ਵਕੀਲਾਂ ’ਚ ਰੋਸ, ਘਟਨਾ ਗੈਂਗਵਾਰ ਨਾਲ ਸਬੰਧਤ, ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਐਸਐਸਪੀ
Abohar News: ਅਬੋਹਰ (ਮੇਵਾ ਸਿੰਘ)। ਅਬੋਹਰ ਤਹਿਸੀਲ ਦੇ ਕੰਪਲੈਕਸ ’ਚ ਅਦਾਲਤ ਅੰਦਰ ਪੇਸ਼ੀ ਭੁਗਤਣ ਆਏ ਇੱਕ ਵਿਅਕਤੀ ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਇਕ ਜਣੇ ਦੀ ਮੌਤ ਤੇ ਕੁਝ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਇਸ ਘਟਨਾ ਤੋਂ ਬਾਅਦ ਪੂਰੇ ਤਹਿਸੀਲ ਕੰਪਲੈਕਸ ਵਿਚ ਦਹਿਸ਼ਤ ਫੈਲ ਗਈ। ਮ੍ਰਿਤਕ ਦੀ ਲਾਸ਼ ਨੂੰ ਪੁਲਿਸ ਨੇ ਪੋਸ਼ਟਮਾਰਟਮ ਵਾਸਤੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਅਬੋਹਰ ਦੇ ਮਸ਼ਹੂਰ ਜੌੜ੍ਹੀ ਮੰਦਰ ਦੇ ਪੁਜਾਰੀ ਦਾ ਬੇਟਾ ਅਕਾਸ਼ ਉਰਫ ਗੋਲੂ ਪੰਡਿਤ ਤੇ ਉਸ ਦਾ ਸਾਥੀ ਸੋਨੂੰ ਅਤੇ ਇੱਕ ਹੋਰ ਵਿਅਕਤੀ ਗੱਡੀ ਵਿੱਚ ਸਵਾਰ ਹੋਕੇ ਤਹਿਸੀਲ ਕੰਪਲੈਕਸ ਪਹੁੰਚੇ ਸਨ।
ਅਕਾਸ ਉਰਫ਼ ਗੋਲੂ ਪੰਡਿਤ ਅਦਾਲਤ ਵਿੱਚ ਕੋਈ ਪੇਸ਼ੀ ਭੁਗਤਣ ਤੋਂ ਬਾਅਦ ਜਿਵੇਂ ਹੀ ਬਾਹਰ ਆ ਕੇ ਕਾਰ ਵਿਚ ਬੈਠਣ ਲੱਗਾ ਤਾਂ ਕੁਝ ਲੋਕਾਂ ਨੇ ਉਸ ’ਤੇ ਫਾਇਰੰਗ ਕਰ ਦਿੱਤੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਤੇ ਹਮਲਾਵਰ ਮੌਕੇ ਤੋਂ ਭੱਜ ਗਏ। ਇਧਰ ਉਸ ਦੇ ਸਾਥੀ ਉਸ ਨੂੰ ਤਰੁੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦਾ ਚੈਕਅੱਪ ਕਰਨ ਤੋਂ ਬਾਅਦ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਗੋਲੂ ਪੰਡਿਤ ਦੇ ਨਾਲ ਮੌਜ਼ੂਦ ਸੋਨੂੰ ਦਾ ਕਹਿਣਾ ਕਿ ਗੋਲੂ ਪੰਡਿਤ ਤੇ 3-4 ਨੌਜਵਾਨਾਂ ਨੇ ਕਰੀਬ 5-6 ਫਾਇਰ ਕੀਤੇ, ਜਿਸ ਕਰਕੇ ਤਿੰਨ ਫਾਇਰ ਗੋਲੂ ਪੰਡਿਤ ਦੇ ਸਰੀਰ ਤੇ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
Read Also : ਗੋਆ ਕਲੱਬ ਹਾਦਸਾ, ਥਾਈਲੈਂਡ ਤੋਂ ਲੂਥਰਾ ਭਰਾਵਾਂ ਨੂੰ ਹਿਰਾਸਤ ’ਚ ਲਿਆ
ਇਧਰ ਸੂਚਨਾ ਮਿਲਦੇ ਹੀ ਜ਼ਿਲ੍ਹੇ ਦੇ ਐੱਸਐੱਸਪੀ ਗੁਰਮੀਤ ਸਿੰਘ, ਐੱਸਪੀਡੀ, ਸਿਟੀ ਵਨ ਅਤੇ ਸਿਟੀ ਟੂ ਦੇ ਐਸਐਸਓ ਮਨਿੰਦਰ ਸਿੰਘ ਅਤੇ ਰਵਿੰਦਰ ਸਿੰਘ ਵੀ ਹਸਪਤਾਲ ਪਹੁੰਚ ਗਏ। ਦੇਖਦੇ ਹੀ ਦੇਖਦੇ ਸਾਰਾ ਹਸਪਤਾਲ ਪੁਲਿਸ ਛਾਊਣੀ ਵਿੱਚ ਬਦਲ ਗਿਆ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਇਸ ਪ੍ਰਕਾਰ ਦੀ ਘਟਨਾ ਨਾਲ ਸ਼ਹਿਰ ਵਾਸੀਆਂ ਅਤੇ ਤਹਿਸੀਲ ਕੰਪਲੈਕਸ ਦੇ ਵਕੀਲ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।
Abohar News
ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੁਲਿਸ ਪ੍ਰਸਾਸਨ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਹਸਪਤਾਲ ’ਚ ਪਹੁੰਚੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਗੋਲੂ ਪੰਡਿਤ ਤੇ ਪਹਿਲਾਂ ਤੋਂ ਕਈ ਮੁਕੱਦਮੇ ਦਰਜ ਸਨ ਤੇ ਇਹ ਘਟਨਾ ਵੀ ਗੈਂਗਵਾਰ ਨਾਲ ਜੁੜੀ ਹੈ। ਉਨ੍ਹਾਂ ਕਿਹਾ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਸਖ਼ਤ ਤੋਂ ਸਖ਼ਤ ਕਾਨੂੰਨੀ ਸਜ਼ਾ ਦਿਵਾਈ ਜਾਵੇਗੀ।
ਜਿਕਰ ਕਰਨਾ ਬਣਦਾ ਹੈ ਅਜੇ ਬੀਤੀ ਕੱਲ ਹੀ ਐਸਪੀ (ਡੀ) ਦੀ ਅਗਵਾਈ ਵਿਚ ਭਾਰੀ ਪੁਲਿਸ ਫੋਰਸ ਨੇ ਚੋਣਾਂ ਨੁੰ ਦੇਖਦਿਆਂ ਇਕ ਵਿਸਾਲ ਫਲੈਗ ਮਾਰਚ ਕੱਢ ਕੇ ਇਲਾਕੇ ਦੀ ਜਨਤਾ ਨੂੰ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਸੀ। ਪਰ ਇੱਕ ਦਿਨ ਬਾਅਦ ਹੀ ਸਹਿਰ ਦੇ ਤਹਿਸੀਲ ਕੰਪਲੈਕਸ ਵਿੱਚ ਦਿਨ ਦਿਹਾੜੇ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਹੋ ਜਾਣਾ ਆਮ ਜਨਤਾ ਦੀ ਸੁਰੱਖਿਆ ਸਬੰਧੀ ਪੁਲਿਸ ਪ੍ਰਸ਼ਾਸਨ ’ਤੇ ਸੁਆਲ ਖੜੇ੍ਹ ਕਰਦਾ।














