ਪੁਲਿਸ ਵੱਲੋਂ ਨਾਮਚਰਚਾ ਪੰਡਾਲ ਤੇ ਸ਼ਹਿਰ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
ਕੋਟਕਪੂਰਾ, ਸੱਚ ਕਹੂੰ ਨਿਊਜ਼। ਨਾਭਾ ਜੇਲ੍ਹ ‘ਚ ਪਿਛਲੇ ਦਿਨੀਂ ਸ਼ਰਾਰਤੀ ਅਨਸਰਾਂ ਦੁਆਰਾ ਕੀਤੇ ਗਏ ਹਮਲੇ ‘ਚ ਸ਼ਹਾਦਤ ਪ੍ਰਾਪਤ ਕਰ ਗਏ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਇੰਸਾਂ ਨਮਿੱਤ ਅੱਜ ਹੋ ਰਹੀ ਨਾਮਚਰਚਾ ‘ਚ ਹਜ਼ਾਰਾਂ ਦੀ ਗਿਣਤੀ ‘ਚ ਸਾਧ-ਸੰਗਤ ਪਹੁੰਚ ਚੁੱਕੀ ਹੈ ਤੇ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਹੈ। ਕੋਟਕਪੂਰਾ ਦੀ ਦਾਣਾ ਮੰਡੀ ਵਿਖੇ 11 ਤੋਂ 1 ਵਜੇ ਤੱਕ ਹੋ ਰਹੀ ਨਾਮਚਰਚਾ ਲਈ ਜਿੱਥੇ ਜਿੰਮੇਵਾਰ ਸੇਵਾਦਾਰਾਂ ਨੇ ਸਾਧ-ਸੰਗਤ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਹਨ ਉੱਥੇ ਹੀ ਪੁਲਿਸ ਦੁਆਰਾ ਵੀ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਪੰਜਾਬ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਜਵਾਨ ਸ਼ਹਿਰ ਅਤੇ ਨਾਮਚਰਚਾ ਪੰਡਾਲ ਦੇ ਆਲੇ ਦੁਆਲੇ ਤਾਇਨਾਤ ਕੀਤੇ ਹੋਏ ਹਨ।
ਇਸਦੇ ਨਾਲ ਹੀ ਪੁਲਿਸ ਵੱਲੋਂ ਥਾਂ-ਥਾਂ ਨਾਕੇਬੰਦੀ ਕੀਤੀ ਹੋਈ ਹੈ ਅਤੇ ਹਰ ਆਉਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਬਿਨਾਂ ਪੁਲਿਸ ਦੁਆਰਾ ਨਾਮਚਰਚਾ ਪੰਡਾਲ ਵਿਖੇ ਵੀ ਨਾਮਚਰਚਾ ‘ਚ ਆਉਣ ਵਾਲੇ ਹਰ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਮੌਕੇ ਐਸਪੀ ਸੇਵਾ ਸਿੰਘ ਮੱਲੀ ਨੇ ਗ ੱਲਬਾਤ ਦੌਰਾਨ ਦੱਸਿਆ ਕਿ ਮਹਿੰਦਰਪਾਲ ਬਿੱਟੂ ਇੰਸਾਂ ਦੀ ਨਾਮਚਰਚਾ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੁਆਰਾ ਸੁਰੱਖਿਆ ਲਈ ਪੂਰੇ ਇੰਤਜਾਮ ਕੀਤੇ ਹਨ, ਜਿਸ ਲਈ ਲਗਭਗ 800 ਦੇ ਕਰੀਬ ਪੰਜਾਬ ਪੁਲਿਸ ਤੇ ਅਰਧ ਸੈਨਿਕ ਬਲ ਦੇ ਜਵਾਨ ਸ਼ਹਿਰ ਤੇ ਨਾਮਚਰਚਾ ਪੰਡਾਲ ਦੇ ਆਲੇ ਦੁਆਲੇ ਤਾਇਨਾਤ ਕੀਤੇ ਗਏ ਹਨ। ਇਸ ਤੋਂ ਬਿਨਾ ਜਗ੍ਹਾ ਜਗ੍ਹਾ ਨਾਕੇਬੰਦੀ ਕੀਤੀ ਹੋਈ ਤੇ ਹਰ ਵਹੀਕਲ ਦੀ ਚੈਕਿੰਗ ਹੋ ਰਹੀ ਹੈ। ਉਹਨਾਂ ਇਸ ਮੌਕੇ ਹਰ ਕਿਸੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਨਾਮਚਰਚਾ ਦਾਣਾ ਮੰਡੀ ‘ਚ ਤਬਦੀਲ
ਦੱਸਣਯੋਗ ਹੈ ਕਿ ਪਹਿਲਾਂ ਨਾਮਚਰਚਾ ਦਾ ਪ੍ਰੋਗਰਾਮ ਨਾਮਚਰਚਾ ਘਰ ਕੋਟਕਪੂਰਾ ਵਿਖੇ ਰੱਖਿਆ ਗਿਆ ਸੀ ਪਰ ਸਾਧ-ਸੰਗਤ ਦੇ ਵੱਡੀ ਗਿਣਤੀ ‘ਚ ਪਹੁੰਚਣ ਦੀ ਸੰਭਾਵਨਾ ਨੂੰ ਲੈ ਕੇ ਇਹ ਪ੍ਰੋਗਰਾਮ ਨਾਮਚਰਚਾ ਘਰ ਤੋਂ ਦਾਣਾ ਮੰਡੀ ‘ਚ ਤਬਦੀਲ ਕਰ ਦਿੱਤਾ ਗਿਆ। ਇਸ ਸਬੰਧੀ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਹਰਿਆਣਾ, ਪੰਜਾਬ, ਰਾਜਸਥਾਨ ਤੇ ਹੋਰ ਸੂਬਿਆਂ ਤੋਂ ਵੀ ਵੱਡੀ ਗਿਣਤੀ ‘ਚ ਸਾਧ-ਸੰਗਤ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਇੰਸਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਣ ਦੇ ਚਲਦਿਆਂ ਹੀ ਨਾਮਚਰਚਾ ਘਰ ਕੋਟਕਪੂਰਾ ਤੋਂ ਨਾਮਚਰਚਾ ਦਾ ਪ੍ਰੋਗਰਾਮ ਦਾਣਾ ਮੰਡੀ ‘ਚ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।