ਅਕਾਲੀ ਆਗੂ ਦਾ ਕਤਲ, ਬਾਪ ਫੱਟੜ

Murder Accused Sachkahoon

ਦਾਨੇਵਾਲਾ ਦੇ ਸੋਲਰ ਪਲਾਂਟ ‘ਚ ਕੀਤਾ ਹਮਲਾ

ਸਰਦੂਲਗੜ੍ਹ (ਗੁਰਜੀਤ ਸ਼ੀਂਹ) । ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਕਸਬਾ ਝੁਨੀਰ ‘ਚ ਬੀਤੀ ਰਾਤ ਹਥਿਆਰਬੰਦ ਵਿਅਕਤੀਆਂ ਨੇ ਇੱਕ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰਨ ਅਤੇ ਉਸਦੇ ਪਿਤਾ ਨੂੰ ਫੱਟੜ ਕਰ ਦਿੱਤਾ ਪੁਲਿਸ ਨੇ ਇਸ ਮਾਮਲੇ ‘ਚ ਕਾਂਗਰਸ ਪਾਰਟੀ ਨਾਲ ਸਬੰਧਿਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਚਹਿਲਾਂਵਾਲੀ ਦੇ ਸਾਬਕਾ ਸਰਪੰਚ ਪ੍ਰੇਮ ਸਿੰਘ ਦਾ ਪੁੱਤਰ ਸੁਖਵਿੰਦਰ ਸਿੰਘ (20 ਸਾਲ) ਪਿੰਡ ਦਾਨੇ ਵਾਲਾ ‘ਚ ਆਪਣੇ ਸੋਲਰ ਪਲਾਂਟ ‘ਚ ਮੌਜ਼ੂਦ ਸੀ, ਤਾਂ ਅਚਾਨਕ ਗੱਡੀਆਂ ‘ਚ ਸਵਾਰ ਹੋ ਕੇ ਆਏ 15 ਦੇ ਲਗਭਗ ਹਥਿਆਰਬੰਦ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਵਰ੍ਹਾ ਦਿੱਤੀਆਂ ਘਟਨਾ ਤੋਂ ਪਹਿਲਾਂ ਪ੍ਰੇਮ ਸਿੰਘ ਨੇ ਪੁਲਿਸ ਨੂੰ ਫੋਨ ‘ਤੇ ਸੂਚਿਤ ਕੀਤਾ । ਪਰ ਪੁਲਿਸ ਵੱਲੋਂ ਇਸ ਮਾਮਲੇ ‘ਚ ਪੂਰੀ ਤਰ੍ਹਾਂ ਢਿੱਲਮੱਠ ਵਿਖਾਈ ਗਈ ਸੁਖਵਿੰਦਰ ਦੇ ਪਿਤਾ ਪ੍ਰੇਮ ਸਿੰਘ ਤੇ ਉਸਦਾ ਭਰਾ ਤਰਸੇਮ ਵੀ ਉੱਥੇ ਪਹੁੰਚ ਗਏ ਇਸ ਦੌਰਾਨ ਚੱਲੀ ਗੋਲੀ ‘ਚ ਸੁਖਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਜਦੋਂ ਪ੍ਰੇਮ ਸਿੰਘ ਗੰਭੀਰ ਜ਼ਖਮੀ ਹੋ ਗਿਆ ।

ਜਿਸ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ, ਜਿੱਥੋਂ ਉਸਨੂੰ  ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਹਮਲਾਵਰ ਇੱਕ ਗੱਡੀ ਉੱਥੇ ਹੀ ਛੱਡ ਕੇ ਫਰਾਰ ਹੋ ਗਏ । ਪ੍ਰੇਮ ਸਿੰਘ ਨੇ ਝੁਨੀਰ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ  ਐਕਮੇ ਰੂਫ ਟਾਪ ਸੋਲਰ ਪਲਾਂਟ ‘ਚ ਪਿਛਲੀ ਅਕਾਲ਼ੀ ਭਾਜਪਾ ਸਰਕਾਰ ਦੇ ਰਾਜ ਅੰਦਰ  ਪਲੇਟਾਂ ਧੋਣ ਲਈ ਬਲਵਿੰਦਰ ਸਿੰਘ ਬਿੰਦਾ ਟੈਂਡਰ ਲੈ ਕੇ ਕੰਮ ਕਰ ਰਿਹਾ ਸੀ। ਸਰਕਾਰ ਬਦਲਣ ‘ਤੇ ਹੀ ਉੱਕਤ ਵਿਅਕਤੀ ਨੇ ਇਸ ਦਾ ਕੰਮ ਅੱਗੇ ਉਸ ਨੂੰ ਸੌਂਪ ਦਿੱਤਾ ਸੀ।

ਪ੍ਰੇਮ ਸਿੰਘ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਕੁਝ ਵਰਕਰਾਂ ਨੇ ਜ਼ਿਲ੍ਹਾਂ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਰਦੂਲਗੜ੍ਹ ਤੋ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦੇ ਕਹਿਣ ‘ਤੇ ਇਸ ਪਲਾਂਟ ‘ਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਫੋਨ ਰਾਹੀਂ ਇਸ ਪਲਾਂਟ ਨੂੰ ਛੱਡਣ ਲਈ ਧਮਕੀਆ ਦਿੱਤੀਆਂ । ਪਰ ਜਦੋ ਉਹਨਾਂ ਨੇ ਕੰਮ ਨਾ ਛੱਡਿਆ ਤਾਂ ਉਹਨਾਂ ਦੀ ਧਮਕੀਆਂ ਭਰੀ ਵੀਡੀਓ ਵਾਇਰਲ ਹੋਣ ‘ਤੇ ਰੋਸ ਵਜੋ ਉਹਨਾਂ ਨੇ ਪਿੰਡ ਦਾਨੇਵਾਲਾ ਵਿਖੇ ਬਣੇ ਇਸ ਪਲਾਂਟ ‘ਤੇ ਕਾਬਜ ਹੋਣ ਦੀ ਨੀਤ ਨਾਲ ਦਰਜਨਾਂ ਵਿਅਕਤੀਆਂ ਦੁਆਰਾ ਉੱਥੇ ਹਾਜਰ ਵਿਅਕਤੀਆਂ ‘ਤੇ ਗੋਲੀਆਂ ਚਲਾ ਦਿੱਤੀਆਂ।ਜਿਸ ਨਾਲ ਉਹ  ਗੰਭੀਰ ਜਖਮੀ ਹੋ ਗਿਆ ਅਤੇ ਉਸ ਦੇ ਛੋਟੇ ਬੇਟੇ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ।

ਝੁਨੀਰ ਪੁਲਿਸ ਨੇ ਮ੍ਰਿਤਕ ਸੁਖਵਿੰਦਰ ਸਿੰਘ ਦੇ ਪਿਤਾ ਪ੍ਰੇਮ ਸਿੰਘ ਦੇ ਬਿਆਨਾਂ ‘ਤੇ ਸੇਵਕ ਸਿੰਘ ਬਰਨ, ਜੱਗਾ ਸਿੰਘ ਸਾਹਨੇਵਾਲੀ, ਜੱਗਾ ਸਿੰਘ ਬੁਰਜ, ਜਸਵਿੰਦਰ ਸਿੰਘ, ਬਲਵੰਤ ਸਿੰਘ ਵਾਸੀ ਕੋਰਵਾਲਾ, ਅਮਨ ਵਰਮਾ, ਦੀਪ ਸੰਧੂ, ਅਮਨ ਸੰਧੂ ਸਰਦੂਲਗੜ੍ਹ, ਸਰਬਜੀਤ ਸਿੰਘ ਵਾਸੀ ਖਿਆਲੀ ਚਹਿਲਾਂਵਾਲੀ, ਗੁਰਪਾਲ ਸਿੰਘ ਝੰਡੂਕੇ ਅਤੇ 6-7 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਪਰਮਵੀਰ ਸਿੰਘ ਪਰਮਾਰ ਨੇ ਦੱਸਿਆ ਕਿ ਇਸ ਮਾਮਲੇ ‘ਚ ਕੁਤਾਹੀ ਵਰਤਣ ਵਾਲੇ ਥਾਣਾ ਮੁੱਖੀ ਚੰਨਣ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਪੁਲਿਸ ਵੱਲੋਂ ਚਾਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੁਖਵਿੰਦਰ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ ।

ਜ਼ਿਕਰਯੋਗ ਹੈ ਕਿ ਸਾਬਕਾ ਸਰਪੰਚ ਦੇ ਵੱਡੇ ਬੇਟੇ ਸਤਨਾਮ ਸਿੰਘ ਦੀ 18 ਅਪਰੈਲ ਦਿਨ ਮੰਗਲਵਾਰ ਨੂੰ ਸ਼ਾਦੀ ਹੋਈ ਸੀ ਜਿਸ ਦੀ ਅੱਜ ਝੁਨੀਰ ਪੈਲਿਸ ਵਿਖੇ ਪਾਰਟੀ ਰੱਖੀ ਹੋਈ ਸੀ।ਇਸ ਘਟਨਾ ਨਾਲ ਉਸ ਦੇ ਵਿਆਹ ਦੇ ਸਮਾਗਮ ‘ਚ ਖੁਸ਼ੀ ਵਾਲਾ ਮਾਹੌਲ ਗਮਗੀਨ ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।