ਐਮ.ਪੀ. ਲੈਂਡ ਫੰਡ ਤੁਰੰਤ ਬਹਾਲ ਕਰਨ ਦੀ ਪ੍ਰਨੀਤ ਕੌਰ ਨੇ ਕੇਂਦਰ ਸਰਕਾਰ ਕੋਲ ਉਠਾਈ ਮੰਗ

ਕੇਂਦਰੀ ਵਿੱਤ ਮੰਤਰੀ ਨੂੰ ਆਸ਼ਾ ਵਰਕਰਾਂ ਦੀਆਂ ਤਨਖਾਹਾਂ ਵੀ ਵਧਾਉਣ ਲਈ ਕਿਹਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ (ਸੱਚ ਕਹੂੰ))। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸੰਸਦ ਮੈਂਬਰਾਂ ਦਾ ਐਮ. ਪੀ. ਲੈਂਡ ਫੰਡ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗਲਵਾਰ ਨੂੰ ਲੋਕ ਸਭਾ ’ਚ ਵਿੱਤੀ ਬਿੱਲ ’ਤੇ ਚਰਚਾ ਮੌਕੇ ਸੰਬੋਧਨ ਕਰਦਿਆਂ ਜੋਰ ਦੇ ਕੇ ਕਿਹਾ ਕਿ, ‘ਇਹ ਸਾਡਾ, ਸੰਸਦ ਮੈਂਬਰਾਂ ਦਾ ਹੱਕ ਹੈ ਕਿ ਅਸੀਂ ਆਪਣੇ ਹਲਕਿਆਂ ਦੀਆਂ ਲੋੜਾਂ ਨੂੰ ਪੂਰਿਆਂ ਕਰ ਸਕੀਏ।’ ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨੂੰ ਮੁੜ ਅਪੀਲ ਵੀ ਕੀਤੀ ਕਿ ਕੋਵਿਡ ਮਹਾਂਮਾਰੀ ਦੌਰਾਨ ਸਾਡੀਆਂ ਫਰੰਟਲਾਈਨ ਵਰਕਰਾਂ ਵਜੋਂ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾਣ।

ਕੇਂਦਰੀ ਵਿੱਤ ਮੰਤਰੀ ਵੱਲੋਂ ਸਾਲ 2021-22 ਦੇ ਕੇਂਦਰੀ ਬਜ਼ਟ ’ਚ ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ ਜੋੜੇ ਜਾਣ ਦੇ ਮੁੱਦੇ ’ਤੇ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਸੈੱਸ ਜਿੱਥੇ ਸਾਡੇ ਸੰਘੀ ਵਿੱਤੀ ਢਾਂਚੇ ’ਤੇ ਬੁਰਾ ਪ੍ਰਭਾਵ ਪਾਵੇਗਾ ਉਥੇ ਹੀ ਰਾਜਾਂ ਦੇ ਮਾਲੀਆ ਹਿੱਸੇ ਨੂੰ ਵੀ ਸੱਟ ਮਾਰੇਗਾ ਅਤੇ ਨਾਲ ਹੀ ਇਸ ਕਰਕੇ ਉਨ੍ਹਾਂ ਦੀਆਂ ਵਿਕਾਸ ਸਬੰਧੀ ਜਰੂਰੀ ਲੋੜਾਂ ਪੂਰੀਆਂ ਕਰਨੀਆਂ ਔਖੀਆਂ ਹੋ ਜਾਣਗੀਆਂ।
ਕੇਂਦਰੀ ਵਿੱਤ ਮੰਤਰੀ ਵੱਲੋਂ ਸੀਨੀਅਰ ਸਿਟੀਜ਼ਨਸ ਨੂੰ ਛੋਟਾਂ ਦੇਣ ਨੂੰ ਵੀ ਗੁੰਮਰਾਹਕੁਨ ਕਰਾਰ ਦਿੰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ, ‘ਵਿੱਤ ਮੰਤਰੀ ਵੱਲੋਂ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਆਮਦਨ ਕਰ ਰਿਟਰਨ ਭਰਨ ਤੋਂ ਛੋਟ ਦੇਣ ਦਾ ਪ੍ਰਸਤਾਵ ਵੀ ਇੱਕ ਭੁਲੇਖੇ ਤੋਂ ਵੱਧ ਕੁਝ ਨਹੀਂ ਹੈ,

ਕਿਉਂਕਿ ਇਹ ਪ੍ਰਸਤਾਵਤ ਰਿਆਇਤਾਂ ਵੀ ਬਿਨ੍ਹਾਂ ਸ਼ਰਤ ਨਹੀਂ ਹਨ ਅਤੇ ਨਾ ਹੀ ਇਹ ਆਮਦਨ ਕਰ ਤੋਂ ਛੋਟ ਦੇ ਸੰਕੇਤ ਹੈ, ਜਿਵੇਂ ਕਿ ਗ਼ਲਤੀ ਨਾਲ ਪਹਿਲਾਂ ਇਨ੍ਹਾਂ ਨੂੰ ਬਹੁਤਿਆਂ ਵੱਲੋਂ ਖੁਸ਼ੀ ਦਾ ਇੱਕ ਪਲ ਮੰਨ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਛੋਟ ਤਾਂ ਕੇਵਲ ਕੁਝ ਸ਼ਰਤਾਂ ’ਤੇ ਅਧਾਰਤ ਰਿਟਰਨ ਭਰਨ ਤੋਂ ਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.