ਨਿਰਦੋਸ਼ ਡੇਰਾ ਪ੍ਰੇਮੀਆਂ ’ਤੇ ਹਮਲਿਆਂ ਦੀਆਂ ਸਾਜਿਸ਼ਾਂ ਘੜਨ ਵਾਲਿਆਂ ਦਾ ਵੀ ਹੋਵੇ ਪਰਦਾਫਾਸ਼ : ਐਡਵੋਕੇਟਸ
(ਸੱਚ ਕਹੂੰ ਨਿਊਜ਼) ਫਰੀਦਕੋਟ। ਲੋਕਾਂ ਦੀ ਜਾਨ ਬਚਾਉਣ ਵਾਲਿਆਂ ਦੀ ਬਿਨਾਂ ਕਸੂਰੋਂ ਜਾਨ ਲੈਣ ਵਾਲਿਆਂ (Gurdev Singh Case) ਨੂੰ ਤਾਂ ਅਦਾਲਤੀ ਪ੍ਰਕਿਰਿਆ ਦੌਰਾਨ ਸਜ਼ਾ ਮਿਲ ਗਈ ਪਰ ਹਮਲਾਵਰਾਂ ਨੂੰ ਅਜਿਹਾ ਕਰਨ ਲਈ ਉਕਸਾਉਣ ਵਾਲੀਆਂ ਸਾਜਿਸ਼ਾਂ ਦਾ ਪਰਦਾਫਾਸ਼ ਹੋਣਾ ਜ਼ਰੂਰੀ ਹੈ। ਕਿਹੜੀਆਂ ਅਜਿਹੀਆਂ ਤਾਕਤਾਂ ਹਨ, ਜਿੰਨਾਂ ਨੂੰ ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜ਼ ਪਸੰਦ ਨਹੀਂ ਆ ਰਹੇ, ਜਾਂ ਪੰਜਾਬ ਦੀ ਅਮਨ ਸ਼ਾਂਤੀ ਉਨ੍ਹਾਂ ਨੂੰ ਚੰਗੀ ਨਹੀਂ ਲੱਗਦੀ, ਉਨ੍ਹਾਂ ਦੀ ਪਛਾਣ ਕਰਕੇ ਚਿਹਰੇ ਨੰਗੇ ਹੋਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਰਹਿ ਸਕੇ। ਇਹ ਪ੍ਰਗਟਾਵਾ ‘ਸੱਚ ਕਹੂੰ’ ਨਾਲ ਗੱਲਬਾਤ ਦੌਰਾਨ ਐਡਵੋਕੇਟ ਕੇਵਲ ਬਰਾੜ, ਵਿਵੇਕ ਗੁਲਬਧਰ ਅਤੇ ਬਸੰਤ ਸਿੰਘ ਸਿੱਧੂ ਨੇ ਕੀਤਾ।
ਉਨ੍ਹਾਂ ਆਖਿਆ ਕਿ ਪੰਜਾਬ ’ਚ ਵਾਪਰੀਆਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲਗਾਤਾਰ ਡੇਰਾ ਸੱਚਾ ਸੌਦਾ ਨਾਲ ਜੋੜਿਆ ਜਾਂਦਾ ਰਿਹਾ ਹੈ ਜਦੋਂਕਿ ਹਕੀਕਤ ਇਹ ਹੈ ਕਿ ਹਾਲੇ ਤੱਕ ਇਨਾਂ ਘਟਨਾਵਾਂ ਨਾਲ ਸਬੰਧਿਤ ਕਿਸੇ ਵੀ ਮਾਮਲੇ ’ਚ ਪੰਜਾਬ ਪੁਲਿਸ ਅਜਿਹਾ ਕੋਈ ਸਬੂਤ ਨਹੀਂ ਜੁਟਾ ਸਕੀ ਜਿਸ ਨਾਲ ਇਹ ਸਾਬਿਤ ਹੋ ਸਕੇ ਕਿ ਬੇਅਦਬੀ ’ਚ ਡੇਰਾ ਸੱਚਾ ਸੌਦਾ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ ਦੀ ਕਾਰਵਾਈ ’ਚੋਂ ਹਮੇਸ਼ਾ ਹੀ ਸਿਆਸਤ ਦੀ ਬੋ ਆਈ ਹੈ ਕਿਉਂਕਿ ਪੁਲਿਸ ਅਧਿਕਾਰੀ ਵੀ ਆਖਰ ਸਰਕਾਰ ਦੀ ਹੀ ਕਠਪੁਤਲੀ ਹੁੰਦੇ ਹਨ, ਜੋ ਨਿਰਪੱਖ ਜਾਂਚ ਦੀ ਥਾਂ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਦੇ ਟੀਚੇ ਨਾਲ ਉਨ੍ਹਾਂ ਦੇ ਮੁਤਾਬਿਕ ਹੀ ਚੱਲਦੇ ਹਨ।
ਬੀਤੇ ਦਿਨੀਂ ਫਰੀਦਕੋਟ ਵਿਖੇ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਜਗਦੀਪ ਸਿੰਘ ਮਾਰੋਕ ਦੀ ਅਦਾਲਤ ਨੇ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ (Gurdev Singh Case) ਦੇ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਾਨੂੰਨੀ ਮਾਹਿਰਾਂ ਨੇ ਤਰਕ ਦਿੱਤਾ ਕਿ ਮਾਣਯੋਗ ਅਦਾਲਤ ਨੇ ਨਿਆਂ ਕਰਦਿਆਂ ਇਹ ਫੈਸਲਾ ਸੁਣਾ ਦਿੱਤਾ ਪਰ ਗੁਰਦੇਵ ਸਿੰਘ ਦਾ ਕਤਲ ਕਿਉਂ ਕਰਵਾਇਆ ਗਿਆ, ਕਿਸਨੇ ਕਰਵਾਇਆ, ਇਸ ਸਾਜਿਸ਼ ਪਿੱਛੇ ਕਿਸਦਾ ਹੱਥ ਹੈ ਇਸ ਦੀ ਪੈੜ ਨੱਪਣ ਦਾ ਕੰਮ ਪੰਜਾਬ ਪੁਲਿਸ ਦਾ ਹੈ, ਜੋ ਹਾਲੇ ਤੱਕ ਅਜਿਹਾ ਨਹੀਂ ਕਰ ਸਕੀ। ਉਨਾਂ ਆਖਿਆ ਕਿ ਜੇਕਰ ਪੰਜਾਬ ਪੁਲਿਸ ਅਜਿਹਾ ਕਰਨ ’ਚ ਸਫ਼ਲ ਹੁੰਦੀ ਹੈ ਤਾਂ ਇਸ ਨਾਲ ਇਹ ਵੀ ਸਾਹਮਣੇ ਆ ਜਾਵੇਗਾ ਕਿ ਅਜਿਹੀਆਂ ਕਿਹੜੀਆਂ ਫੁੱਟ ਪਾਊ ਤਾਕਤਾਂ ਹਨ ਜੋ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਕੇ , ਉਸ ਨੂੰ ਡੇਰਾ ਸ਼ਰਧਾਲੂਆਂ ਨਾਲ ਜੋੜਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ’ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੀਬੀਆਈ ਡੇਰਾ ਸ਼ਰਧਾਲੂਆਂ ਨੂੰ ਪਵਿੱਤਰ ਬੇਅਦਬੀ ਦੇ ਮਾਮਲਿਆਂ ’ਚ ਕਲੀਨ ਚਿੱਟ ਦੇ ਚੁੱਕੀ ਹੈ ਅਤੇ ਸੀਬੀਆਈ ਨੇ ਹੋਰਨਾਂ ਲੋਕਾਂ ਦੇ ਨਾਲ-ਨਾਲ ਗੁਰਦੇਵ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਸੀ ਪਰ ਉਸ ਮਗਰੋਂ ਗੁਰਦੇਵ ਸਿੰਘ ਦਾ ਕਤਲ ਹੋ ਗਿਆ।
ਇਸ ਕਤਲ ਦੇ ਪਿੱਛੇ ਕਿਸਦੀ ਸਾਜਿਸ਼ ਹੈ ਤੇ ਕਤਲ ਕਰਵਾਉਣ ਵਾਲਾ ਕੌਣ ਹੈ, ਉਨ੍ਹਾਂ ਦੀ ਪਛਾਣ ਹੋਣੀ ਬਾਕੀ ਹੈ। ਪੰਜਾਬ ਪੁਲਿਸ ਨੂੰ ਚਾਹੀਦਾ ਸੀ ਜਦੋਂ ਕਤਲ ਦੇ ਮੁਲਜ਼ਮ ਫੜ ਲਏ ਸੀ ਤਾਂ ਉਨਾਂ ਤੋਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਬੇਅਦਬੀ ਸਮੇਤ ਇਸ ਨਾਲ ਸਬੰਧਿਤ ਘਟਨਾਵਾਂ ਦੇ ਪਿੱਛੇ ਸਾਜਿਸ਼ਕਰਤਾ ਕੌਣ ਹਨ। ਇਸ ਤੋਂ ਇਲਾਵਾ ਸਾਲ 2017 ’ਚ ਸੱਤਪਾਲ ਅਤੇ ਉਨ੍ਹਾਂ ਦੇ ਪੁੱਤਰ ਰਮੇਸ਼ ਕੁਮਾਰ ਦਾ ਅਹਿਮਦਗੜ੍ਹ ਨੇੜੇ ਜੰਗੇੜਾ ਵਿਖੇ ਸਥਿਤ ਨਾਮ ਚਰਚਾ ਘਰ ਦੀ ਕੰਟੀਨ ’ਤੇ ਚਿੱਟੇ ਦਿਨ ਸ਼ਰੇਆਮ ਬੇਖੌਫ ਹੋ ਕੇ ਕਤਲ ਕਰ ਦਿੱਤਾ ਸੀ। ਕਾਤਲਾਂ ਦੇ ਜਾਲਮ ਹੱਥ ਇੱਥੇ ਹੀ ਨਹੀਂ ਰੁਕੇ ਇਸ ਮਗਰੋਂ ਨਾਭਾ ਜ਼ੇਲ ਅੰਦਰ ਮਹਿੰਦਰਪਾਲ ਬਿੱਟੂ ਅਤੇ ਭਗਤਾ ਭਾਈਕਾ ਵਿਖੇ ਦੁਕਾਨ ’ਚ ਮਨੋਹਰ ਲਾਲ ਇੰਸਾਂ ਦਾ ਵੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।
ਭਗਤਾ ਭਾਈਕਾ ਕਤਲ ਮਾਮਲੇ ’ਚ ਕੇਂਦਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਮ੍ਰਿਤਕ ਡੇਰਾ ਪ੍ਰੇਮੀਆਂ ’ਚੋਂ ਮਹਿੰਦਰਪਾਲ ਬਿੱਟੂ ਪਹਿਲਾਂ ਹੋਏ ਕਤਲ (ਗੁਰਦੇਵ ਸਿੰਘ ਅਤੇ ਸੱਤਪਾਲ ਤੇ ਰਮੇਸ਼ ਕੁਮਾਰ) ਦੇ ਮਾਮਲਿਆਂ ’ਚ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜਕੇ ਨਿਆਂ ਲਈ ਭੱਜ ਦੌੜ ਕਰ ਰਹੇ ਸੀ, ਪਰ ਇਸੇ ਦੌਰਾਨ ਉਹ ਵੀ ਉਸੇ ਸਾਜਿਸ਼ ਦਾ ਸ਼ਿਕਾਰ ਹੋ ਗਏ। ਵਕੀਲਾਂ ਨੇ ਮੰਗ ਕੀਤੀ ਕਿ ਵਿਸ਼ਵ ਭਰ ’ਚ ਸ਼ਾਂਤੀ ਅਤੇ ਭਲਾਈ ਕਾਰਜ਼ਾਂ ਕਰਕੇ ਜਾਣੇ ਜਾਂਦੇ ਡੇਰਾ ਸੱਚਾ ਸੌਦਾ ਦੀ ਸ਼ਾਖ ਨੂੰ ਵਿਗਾੜਨ ਅਤੇ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲਿਆਂ ਦੀ ਪਹਿਚਾਣ ਹੋਣੀ ਚਾਹੀਦੀ ਹੈ।
ਗੁਰਦੇਵ ਸਿੰਘ ਮਾਮਲੇ ’ਚ ਅਦਾਲਤੀ ਫੈਸਲਾ ਸ਼ਲਾਘਾਯੋਗ : ਹਰਚਰਨ ਇੰਸਾਂ
45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਗੁਰਦੇਵ ਸਿੰਘ ਬੁਰਜ਼ ਜਵਾਹਰ ਸਿੰਘ ਵਾਲਾ ਦੇ ਕਤਲ ਮਾਮਲੇ ’ਚ ਮੁਲਜ਼ਮਾਂ ਨੂੰ ਉਮਰ ਕੈਦ ਦਾ ਫੈਸਲੇ ਸਬੰਧੀ ਕਿਹਾ ਕਿ ਮਾਣਯੋਗ ਅਦਾਲਤ ਦੇ ਫ਼ੈਸਲੇ ਤੋਂ ਅਸੀਂ ਸੰਤੁਸ਼ਟ ਹਾਂ। ਇਹ ਫੈਸਲਾ ਡੇਰਾ ਸ਼ਰਧਾਲੂਆਂ ਦੇ ਜ਼ਖਮਾਂ ’ਤੇ ਮੱਲਮ ਦਾ ਕੰਮ ਕਰੇਗਾ ਪਰ ਜ਼ਖਮ ਹਾਲੇ ਹੋਰ ਵੀ ਬਾਕੀ ਨੇ, ਜਿੰਨਾਂ ਨੂੰ ਠੀਕ ਕਰਨ ਲਈ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਡੇਰਾ ਸ਼ਰਧਾਲੂਆਂ ਦੇ ਹੋਏ ਕਤਲਾਂ ਸਮੇਤ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਜ਼ਿੰਮੇਵਾਰ ਤਾਕਤਾਂ ਨੂੰ ਪਹਿਚਾਣਕੇ ਜੱਗ ਜਾਹਿਰ ਕਰੇ ਤਾਂ ਜੋ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ