ਫਾਇਰਿੰਗ ਦੀ ਪ੍ਰਵਾਹ ਨਾ ਕਰਦਿਆਂ ਸਲੀਮ ਚਲਾਉਂਦਾ ਰਿਹਾ ਬੱਸ
ਸ੍ਰੀਨਗਰ: ਅਨੰਤਨਾਗ ‘ਚ ਅੱਤਵਾਦੀ ਹਮਲੇ ਦਾ ਸਿ਼ਕਾਰ ਹੋਈ ਅਮਰਨਾਥ ਯਾਤਰੀਆਂ ਦੀ ਬੱਸ ਦੇ ਡਰਾਈਵਰ ਸਲੀਮ ਸ਼ੇਖ ਨੇ ਆਪਣੀ ਸੂਝ ਬੂਝ ਤੋਂ ਕੰਮ ਲੈਂਦਿਆਂ 47 ਯਾਤਰੀਆਂ ਨੂੰ ਬਚਾਇਆ। ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਸਲੀਮ ਨੇ ਬੱਸ ਨੂੰ ਜਲਦੀ ਹੀ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅੱਤਵਾਦੀਆਂ ਦੀ ਫਾਇਰਿੰਗ ਦੀ ਪ੍ਰਵਾਹ ਨਾ ਕਰਦਿਆਂ ਸਲੀਮ ਬੱਸ ਚਲਾਉਂਦਾ ਰਿਹਾ।
ਸਲੀਮ ਦੇ ਪਰਿਵਾਰ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਸੱਤ ਲੋਕਾਂ ਦੀ ਜਾਨ ਨਹੀਂ ਬਚਾ ਸਕੇ। ਇਸ ਦੇ ਨਾਲ ਹੀ ਇਸ ਗੱਲ ਦਾ ਮਾਣ ਵੀ ਹੈ ਕਿ ਉਹ ਬੱਸ ਸਵਾਰ ਬਾਕੀ ਲੋਕਾਂ ਨੂੰ ਸੁਰੱਖਿਅਤ ਬਚਾ ਕੇ ਕਿਸੇ ਹੋਰ ਥਾਂ ‘ਤੇ ਲੈ ਗਏ। ਬੱਸ ‘ਚ ਕੁੱਲ 56 ਯਾਤਰੀ ਸਵਾਰ ਸੀ। ਉਹ ਗੋਲੀਆਂ ਦੀ ਵਾਛੜ ‘ਚ ਵੀ ਬੱਸ ਨੂੰ ਮਿਲਟਰੀ ਕੈਂਪ ਤੱਕ ਲੈ ਗਏ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿੱਚ ਅਤਿਵਾਦੀਆਂ ਤੇ ਪੁਲਿਸ ਵਿਚਾਲੇ ਚੱਲ ਰਹੇ ਮੁਕਾਬਲੇ ਦੀ ਲਪੇਟ ਵਿੱਚ ਅਮਰਨਾਥ ਯਾਤਰੀਆਂ ਦੀ ਬੱਸ ਆ ਜਾਣ ਕਾਰਨ ਸੱਤ ਸ਼ਰਧਾਲੂ ਮਾਰੇ ਗਏ ਤੇ 12 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਪੰਜ ਔਰਤਾਂ ਸ਼ਾਮਲ ਹਨ। ਸੀਆਰਪੀਐਫ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਬੱਸ ਇਸ ਅਧਿਕਾਰਤ ਯਾਤਰਾ ਦਾ ਹਿੱਸਾ ਨਹੀਂ ਸੀ ਤੇ ਨਾ ਹੀ ਇਹ ਅਮਰਨਾਥ ਧਾਮ ਬੋਰਡ ਕੋਲ ਰਜਿਸਟਰਡ ਸੀ।