ਮਿੱਲ ਕਥਿੱਤ ਘਪਲੇ ‘ਚ ਮੁੱਖ ਮੰਤਰੀ ਨੇ ਦਿੱਤਾ ਸਪੱਸ਼ਟੀਕਰਨ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਰੀਐਂਟਲ ਬੈਂਕ ਆਫ ਕਮੱਰਸ (ਓ.ਬੀ.ਸੀ) ਦੇ ਕਥਿੱਤ ਘਪਲੇ ਵਿੱਚ ਆਪਣੇ ਦਾਮਾਦ ਨੂੰ ਬੇਕਸੂਰ ਦੱਸਿਆ ਹੈ ਅਮਰਿੰਦਰ ਨੇ ਵਿਰੋਧੀਆਂ ‘ਤੇ ਇਸ ਮਾਮਲੇ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਾਇਆ ਹੈ ਉਨ੍ਹਾਂ ਕਿਹਾ ਕਿ ਸਿੰਭੋਲੀ ਸ਼ੂਗਰਜ਼ ਵਿੱਚ ਉਨ੍ਹਾਂ ਦੇ ਦਾਮਾਦ ਦੀ ਮਹਿਜ਼ 12.5 ਫੀਸਦੀ ਹਿੱਸੇਦਾਰੀ ਹੈ ਅਤੇ ਉਸ ਨੂੰ ਬਿਨਾਂ ਵਜ਼ਾ ਵਿਵਾਦ ਵਿੱਚ ਵਲ੍ਹੇਟਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਮੇਤ ਸਿਆਸੀ ਪਾਰਟੀਆਂ ਵੱਲੋਂ ਗੁਰਪਾਲ ਸਿੰਘ ਨੂੰ ਉਸ ਦੇ ਓ.ਬੀ.ਸੀ ਦੇ ਡਾਇਰੈਕਟਰ ਨਾਲ ਨਿੱਜੀ ਰਿਸ਼ਤਾ ਹੋਣ ਕਰਕੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਬਿਨਾਂ ਕਿਸੇ ਤੱਥ-ਪੜਤਾਲ ਤੋਂ ਸਿਰਫ ਸਿਆਸੀ ਸ਼ੁਹਰਤ ਖੱਟਣ ਲਈ ਅਧਾਰਹੀਣ ਦੋਸ਼ ਲਾਉਣ ਲਈ ਇਨ੍ਹਾਂ ਪਾਰਟੀਆਂ ਦੀ ਸਖ਼ਤ ਨਿੰਦਾ ਕੀਤੀ।
ਮੁੱਖ ਮੰਤਰੀ ਨੇ ਹਾਸਲ ਕੀਤੀ ਜਾਣਕਾਰੀ ਦਾ ਜ਼ਿਕਰ ਕਰਦਿਆਂ ਆਖਿਆ ਕਿ ਅਸਲ ਵਿੱਚ ਗੁਰਪਾਲ ਸਿੰਘ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਅੱਗੇ ਡਾਇਰੈਕਟਰ ਅਤੇ ਸ਼ੇਅਰ ਧਾਰਕ ਵਜੋਂ ਆਪਣੇ ਅਧਿਕਾਰਾਂ ਲਈ ਸਿੰਭਾਲੀ ਸ਼ੂਗਰਜ਼ ਵਿਰੁੱਧ ਮੁਕੱਦਮਾ ਲੜ ਰਿਹਾ ਹੈ ਕਿਉਂਕਿ ਕੰਪਨੀ ਦੇ ਸਾਰੇ ਵੱਡੇ ਫੈਸਲਿਆਂ ਅਤੇ ਹੋਰ ਕੰਮਕਾਜ ਵਿਚ ਉਸ ਨੂੰ ਬਾਹਰ ਰੱਖਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਹਾਲਤਾਂ ਅਤੇ ਤੱਥਾਂ ਮੁਤਾਬਿਕ ਉਨ੍ਹਾਂ ਦੇ ਜਵਾਈ ‘ਤੇ ਸਿਆਸੀ ਹਮਲਾ ਕਰਨਾ ਹਾਸੋਹੀਣੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਸਰੀ ਤੌਰ ‘ਤੇ ਹੀ ਇਸ ਕੇਸ ਦੇ ਪਿਛੋਕੜ ਵਿੱਚ ਜਾਣ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਸਮੁੱਚੇ ਮਾਮਲੇ ਵਿੱਚ ਗੁਰਪਾਲ ਸਿੰਘ ਦੀ ਕੋਈ ਭੂਮਿਕਾ ਨਹੀਂ ਹੈ।