ਸਹਾਇਕ ਧੰਦੇ ਵਜੋਂ ਵੀ ਕੀਤੀ ਜਾ ਸਕਦੀ ਹੈ ਖੁੰਬਾਂ ਦੀ ਕਾਸ਼ਤ | Mushroom cultivation

Mushroom cultivation

ਸਹਾਇਕ ਧੰਦੇ ਵਜੋਂ ਵੀ ਕੀਤੀ ਜਾ ਸਕਦੀ ਹੈ ਖੁੰਬਾਂ ਦੀ ਕਾਸ਼ਤ | Mushroom cultivation

ਚਾਲੂ ਮਾਲੀ ਵਰ੍ਹੇ ਦੌਰਾਨ ਖੁੰਬਾਂ ਦੀ ਕਾਸ਼ਤ (Mushroom cultivation) ਕਰਨੀ ਆਮ ਸਾਲਾਂ ਵਰਗੀ ਨਹੀਂ ਹੋਵੇਗੀ ਕਿਉਂਕਿ ਖੁੰਬ ਕਾਸ਼ਤਕਾਰਾਂ ਨੂੰ ਕਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਤਾਂ ਹੀ ਫਾਰਮ ਅੰਦਰ ਖੁੰਬਾਂ ਦੀ ਸਫਲ ਕਾਸ਼ਤ ਅਤੇ ਮਾਰਕੀਟ ਕੀਤੀ ਜਾ ਸਕਦੀ ਹੈ।

ਖੁੰਬਾਂ ਕੀ ਹਨ:

ਖੁੰਬ ਵੀ ਹੋਰਨਾਂ ਉੱਲੀਆਂ ਵਾਂਗ ਇੱਕ ਉੱਲੀ ਹੈ। ਉੱਲੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਲਾਭਦਾਇਕ ਹੁੰਦੀਆਂ ਹਨ। ਖੁੰਬ ਇੱਕ ਸਫੈਦ ਰੰਗ ਦੀ ਗੋਲ ਜਿਹੇ ਅਕਾਰ ਵਰਗੀ ਟੋਪੀ ਹੁੰਦੀ ਹੈ। ਖੁੰਬ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜਾਂ ਲਈ ਦਵਾਈ ਦਾ ਕੰਮ ਕਰਦੀ ਹੈ। ਭਾਵੇਂ ਕਈ ਖੁੱਲ੍ਹੀਆਂ ਪਈਆਂ ਥਾਵਾਂ ‘ਤੇ ਵੀ ਖੁੰਬ ਉੱਗੀ ਹੋਈ ਵੇਖਦੇ ਹਾਂ ਜਿਵੇਂ ਰੂੜੀ, ਪਰਾਲੀ, ਤੂੜੀ ਦੇ ਢੇਰ, ਖੇਤਾਂ ਵਿੱਚ ਤੂੜੀ ਦੇ ਕੁੱਪ ਵਾਲੀ ਜਗ੍ਹਾ, ਨਹਿਰਾਂ ਆਦਿ ਦੇ ਕਿਨਾਰੇ, ਅਜਿਹੀਆਂ ਥਾਵਾਂ ‘ਤੇ ਪੈਦਾ ਹੋਣ ਵਾਲੀਆਂ ਖੁੰਬਾਂ ਜਹਿਰੀਲੀਆਂ ਵੀ ਹੋ ਸਕਦੀਆਂ ਹਨ। ਕਿਉਂਕਿ ਖੁੰਬ ਦੀ ਪੈਦਾਵਾਰ ਵਾਲੀ ਜਮੀਨ ਹੇਠਾਂ ਕੋਈ ਵੀ ਜਹਿਰੀਲੀ ਚੀਜ ਹੋ ਸਕਦੀ ਹੈ। ਜਿਸ ਕਰਕੇ ਫਾਰਮਾਂ ਅੰਦਰ ਪੈਦਾ ਕੀਤੀਆਂ ਖੁੰਬਾਂ ਹੀ ਖਾਣ ਯੋਗ ਮੰਨੀਆਂ ਜਾ ਸਕਦੀਆਂ ਹਨ।

Mushroom cultivation

ਕਿਸਮਾਂ:

ਪੰਜਾਬ ਅਤੇ ਹਰਿਆਣਾ ਰਾਜ ਵਿੱਚ ਤਿੰਨ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਪਹਿਲੀ ਬਟਨ ਖੁੰਬ, ਦੂਸਰੀ ਢੀਂਗਰੀ ਅਤੇ ਤੀਸਰੀ ਪਰਾਲੀ ਵਾਲੀ ਖੁੰਬ। ਭਾਵੇਂ ਕਿ ਮੌਸਮ ਦੇ ਹਿਸਾਬ ਨਾਲ ਠੰਢੇ ਇਲਾਕਿਆਂ ਵਿੱਚ ਸਾਰਾ ਸਾਲ ਬਟਨ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਪਰ ਪੰਜਾਬ/ਹਰਿਆਣਾ ਵਿੱਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ। ਪਰ ਇੱਥੇ ਸਿਰਫ ਬਟਨ ਖੁੰਬ ਦੀ ਕਾਸ਼ਤ ਦੀ ਬਿਜਾਈ ਸਬੰਧੀ ਹੀ ਗੱਲ ਕੀਤੀ ਜਾਵੇਗੀ।

ਬਿਜਾਈ ਦਾ ਸਮਾਂ:

ਭਾਵੇਂ ਕਿ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚੱਲਦਾ ਰਹਿੰਦਾ ਹੈ। ਪਰ ਬਟਨ ਖੁੰਬ ਦੀ ਕਾਸ਼ਤ (Mushroom cultivation) 15 ਸਤੰਬਰ ਤੋਂ 15 ਅਪਰੈਲ ਤੱਕ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 15 ਸਤੰਬਰ ਤੱਕ ਪਰਾਲੀ ਵਾਲੀ ਖੁੰਬ ਦੀ ਕਾਸ਼ਤ ਅਤੇ ਨਵੰਬਰ ਤੋਂ ਲੈ ਕੇ ਮਾਰਚ ਤੱਕ ਤੀਸਰੀ ਕਿਸਮ ਢੀਂਗਰੀ ਬੀਜੀ ਜਾ ਸਕਦੀ ਹੈ। ਬਟਨ ਖੁੰਬ ਦੀ ਪੈਦਾਵਾਰ ਲਈ 16 ਤੋਂ 25 ਡਿਗਰੀ ਤਾਪਮਾਨ ਦੀ ਜਰੂਰਤ ਪੈਂਦੀ ਹੈ। ਕਿਉਂਕਿ ਉੱਲੀ ਦੇ ਵਧਣ-ਫੁੱਲਣ ਲਈ ਤਾਪਮਾਨ 25 ਡਿਗਰੀ ਅਤੇ ਖੁੰਬਾਂ ਦਾ ਵੱਧ ਝਾੜ ਲੈਣ ਲਈ 16 ਤੋਂ 18 ਡਿਗਰੀ ਤਾਪਮਾਨ ਚਾਹੀਦਾ ਹੈ। ਬਟਨ ਖੁੰਬ ਦੀ ਬਿਜਾਈ ਕਰਨ ਲਈ ਕੰਪੋਸਟ ਦੀ ਜਰੂਰਤ ਪੈਂਦੀ ਹੈ।

ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ। ਗਲੀ/ਸੜੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ। ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸ਼ੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਊਰੇਟ ਆਫ ਪੋਟਾਸ਼, ਫਿਊਰਾਡਨ, ਸੀਰਾ, ਜਿਪਸਮ, ਬੀ.ਐਚ.ਸੀ. ਆਦਿ ਦੀ ਜਰੂਰਤ ਪੈਂਦੀ ਹੈ।

ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋੜੀਂਦਾ ਸਾਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ। ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਫਾਰਮਰ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ‘ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਜਿਸ ਕਰਕੇ ਕਿਸਾਨਾਂ ਨੂੰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ।

ਬੀਜਣ ਦਾ ਢੰਗ :

ਖੁੰਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਨੂੰ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ। ਖੁੰਬਾਂ ਬੀਜਣ ਵਾਸਤੇ ਕੰਪੋਸਟ ਫਾਰਮ ਹਾਊਸ ਦੇ ਨੇੜੇ ਹੋਵੇ ਤਾਂ ਮਜਦੂਰਾਂ ਦਾ ਖਰਚਾ ਘੱਟ ਪੈਂਦਾ ਹੈ। ਖੁੰਬਾਂ ਦਾ ਬੀਜ ਸਫਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਖੁੰਬ ਦਾ ਬੀਜ ਦੋ ਤੈਹਾਂ ਵਿੱਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ। ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ/ਸੈਲਫਾਂ ਨੂੰ ਅਖਬਾਰਾਂ ਨਾਲ ਢੱਕ ਕੇ ਪਾਣੀ ਦੀ ਸਪਰੇ ਕੀਤੀ ਜਾਂਦੀ ਹੈ। ਜਿਸ ਨਾਲ ਸਿਰਫ ਅਖਬਾਰ ਹੀ ਗਿੱਲੇ ਹੋਣ, ਜੇਕਰ ਖੁੰਬਾਂ ਦੀ ਬਿਜਾਈ ਪਲਾਸਟਿਕ ਦੇ ਲਿਫਾਫੇ ਵਿੱਚ ਕੀਤੀ ਹੋਵੇ ਤਾਂ ਉਸ ਨਾਲ ਹੀ ਢੱਕਿਆ ਜਾ ਸਕਦਾ ਹੈ। ਬੀਜ ਨੂੰ ਪੁੰਗਰਨ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ। ਕੰਪੋਸਟ ਵਿੱਚ ਉੱਲੀ ਫੈਲ ਜਾਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ। Mushroom cultivation

ਕੇਸਿੰਗ ਦੀ ਤਿਆਰੀ:

ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਅਤੇ ਇੱਕ ਹਿੱਸਾ ਮਿੱਟੀ ਰਲਾ ਕੇ ਪੰਜ ਪ੍ਰਤੀਸ਼ਤ ਫਾਰਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਂਦੀ ਹੈ। ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁਲ ਬਰੀਕ ਹੋਣ ਦੀ ਬਜਾਏ ਉਸ ਵਿੱਚ ਛੋਟੀਆਂ/ਛੋਟੀਆਂ ਡਲ਼ੀਆਂ ਹੋਣੀਆਂ ਚਾਹੀਦੀਆਂ ਹਨ। ਕਿਉਂਕਿ ਬਿਲਕੁਲ ਬਰੀਕ ਕੇਸਿੰਗ ਵਿੱਚੋ ਗੈਸਾਂ ਅੰਦਰ/ਬਾਹਰ ਨਹੀਂ ਜਾ ਸਕਦੀਆਂ। ਜਿਸ ਕਰਕੇ ਖੁੰਬ ਦੀ ਫਸਲ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਖੁੰਬਾਂ ਦੀ ਤੁੜਾਈ ਤੇ ਸਾਂਭ-ਸੰਭਾਲ:

ਜਦੋਂ ਖੁੰਬਾਂ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਦੀ ਡੰਡੀ 4/5 ਸੈਂਟੀਮੀਟਰ ਲੰਬੀ ਹੋ ਜਾਂਦੀ ਹੈ। ਖੁੰਬਾਂ ਨੂੰ ਤੋੜਨ ਲਈ ਥੋੜ੍ਹਾ ਜਿਹਾ ਘੁਮਾਉ ਤੇ ਤੋੜ ਲਉ, ਤੋੜੀਆਂ ਹੋਈਆਂ ਖੁੰਬਾਂ ਨੂੰ ਪਾਉਣ ਲਈ ਪਲਾਸਟਿਕ ਦੀ ਟਰੇਅ ਜਾਂ ਬਾਲਟੀ ਦੀ ਵਰਤੋਂ ਕਰੋ। ਬਟਨ ਖੁੰਬ ਦੀ ਫਸਲ ਤਕਰੀਬਨ ਤਿੰਨ ਮਹੀਨੇ ਤੱਕ ਚੱਲਦੀ ਹੈ। ਖੁੰਬਾਂ ਹਰ ਰੋਜ਼ ਤੋੜਨੀਆਂ ਜ਼ਰੂਰੀ ਹਨ।

ਬਿਜਾਈ ਲਈ ਸਾਮਾਨ:

ਖੁੰਬਾਂ ਬੀਜਣ ਲਈ ਟਰੇਆਂ, ਸੈਲਫਾਂ ਤੇ ਪੋਲੋਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਜ਼ਾਰ ਵਿੱਚੋਂ ਫਲਾਂ ਵਾਲੀਆਂ ਖਾਲੀ ਪੇਟੀਆਂ ਤੇ ਵੱਡੇ ਅਕਾਰ ਦੇ ਲਿਫਾਫੇ ਮਿਲ ਜਾਂਦੇ ਹਨ। ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਜਿਹਨਾਂ ਵਿੱਚ ਵੱਡੇ ਪੱਧਰ ‘ਤੇ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ।

ਬ੍ਰਿਸ਼ਭਾਨ ਬੁਜਰਕ,
ਕਾਹਨਗੜ ਰੋਡ, ਪਾਤੜਾਂ, ਪਟਿਆਲਾ
ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here