ਨਾਬਾਰਡ ਕਰੇਗਾ ਪੰਜਾਬ ਦੀ 11 ਹਜ਼ਾਰ ਕਰੋੜ ਰੁਪਏ ਦੀ ਮੱਦਦ

NABARD, Help, Punjab, Rs 11,000 Crore

ਕਿਸਾਨੀ ਨੂੰ ਬਚਾਉਣ ਦੀ ਹੋਵੇਗੀ ਕੋਸ਼ਿਸ਼ | NABARD

  • ਨਾਬਾਰਡ ਦੇ ਮੁੱਖ ਮਹਾ ਪ੍ਰਬੰਧਕ ਨੇ ਕੀਤਾ ਐਲਾਨ, ਪੰਜਾਬ ‘ਤੇ ਕਾਫ਼ੀ ਜਿਆਦਾ ਫੋਕਸ | NABARD

ਚੰਡੀਗੜ੍ਹ (ਅਸ਼ਵਨੀ ਚਾਵਲਾ)। ਖੇਤੀਬਾੜੀ ਲਈ ਨਾਬਾਰਡ ਇਸ ਸਾਲ ਪੰਜਾਬ ਦੀ 11 ਹਜ਼ਾਰ ਕਰੋੜ ਰੁਪਏ ਨਾਲ ਮਦਦ ਕਰੇਗਾ। ਇਸ ਵਿੱਚ ਕਿਸਾਨਾਂ ਨੂੰ ਘੱਟ ਵਿਆਜ ‘ਤੇ ਕਰਜ਼ੇ ਦਿਵਾਉਣ ਲਈ ਸਬਸਿੱਡੀ ਦੇਣ ਦੇ ਨਾਲ ਹੀ ਕਿਸਾਨਾਂ ਵਲੋਂ ਤਿਆਰ ਕੀਤੀ ਜਾਣ ਵਾਲੀ ਫਸਲ ਨੂੰ ਮੰਡੀਆਂ ਵਿੱਚ ਚੰਗੇ ਭਾਅ ਖਰੀਦ ਤੋਂ ਲੈ ਕੇ ਫੂਡ ਪ੍ਰੋਸੈਸਿੰਗ ਵਿੱਚ ਵੀ ਮਦਦ ਕੀਤੀ ਜਾਏਗੀ। ਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣ ਦੇ ਨਾਲ ਹੀ ਪਰਾਲੀ ਨੂੰ ਸਾੜਨ ਤੋਂ ਰੋਕਣ ਦੀ ਕੋਸ਼ਸ਼ ਵੀ ਨਾਬਾਰਡ ਪਹਿਲਾਂ ਨਾਲੋਂ ਜਿਆਦਾ ਕਰੇਗਾ।

ਇਹ ਐਲਾਨ ਪੰਜਾਬ ਅਤੇ ਚੰਡੀਗੜ ਜ਼ੋਨ ਨਾਬਾਰਡ ਮੁੱਖ ਮਹਾ ਪ੍ਰਬੰਧਕ ਜੇ.ਪੀ.ਐਸ. ਬਿੰਦਰਾ ਨੇ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ ਹੈ। ਜੇ.ਪੀ.ਐਸ. ਬਿੰਦਰਾ ਨੇ ਕਿਹਾ ਕਿ ਨਾਬਾਰਡ ਸ਼ੁਰੂ ਤੋਂ ਹੀ ਕਿਸਾਨੀ ਦੇ ਹਿੱਤ ਵਿੱਚ ਖੜਾ ਹੁੰਦਾ ਹੋਇਆ ਕੰਮ ਕਰ ਰਿਹਾ ਹੈ ਅਤੇ ਇਸ ਵਿੱਚ ਕਾਫ਼ੀ ਹੱਦ ਵਿੱਚ ਕਾਮਯਾਬ ਵੀ ਹੋਇਆ ਹੈ। ਪੰਜਾਬ ਵਿੱਚ ਖੇਤੀ ਸਭ ਸੂਬਿਆਂ ਤੋਂ ਜਿਆਦਾ ਹੁੰਦੀ ਹੈ, ਇਸ ਲਈ ਉਹ ਇਥੇ ਦੇ ਕਿਸਾਨਾਂ ਨੂੰ ਜਿਆਦਾ ਜਾਗਰੂਕ ਕਰਨ ਦੇ ਨਾਲ ਹੀ ਉਨਾਂ ਦੀ ਹਰ ਤਰਾਂ ਦੀ ਮਦਦ ਕਰਨ ਦੀ ਕੋਸ਼ਸ਼ ਵੀ ਕਰਦੇ ਹਨ। ਉਨਾਂ ਦੱਸਿਆ ਕਿ ਹਰ ਫਸਲ ‘ਤੇ ਮਿਲਣ ਵਾਲੇ ਲੋਨ ਵਿੱਚ ਨਾਬਾਰਡ ਆਪਣੇ ਵਲੋਂ ਵਿਆਜ ਦੀ ਸਬਸਿੱਡੀ ਦਿੰਦਾ ਹੈ।

ਇਹ ਵੀ ਪੜ੍ਹੋ : ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ

ਕਿ ਘੱਟ ਵਿਆਜ ‘ਤੇ ਲੋਨ ਮਿਲਣ ਤੋਂ ਬਾਅਦ ਕਿਸਾਨ ਜਿਥੇ ਵੱਧ ਫਸਲ ਪੈਦਾ ਕਰੇ ਤਾਂ ਉਥੇ ਹੀ ਉਸ ਨੂੰ ਵੱਧ ਤੋਂ ਵੱਧ ਮੁਨਾਫ਼ਾ ਹੋਵੇ। ਉਨਾਂ ਦੱਸਿਆ ਕਿ ਪੰਜਾਬ ਵਿੱਚ ਇਸ ਤਰਾਂ ਦੇ ਕੰਮਾਂ ਲਈ ਨਾਬਾਰਡ ਇਸ ਸਾਲ 11 ਹਜ਼ਾਰ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਦੀ ਕੋਸ਼ਸ਼ ਵਿੱਚ ਨਾਬਾਰਡ ਕਾਫ਼ੀ ਜਿਆਦਾ ਕੰਮ ਕਰ ਰਿਹਾ ਹੈ ਅਤੇ ਕਿਸਾਨੀ ਮੇਲੇ ਲਾ ਕੇ ਕਿਸਾਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਕਿਵੇਂ ਪਰਾਲੀ ਨੂੰ ਸਾੜਨ ਦੀ ਥਾਂ ‘ਤੇ ਉਸ ਦੀ ਵਰਤੋਂ ਕਰਦੇ ਹੋਏ ਨਾ ਸਿਰਫ਼ ਕਮਾਈ ਕੀਤੀ ਜਾ ਸਕਦੀ ਹੈ, ਸਗੋਂ ਉਸ ਨਾਲ ਵਾਤਾਵਰਨ ਵੀ ਬਚਾਇਆ ਜਾ ਸਕਦਾ ਹੈ।

ਉਨਾਂ ਦੱਸਿਆ ਕਿ ਫਸਲੀ ਚੱਕਰ ਤੋਂ ਬਾਹਰ ਕੱਢਣ ਲਈ ਕਿਸਾਨਾਂ ਨੂੰ ਮਦਦ ਕੀਤੀ ਜਾ ਰਹੀਂ ਹੈ, ਜਿਸ ਵਿੱਚ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਵੀ ਉਨਾਂ ਦਾ ਸਾਥ ਦੇ ਰਹੀਂ ਹੈ। ਉਨਾਂ ਦੱਸਿਆ ਕਿ ਕਿਸਾਨਾਂ ਵਲੋਂ ਤਿਆਰ ਕੀਤੀ ਜਾਣ ਵਾਲੀ ਫਸਲ ਨਾਲ ਬੰਦ ਪੈਕਟ ਖਾਣਾ ਤਿਆਰ ਕਰਨ ਲਈ ਫੂਡ ਪ੍ਰੋਸੈਸਿੰਗ ਪ੍ਰੋਜੈਕਟ ਲਗਾਉਣ ਵਿੱਚ ਵੀ ਨਾਬਾਰਡ ਆਪਣਾ ਅਹਿਮ ਰੋਲ ਨਿਭਾ ਰਿਹਾ ਹੈ। ਨਾਬਾਰਡ ਨੇ ਲੁਧਿਆਣਾ ਦੇ ਫੂਡ ਪਾਰਕ ਲਈ 27.13 ਕਰੋੜ ਦਾ ਟਰਮ ਲੋਨ ਪਾਸ ਕੀਤਾ ਹੈ ਤਾਂ ਕਪੂਰਥਲਾ ਅਤੇ ਫਾਜਿਲਕਾ ਵਿਖੇ ਤਿਆਰ ਹੋ ਰਹੇ ਫੂਡ ਪਾਰਕ ਲਈ ਵੀ ਨਾਬਾਰਡ ਮਦਦ ਕਰ ਰਿਹਾ ਹੈ।