ਇੱਕ ਏਕੜ ਅੰਜ਼ੀਰ ਦੀ ਖੇਤੀ ‘ਚੋਂ ਚੰਗੇ ਮੁਨਾਫ਼ੇ ਦੀ ਉਮੀਦ
ਸੁਖਜੀਤ ਮਾਨ, ਮਾਨਸਾ
ਕਰਜ਼ੇ ਦੇ ਬੋਝ ਹੇਠ ਆ ਕੇ ਜਦੋਂ ਵੱਡੀ ਗਿਣਤੀ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ ਤਾਂ ਅਜਿਹੇ ਦੌਰ ‘ਚ ਇੱਕ ਮਹਿਲਾ ਕਿਸਾਨ ਆਪਣੇ ਪਤੀ ਨਾਲ ਰਲ ਕੇ ਖੇਤੀ ਖੇਤਰ ‘ਚ ਨਵੀਆਂ ਪੁਲਾਂਘਾਂ ਪੁੱਟ ਰਹੀ ਹੈ ਕ੍ਰਿਸ਼ਨਾ ਦੇਵੀ ਨਾਂਅ ਦੀ ਇਹ ਮਹਿਲਾ ਆਪਣੇ ਖੇਤਾਂ ‘ਚ ਟ੍ਰੈਕਟਰ ਵੀ ਖੁਦ ਚਲਾਉਂਦੀ ਹੈ ਕ੍ਰਿਸ਼ਨਾ ਤੇ ਉਸਦਾ ਪਤੀ ਸੁਲਤਾਨ ਦੋਵੇਂ ਜਣੇ ਠੇਕੇ ‘ਤੇ ਲਈ 48 ਏਕੜ ਜ਼ਮੀਨ ‘ਚ ਖੇਤੀ ਕਰਦੇ ਹਨ. ਹਾਸਲ ਹੋਏ ਵੇਰਵਿਆਂ ਮੁਤਾਬਿਕ ਸਰਦੂਲਗੜ੍ਹ ਤਹਿਸੀਲ ਵਿਚ ਪੈਂਦੇ ਪਿੰਡ ਖੈਰਾ ਕਲਾਂ ਦੀ ਵਸਨੀਕ ਅੰਜੀਰ ਦੀ ਰਾਜ ਕੁਮਾਰੀ ਸ੍ਰੀਮਤੀ ਕ੍ਰਿਸ਼ਨਾ ਦੇਵੀ 1 ਏਕੜ ‘ਚ ਅੰਜੀਰ ਦੀ ਖੇਤੀ ਕਰਦੀ ਹੈ 7 ਮਹੀਨੇ ਪੁਰਾਣੀ ਖੇਤੀ ਵਿੱਚੋਂ ਉਨ੍ਹਾਂ ਨੂੰ 2 ਲੱਖ ਰੁਪਏ ਕਮਾਉਣ ਦੀ ਉਮੀਦ ਹੈ ਕ੍ਰਿਸ਼ਨਾ ਦੇਵੀ ਆਪਣੇ ਪਤੀ ਸੁਲਤਾਨ ਨਾਲ ਖੇਤੀ, ਟਰੈਕਟਰ ਨਾਲ ਵਾਹੀ ਅਤੇ ਵਾਢੀ ਕਰਦੀ ਹੈ। ਉਹ ਇਕੱਠੇ ਠੇਕੇ ‘ਤੇ ਲਈ 48 ਏਕੜ ਜ਼ਮੀਨ ‘ਤੇ ਖੇਤੀ ਕਰਦੇ ਹਨ।
ਪੰਜ ਪੜ੍ਹੇ-ਲਿਖੇ ਬੱਚਿਆਂ ਦੇ ਇਨ੍ਹਾਂ ਮਾਪਿਆਂ ਨੇ ਮਾਰਚ 2018 ਵਿਚ ਇੱਕ ਏਕੜ ਜ਼ਮੀਨ ‘ਤੇ ਅੰਜੀਰ ਦੀ ਖੇਤੀ ਸ਼ੁਰੂ ਕੀਤੀ ਸੀ ਜਿਸ ਦੀ ਵਾਢੀ ਉਨ੍ਹਾਂ ਨੇ ਅਕਤੂਬਰ 2018 ਵਿਚ ਕੀਤੀ। ਉਨ੍ਹਾਂ ਦੱਸਿਆ ਕਿ ਅੰਜੀਰ ਵਿਟਾਮਿਨ ਦਾ ਚੰਗਾ ਸ੍ਰੋਤ, ਜਿਸ ਦਾ ਸੁੱਕਾ ਪਦਾਰਥ ਬਹੁਤ ਸਾਰੀਆਂ ਦਵਾਈਆਂ ਵਿਚ ਕੰਮ ਆਉਂਦਾ ਹੈ, ਜੋ ਕਿ 300 ਰੁਪਏ ਕਿੱਲੋ ਵਿਕਦਾ ਹੈ। ਉਨ੍ਹਾਂ ਦੱਸਿਆ ਕਿ ਘਾਹ ਅੰਜੀਰ ਦੀ ਖੇਤੀ ਲਈ ਨੁਕਸਾਨਦੇਹ ਹੈ ਇਸ ਲਈ ਉਹ ਘਾਹ ਨੂੰ ਉੱਗਣ ਨਹੀਂ ਦਿੰਦੇ ਖੇਤੀ ‘ਚ ਉਹ ਕਾਮਿਆਂ ਨੂੰ ਲਾਉਣ ਦੀ ਜਗ੍ਹਾ ਖ਼ੁਦ ਇਹ ਸਾਰਾ ਕੰਮ ਸੰਭਾਲਦੇ ਹਨ। ਹਰ ਪੌਦਾ 20 ਸਾਲ ਤੱਕ 5 ਤੋਂ 6 ਕਿੱਲੋਗ੍ਰਾਮ ਫਲ ਹਰ ਝਾੜ ਵਿਚ ਦਿੰਦਾ ਹੈ। ਇੱਕ ਏਕੜ ਵਿਚ 400 ਪੌਦੇ ਲਾਏ ਗਏ ਹਨ। ਇਸ ਤੋਂ ਇਲਾਵਾ ਉਹ 29 ਏਕੜ ਵਿਚ ਕਪਾਹ, 3 ਏਕੜ ਵਿਚ ਬਾਜਰਾ, 4 ਏਕੜ ਵਿਚ ਗਵਾਰਾ ਤੇ 3 ਏਕੜ ਵਿਚ ਝੋਨੇ ਦੀ ਕਾਸ਼ਤ ਕਰਦੇ ਹਨ। ਦੱਸਣਯੋਗ ਹੈ ਕਿ ਐਸਡੀਐਮ ਸਰਦੂਲਗੜ੍ਹ ਲਤੀਫ ਅਹਿਮਦ ਨੇ ਇਸ ਪਰਿਵਾਰ ਨੂੰ ਵੱਖਰੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਸੀ ਜਿਸਦੇ ਸਿੱਟੇ ਵਜੋਂ ਹੀ ਉਹ ਅੱਜ ਸਫਲਤਾ ਦੇ ਰਾਹ ਚੱਲ ਰਹੇ ਹਨ
ਕ੍ਰਿਸ਼ਨਾ ਤੇ ਸੁਲਤਾਨ ਤੋਂ ਪ੍ਰੇਰਨਾ ਲੈਣ ਕਿਸਾਨ : ਐਸਡੀਐਮ
ਐਸ.ਡੀ.ਐਮ. ਸਰਦੂਲਗੜ੍ਹ ਲਤੀਫ਼ ਅਹਿਮਦ ਦਾ ਕਹਿਣਾ ਹੈ ਕਿ ਇਹ ਕਿਸਾਨ ਜੋੜਾ ਇੱਕ ਅਜਿਹੀ ਜ਼ਮੀਨ ‘ਤੇ ਕਾਸ਼ਤ ਕਰ ਰਿਹਾ ਹੈ ਜੋ ਰੇਤਲੀ ਅਤੇ ਘਾਹ ਨਾਲ ਭਰੀ ਹੋਈ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕ੍ਰਿਸ਼ਨਾ ਅਤੇ ਸੁਲਤਾਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜਿੰਨ੍ਹਾਂ ਦੀ ਮਿਹਨਤ ਉਨ੍ਹਾਂ ਦੇ ਖੇਤ ਵਿਚ ਚਮਕਦੀ ਹੈ। ਕਿਸਾਨਾਂ ਨੂੰ ਵਧੇਰੇ ਤਜ਼ੁਰਬੇਕਾਰ ਹੋਣਾ ਚਾਹੀਦਾ ਹੈ ਅਤੇ ਅਜਿਹੀਆਂ ਫਸਲਾਂ ਨੂੰ ਅਪਣਾਉਣਾ ਚਾਹੀਦਾ ਹੈ ਜੋ ਕਿ ਚੰਗਾ ਮੁਨਾਫ਼ਾ ਦਿੰਦੀਆਂ ਹਨ। ਉਨ੍ਹਾਂ ਆਖਿਆ ਕਿ ਸਖ਼ਤ ਮਿਹਨਤ ਅਤੇ ਆਪਣੇ ਹੱਥਾਂ ਨਾਲ ਕੰਮ ਕਰਨਾ ਕਿਸਾਨਾਂ ਲਈ ਸਮੇਂ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।