financial crisis | ਪ੍ਰਧਾਨ ਮੰਤਰੀ ਦੇ ਨਾਲ ਖਜਾਨਾ ਮੰਤਰੀ ਸੀਤਾਰਮਨ ਨੂੰ ਵੀ ਮਿਲਣਗੇ ਸੰਸਦ ਮੈਂਬਰ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ‘ਤੇ ਚਲ ਰਹੇ ਵਿੱਤੀ ਸੰਕਟ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਹੁਣ ਕੇਂਦਰ ਸਰਕਾਰ ਨੂੰ ਸਦਨ ਵਿੱਚ ਘੇਰਨ ਤੋਂ ਬਾਅਦ ਮਿਲਣ ਦਾ ਫੈਸਲਾ ਕਰ ਲਿਆ ਹੈ ਤਾਂ ਕਿ ਜੀ.ਐਸ.ਟੀ. ਦਾ ਬਕਾਇਆ ਖੜਾ 4100 ਕਰੋੜ ਰੁਪਏ ਜਾਰੀ ਕਰਵਾਉਣ ਦੇ ਨਾਲ ਹੀ ਸਰਕਾਰ ਨੂੰ ਇਸ ਸੰਕਟ ਤੋਂ ਕੱਢਿਆਂ ਜਾ ਸਕੇ। ਇਸ ਲਈ ਪੰਜਾਬ ਦੇ 8 ਕਾਂਗਰਸ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਚਿੱਠੀ ਲਿਖ ਕੇ ਮਿਲਣ ਲਈ ਸਮਾਂ ਮੰਗਿਆ ਹੈ ਹਾਲਾਂਕਿ ਹੁਣ ਤੱਕ ਦੋਵੇ ਪਾਸਿਓ ਕੋਈ ਵੀ ਜੁਆਬ ਇਨਾਂ ਸੰਸਦ ਮੈਂਬਰਾਂ ਨੂੰ ਪ੍ਰਾਪਤ ਨਹੀਂ ਹੋਇਆ ਹੈ
ਕਾਂਗਰਸ ਦੇ ਹਲਕਾ ਖਡੂਰ ਸਾਹਿਬ ਤੋਂ ਲੋਕਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਚੰਡੀਗੜ ਵਿਖੇ ਦੱਸਿਆ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਪਿਛਲੇ ਦੋ ਮਹੀਨਿਆ ਤੋਂ ਲਗਾਤਾਰ ਕੇਂਦਰ ਸਰਕਾਰ ਕੋਲ ਗੇੜੇ ਮਾਰ ਰਹੇ ਹਨ ਪਰ ਕੇਂਦਰ ਵਲੋਂ ਅਜੇ ਤੱਕ ਜੀਐਸਟੀ ਦਾ ਬਣਦਾ ਬਕਾਇਆ ਪੰਜਾਬ ਸਰਕਾਰ ਨੂੰ ਨਹੀਂ ਭੇਜਿਆ ਜਾ ਰਿਹਾ ਜਿਸ ਕਾਰਨ ਹੁਣ ਸੰਸਦ ਮੈਂਬਰਾਂ ਵੱਲੋਂ ਹੀ ਹੁਣ ਅੱਗੇ ਆਉਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਵੱਲ ਖੜਾ ਐ 4100 ਕਰੋੜ ਰੁਪਏ ਜੀਐਸਟੀ
ਜਸਬੀਰ ਸਿੰਘ ਡਿੰਪਾ ਨੇ ਦੱਸਿਆ ਕਿ ਜੀਐਸਟੀ ਦੇ ਬਕਾਏ ਨੂੰ ਲੈ ਕੇ ਸਦਨ ਦੇ ਅੰਦਰ ਉਨਾਂ ਵਲੋਂ ਆਵਾਜ਼ ਚੁੱਕੀ ਗਈ ਸੀ, ਜਿਸ ਦੇ ਸਮੱਰਥਨ ਵਿੱਚ ਬਾਕੀ ਕਾਂਗਰਸ ਸੰਸਦ ਮੈਂਬਰਾਂ ਨੇ ਵੀ ਕੇਂਦਰ ਸਰਕਾਰ ਤੋਂ ਜੁਆਬ ਮੰਗਿਆਂ ਸੀ ਪਰ ਫਿਰ ਵੀ ਹੁਣ ਤੱਕ ਕੇਂਦਰ ਸਰਕਾਰ ਵਲੋਂ ਜੀਐਸਟੀ ਦਾ ਬਕਾਇਆ ਜਾਰੀ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਉਨਾਂ ਸਣੇ ਸਾਰੇ 8 ਕਾਂਗਰਸ ਸੰਸਦ ਮੈਂਬਰਾਂ ਵਲੋਂ ਫੈਸਲਾ ਲਿਆ ਗਿਆ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖਜਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਖ਼ੁਦ ਮਿਲ ਕੇ ਜੀਐਸਟੀ ਦਾ ਬਕਾਇਆ ਜਲਦ ਹੀ ਜਾਰੀ ਕਰਨ ਦੀ ਮੰਗ ਕਰਨਗੇ।
ਉਨਾਂ ਦੱਸਿਆ ਕਿ ਇਸੇ ਹਫ਼ਤੇ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨਾਲ ਮੁਲਾਕਾਤ ਹੋ ਜਾਏਗੀ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਬਾਰੇ ਅਜੇ ਕੋਈ ਜਿਆਦਾ ਜਾਣਕਾਰੀ ਨਹੀਂ ਹੈ ਕਿ ਉਹ ਕਦੋਂ ਮਿਲ ਸਕਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।