
ਖੁਸ਼ੀਆਂ ਲਈ ਮਨਾਏ ਜਾਂਦੇ ਤਿਉਹਾਰਾਂ ਮੌਕੇ ਕਿਸੇ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਤੋਂ ਗੁਰੇਜ ਕਰਨ ਆਮ ਲੋਕ : ਕੋਤਵਾਲ
Banned China Door: (ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਵੱਲੋਂ ਇੱਕ ਨੌਜਵਾਨ ਨੂੰ ਚਾਈਨਾ ਡੋਰ ਦੀ 80 ਗੁੱਟਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਦੀ ਪੁਸ਼ਟੀ ਕਰਦਿਆਂ ਨਾਭਾ ਦੇ ਕੋਤਵਾਲ ਸੌਰਵ ਸਭਰਵਾਲ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਵੱਲੋਂ ਚਾਈਨਾ ਡੋਰ ਖਿਲਾਫ ਜਾਰੀ ਕੀਤੇ ਵਿਸ਼ੇਸ਼ ਆਦੇਸ਼ਾਂ ਅਧੀਨ ਡੀਐਸਪੀ ਨਾਭਾ ਗੁਰਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ।
ਪੁਲਿਸ ਟੀਮਾਂ ਦੇ ਕੀਤੇ ਹੋਮਵਰਕ ਦੌਰਾਨ ਜਾਣਕਾਰੀ ਮਿਲੀ ਕਿ ਜਤਿਨ ਨਾਂਅ ਦਾ ਇੱਕ ਨੌਜਵਾਨ ਚਾਈਨਾ ਡੋਰ ਵੇਚਣ ਦਾ ਕੰਮ ਕਰ ਰਿਹਾ ਹੈ ਜਿਸ ਨੂੰ ਸਮੇਂ ਸਿਰ ਯੋਗ ਕਾਰਵਾਈ ਅਧੀਨ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਵੱਲੋਂ ਕਥਿਤ ਮੁਲਜ਼ਮ ਖ਼ਿਲਾਫ਼ ਗੁਪਤ ਟਰੇਸਿੰਗ ਬਾਅਦ ਉਸ ਨੂੰ ਚਾਈਨਾ ਡੋਰ ਦੇ 80 ਗੁੱਟਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਕੋਤਵਾਲੀ ਇੰਚਾਰਜ ਸੌਰਵ ਸਭਰਵਾਲ ਨੇ ਅੱਗੇ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਮਨੁੱਖ ਅਤੇ ਪਸ਼ੂ-ਪੰਛੀਆਂ ਲਈ ਜਾਨਲੇਵਾ ਖਤਰਨਾਕ ਨਤੀਜੇ ਦੇ ਰਹੀ ਹੈ। ਪ੍ਰੰਤੂ ਸੀਮਤ ਸਮੇਂ ਦੇ ਅਨੰਦ ਲਈ ਕਿਤੇ ਨਾ ਕਿਤੇ ਅਸੀਂ ਹੀ ਆਪਣੇ ਘਰਾਂ ਵਿੱਚ ਚਾਈਨਾ ਡੋਰ ਦੇ ਵਰਤੋਂ ਜਿਹੀਆਂ ਜਾਨਲੇਵਾ ਸਮੱਸਿਆਵਾਂ ਨੂੰ ਹੁਲਾਰਾ ਦੇ ਰਹੇ ਹਾਂ।
ਇਹ ਵੀ ਪੜ੍ਹੋ: Virat Kohli: ਰੋਹਿਤ ਸ਼ਰਮਾ ਨੂੰ ਪਛਾੜ ਕੇ ਇੱਕ ਰੋਜ਼ਾ ਰੈਂਕਿੰਗ ’ਚ ਨੰਬਰ ਇੱਕ ਬੱਲੇਬਾਜ਼ ਬਣੇ ਵਿਰਾਟ ਕੋਹਲੀ
ਚਾਈਨਾ ਡੋਰ ਦੇ ਹੋਰ ਵਿਕਰੇਤਾਵਾਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦੀ ਸਿੱਧੀ ਚੇਤਾਵਨੀ ਦਿੰਦਿਆਂ ਕੋਤਵਾਲ ਸੌਰਵ ਸਬਰਵਾਲ ਨੇ ਅਪੀਲ ਕੀਤੀ ਕਿ ਖੁਸ਼ੀਆਂ ਅਤੇ ਉਤਸਾਹ ਭਰੇ ਤਿਉਹਾਰਾਂ ਮੌਕੇ ਕਿਸੇ ਦੇ ਵੀ ਜੀਵਨ ਨੂੰ ਖਤਰੇ ਵਿੱਚ ਪਾਉਣ ਤੋਂ ਸਭਨਾਂ ਨੂੰ ਹੀ ਬਚਣਾ ਚਾਹੀਦਾ ਹੈ ਅਤੇ ਆਪਣੇ ਘਰ ਤੋਂ ਚਾਈਨਾ ਡੋਰ ਦੇ ਵਜੂਦ ਨੂੰ ਖਤਮ ਕਰਨ ਦੀ ਮੁਹਿਮ ਨੂੰ ਸਫਲ ਕਰਨ ਲਈ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ।













