ ਅਧਾਰ ਤੇ ਮੱਦਦ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਮਨਜੀਤ ਜਿਸ ਕਬੀਲੇ ਨਾਲ ਸੰਬੰਧਿਤ ਹੈ ਜਾਂ ਜਿਸ ਹਾਲਤਾਂ ‘ਚ ਉਸਨੇ ਪੜਾਈ ਤੇ ਖੇਡ ਖੇਤਰ ‘ਚ ਮੱਲਾਂ ਮਾਰੀਆਂ ਹਨ। ਉਹ ਵਾਕਿਆ ਹੀ ਕਾਬਿਲੇਤਰੀਫ ਹੈ। ਉਨਾਂ ਸਰਕਾਰ ਨੂੰ ਤੁਰੰਤ ਇਸ ਵੱਲ ਗੌਰ ਕਰਨ ਦੀ ਅਪੀਲ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।