ਪੰਜਾਬ ਦੇ ਏਡੀਜੀਪੀ ਨੇ ਪੰਜਾਬ ਭਰ ਦੇ ਐਸਐਸਪੀ ਨੂੰ ਜਾਰੀ ਕੀਤੇ ਆਦੇਸ਼, ਤੁਰੰਤ ਸ਼ੁਰੂ ਕਰੋ ਕਾਰਵਾਈ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਜੁਗਾੜੂ ਮੋਟਰਸਾਈਕਲ ਰਾਹੀਂ ਰੇਹੜੀ ਚਲਾਉਣ ਵਾਲੇ ਆਮ ਪੰਜਾਬੀਆਂ ਦੀ ਹੁਣ ਖੈਰ ਨਹੀਂ ਹੈ। ਅੱਜ ਤੋਂ ਬਾਅਦ ਪੰਜਾਬ ਭਰ ਵਿੱਚ ਪੁੁਲਿਸ ਇਨਾਂ ਜੁਗਾੜੂ ਮੋਟਰਸਾਈਕਲ ਅਤੇ ਉਨਾਂ ਦੇ ਮਾਲਕਾ ਨੂੰ ਲੱਭਦੀ ਨਜ਼ਰ ਆਏਗੀ, ਕਿਉਂਕਿ ਸਾਰੇ ਪੰਜਾਬ ਦੇ ਐਸ.ਐਸ.ਪੀਜ਼ ਨੂੰ ਇਨਾਂ ਜੁਗਾੜੂ ਮੋਟਰਸਾਈਕਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਪੰਜਾਬ ਦੇ ਵਧੀਕ ਜਰਨਲ ਆਫ਼ ਪੁਲਿਸ ਵਲੋਂ ਜਾਰੀ ਕਰ ਦਿੱਤੇ ਗਏ ਹਨ। ਜਿਸ ਤੋਂ ਬਾਅਦ ਹੁਣ ਐਸ.ਐਸ.ਪੀਜ਼ ਵੱਲੋਂ ਆਪਣੇ ਆਪਣੇ ਜ਼ਿਲ੍ਹੇ ਵਿੱਚ ਇਸ ਸਬੰਧੀ ਸਖ਼ਤੀ ਕਰਨ ਦੇ ਆਦੇਸ਼ ਹੇਠਲੇ ਕਰਮਚਾਰੀਆਂ ਨੂੰ ਵੀ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚ ਵੱਡੇ ਪੱਧਰ ‘ਤੇ ਰੇਹੜੀ ਚਲਾਉਣ ਜਾਂ ਫਿਰ ਸਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਵਾਲੇ ਲੋਕਾਂ ਵੱਲੋਂ ਆਪਣੀ ਰੇਹੜੀ ਦੇ ਅੱਗੇ ਜੁਗਾੜ ਕਰਕੇ ਮੋਟਰਸਾਈਕਲ ਫਿੱਟ ਕਰਦੇ ਹੋਏ ਰੇਹੜੀ ਨੂੰ ਹੀ ਸੁਪਰ ਫਾਸਟ ਰੇਹੜੀ ਬਣਾ ਲਿਆ ਹੈ, ਜਿਸ ਨਾਲ ਉਹ ਬਿਨਾਂ ਜ਼ੋਰ ਲਾਏ ਸਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਆਸਾਨੀ ਨਾਲ ਲੈ ਕੇ ਜਾਂਦੇ ਹਨ। ਜਿਸ ਤਰ੍ਹਾਂ ਦੇ ਜੁਗਾੜ ਨਾਲ ਕੁਝ ਥਾਂਵਾਂ ‘ਤੇ ਸੜਕ ਹਾਦਸੇ ਹੋਣ ਬਾਰੇ ਵੀ ਸਰਕਾਰ ਨੂੰ ਜਾਣਕਾਰੀ ਮਿਲਦੀ ਆ ਰਹੀ ਹੈ ਤਾਂ ਪੰਜਾਬ ਦਾ ਟੈ੍ਰਫ਼ਿਕ ਵਿੰਗ ਵੀ ਇਸ ਤਰ੍ਹਾਂ ਦੇ ਜੁਗਾੜੂ ਮੋਟਰਸਾਈਕਲ ਨੂੰ ਲੈ ਕੇ ਕਾਫ਼ੀ ਜਿਆਦਾ ਚਿੰਤਤ ਹੈ।
-
ਪੰਜਾਬ ਵਿੱਚ ਹਰ ਪਿੰਡ ਹਰ ਸ਼ਹਿਰ ਵਿੱਚ ਚੱਲ ਰਹੇ ਹਨ ਜੁਗਾੜੂ ਮੋਟਰਸਾਈਕਲ ਰੇਹੜੀਆਂ
ਹੁਣ ਵਧੀਕ ਡਾਇਰੈਕਟਰ ਆਫ਼ ਪੁਲਿਸ ਟਰੈਫਿਕ ਪੰਜਾਬ ਵੱਲੋਂ ਸਾਰੇ ਐਸਐਸਪੀਜ਼ ਨੂੰ ਆਦੇਸ਼ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਜਨਤਾ ਵੱਲੋਂ ਕਬਾੜ ਵਿੱਚ ਜਾਂ ਫਿਰ ਕੰਡਮ ਹੋਏ ਮੋਟਰਸਾਈਕਲਾਂ ਦੀ ਜੁਗਾੜੂ ਰੇਹੜੀ ਬਣਾ ਕੇ ਉਸ ਉੱਪਰ ਫੱਟੇ ਲਗਾ ਕੇ ਸਵਾਰੀਆਂ ਦੀ ਢੋਆ-ਢੁਆਈ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ, ਇੱਕ ਕਸਬੇ ਤੋਂ ਦੂਸਰੇ ਕਸਬੇ ਵਿੱਚ ਨੈਸ਼ਨਲ ਹਾਈਵੇ ਤੇ ਓਵਰਲੋਡ ਬੈਠਾ ਕੇ ਉਨਾਂ ਦੀ ਅਤੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਲੈ ਕੇ ਜਾਂਦੇ ਹਨ।
ਇਸੇ ਤਰ੍ਹਾਂ ਇਸ ਰੇਹੜੀ ਵਿੱਚ ਸੀਮਿੰਟ, ਬਜਰੀ, ਰੇਤਾ, ਇੱਟਾਂ, ਸਰੀਆਂ ਅਤੇ ਇਲੈਕਟ੍ਰੋਨਿਕ ਸਮਾਨ ਲੱਦ ਕੇ ਜਾਂਦੇ ਹਨ। ਕਈ ਵਾਰ ਤੇਜ਼ ਰਫ਼ਤਾਰ ਹੋਣ ਕਰਕੇ ਮੋੜ ਕੱਟਣ ਲੱਗਿਆ ਆਪਣਾ ਸੰਤੁਲਨ ਗਵਾ ਕੇ ਪਲਟ ਜਾਂਦੇ ਹਨ ਅਤੇ ਐਕਸੀਡੈਂਟ ਦਾ ਕਾਰਨ ਬਣਦੇ ਹਨ। ਇਸ ਲਈ ਇਸ ਪਾਸੇ ਆਪਣਾ ਨਿੱਜੀ ਧਿਆਨ ਦੇ ਕੇ ਸਪੈਸ਼ਲ ਮੁਹਿੰਮ ਚਲਾ ਕੇ ਉਨਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਇਸ ਕਾਰਵਾਈ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ