ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਪੰਜਾਬ ਸਰਕਾਰ ਖਿਲਾਫ ਹੱਲਾ ਬੋਲ ਹੜਤਾਲ 23 ਤੋਂ
ਪਟਿਆਲਾ, (ਸੱਚ ਕਹੂੰ ਨਿਊਜ਼)। ਸਿਹਤ ਵਿਭਾਗ ਪੰਜਾਬ ਵਿੱਚ ਨੈਸ਼ਨਲ ਹੈਲਥ ਮਿਸ਼ਨ ਵਿੱਚ ਪਿਛਲੇ ਵੀਹ ਸਾਲਾਂ ਤੋਂ ਠੇਕੇ ‘ਤੇ 9000 ਦੇ ਕਰੀਬ ਉੱਚ ਵਿੱਦਿਅਕ ਸਿਹਤ ਮੁਲਾਜ਼ਮ ਬਹੁਤ ਹੀ ਘੱਟ ਉੱਕਾ-ਪੁੱਕਾ ਤਨਖਾਹ ‘ਤੇ ਕੰਮ ਕਰ ਰਹੇ ਹਨ ਕਈ ਮੁਲਾਜ਼ਮਾਂ ਦੀ ਇਸ ਮਿਸ਼ਨ ਵਿੱਚ ਨੌਕਰੀ ਕਰਦੇ ਉਮਰ ਵੀ ਇੰਨੀ ਹੋ ਗਈ ਹੈ ਕਿ ਹੁਣ ਉਹ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਿਸੇ ਹੋਰ ਪਾਸੇ ਵੀ ਨਹੀਂ ਜਾ ਸਕਦੇ ਪੇ ਸਕੇਲਾਂ ਅਤੇ ਰੈਗੂਲਰ ਹੋਣ ਦੀ ਆਸ ਨੂੰ ਲੈ ਕੇ ਹਜਾਰਾਂ ਮੁਲਾਜ਼ਮ ਇਸ ਮਿਸ਼ਨ ਵਿੱਚ ਆਪਣੀ ਜਿੰਦਗੀ ਨੂੰ ਦਾਅ ‘ਤੇ ਲਗਾਈ ਬੈਠੇ ਹਨ ਅਤੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਕੇ ਫਰੰਟ ‘ਤੇ ਬਹੁਤ ਹੀ ਘੱਟ ਤਨਖਾਹਾਂ ਨਾਲ ਦਿਨ ਰਾਤ ਕੰਮ ਕਰ ਰਹੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਵਿੱਚ ਕੰਮ ਕਰਦੇ ਕਰਮਚਾਰੀ ਪਿਛਲੇ 12-15 ਸਾਲਾਂ ਤੋਂ ਠੇਕੇ ‘ਤੇ ਨੌਕਰੀ ਕਰਦੇ ਕਰਦੇ ਅੱਕ ਗਏ ਹਨ। ਪੰਜਾਬ ਸਰਕਾਰ ਨੇ ਇਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਦਾ ਕੋਈ ਇਨਾਮ ਨਹੀਂ ਦਿੱਤਾ ਜਦੋਂ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਕਰਮਚਾਰੀਆਂ ਨੂੰ ਇਹ ਵਾਅਦਾ ਟੁੱਟਦਾ ਨਜਰ ਆ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਥਾਂ ਨਵੀਆਂ ਨਵੇਂ ਸਿਰੇ ਤੋਂ ਪੋਸਟਾਂ ਕੱਢ ਰਹੀ ਹੈ ਜਦੋਂ ਕਿ ਖਾਲੀ ਪੋਸਟਾਂ ‘ਤੇ ਇਹ ਕਰਮਚਾਰੀ ਐਡਜਸਟ ਹੋ ਸਕਦੇ ਹਨ
ਇਸ ਰੋਸ ਵਜੋਂ ਨੈਸ਼ਨਲ ਹੈਲਥ ਮਿਸ਼ਨ ਦੇ ਸਾਰੇ ਕਰਮਚਾਰੀ 23 ਜੁਲਾਈ ਤੋਂ ਕੰਮ ਕਾਰ ਛੱਡਕੇ ਪੰਜਾਬ ਸਰਕਾਰ ਖਿਲਾਫ ਹੱਲਾ ਬੋਲ ਹੜਤਾਲ ਕਰਨ ਜਾ ਰਹੇ ਹਨ ਇਸ ਵੇਲੇ ਰੂਰਲ ਫਾਰਮਾਸਿਸਟ ਵੀ ਹੜਤਾਲ ‘ਤੇ ਡਟੇ ਹੋਏ ਹਨ ਅਤੇ 20 ਜੁਲਾਈ ਤੋਂ ਪੰਜਾਬ ਭਰ ਦੀਆਂ ਆਸਾ ਵਰਕਰਾਂ ਨੇ ਵੀ ਹੜਤਾਲ ਦਾ ਬਿਗਲ ਵਜਾਉਣਾ ਹੈ ਇਸ ਮੌਕੇ ਹਰਪਾਲ ਸਿੰਘ ਸੋਢੀ, ਜਗਜੀਤ ਸਿੰਘ, ਵਰਿੰਦਰ ਸਿੰਘ, ਮਨੀਸ ਕੁਮਾਰ, ਅਨਿਲ ਕੁਮਾਰ, ਵਿੱਕੀ ਵਰਮਾ, ਸੁਖਜਿੰਦਰ ਸਿੰਘ ਆਦਿ ਹਾਜਿਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ