40 ਕੌਂਸਲਰ ਹੋਣ ਦੇ ਬਾਵਜੂਦ ਕਾਂਗਰਸ ਨਾ ਬਣਾ ਸਕੀ ਆਪਣਾ ਮੇਅਰ
- ਕਾਂਗਰਸ ਵੱਲੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ
Amritsar Municipal Corporation: (ਰਾਜਨ ਮਾਨ) ਅੰਮ੍ਰਿਤਸਰ। ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਦੀ ਚੋਣ ਸਬੰਧੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਪਿਛਲੇ ਕਈ ਹਫਤਿਆਂ ਤੋਂ ਖਿੱਚੋਤਾਣ ਦੇ ਬਾਵਜ਼ੂਦ ਅੱਜ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਪਾਰਟੀ ਦੇ ਕੌਂਸਲਰ ਜਤਿੰਦਰ ਸਿੰਘ ਮੋਤੀ ਭਾਟੀਆ ਨੂੰ ਅੰਮ੍ਰਿਤਸਰ ਦਾ ਨਵਾਂ ਮੇਅਰ ਥਾਪ ਦਿੱਤਾ ਹੈ। ਪ੍ਰਿਅੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਰਾਣੀ ਡਿਪਟੀ ਮੇਅਰ ਬਣੀ ਹੈ।
ਉਧਰ ਕੁੱਲ 92 ਸੀਟਾਂ ਵਿੱਚੋਂ 40 ਕੌਂਸਲਰ ਜਿੱਤਣ ਵਾਲੀ ਕਾਂਗਰਸ ਪਾਰਟੀ ਆਪਣਾ ਮੇਅਰ ਬਣਾਉਣ ਵਿੱਚ ਨਾਕਾਮ ਰਹੀ ਹੈ। ਕਾਂਗਰਸ ਪਾਰਟੀ ਦੀ ਅੱਜ ਸਾਰੀ ਲੀਡਰਸ਼ਿਪ ਨੇ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵੱਲੋਂ ਕੀਤੀ ‘ਧੱਕੇਸ਼ਾਹੀ’ ਵਿਰੁੱਧ ਨਿਗਮ ਦਫਤਰ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਾਂਗਰਸ ਆਗੂਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਕੇ ਬਿਨਾਂ ਬਹੁਮਤ ਦੇ ਆਪਣੀ ਪਾਰਟੀ ਦਾ ਧੱਕੇ ਨਾਲ ਮੇਅਰ ਬਣਾਇਆ ਹੈ ਜਦਕਿ ਉਹਨਾਂ ਕੋਲ ਕੋਈ ਬਹੁਤ ਨਹੀਂ ਹੈ। ਧਰਨੇ ਉਪਰ ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰਾਂ ਨਾਲ ਬੈਠੇ ਆਗੂਆਂ ਨੇ ਮੀਡੀਆ ਨੂੰ ਸਾਰੇ ਹਾਜ਼ਰ ਕੌਂਸਲਰਾਂ ਦੀ ਗਿਣਤੀ ਕਰਵਾਈ। ਔਜਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ 40 ਕੌਂਸਲਰ ਹਨ ਅਤੇ ਇਕ ਦੀ ਉਹਨਾਂ ਨੂੰ ਹਮਾਇਤ ਪ੍ਰਾਪਤ ਹੈ। ਉਹ ਸਾਰੇ ਇਥੇ ਮੌਜੂਦ ਹਨ।
ਇਹ ਵੀ ਪੜ੍ਹੋ: Vicky Middukhera ਕਤਲ ਮਾਮਲਾ : 3 ਦੋਸ਼ੀਆਂ ਨੂੰ ਉੱਮਰ ਕੈਦ, 2-2 ਲੱਖ ਦਾ ਜੁਰਮਾਨਾ
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਅਤੇ ਭਾਜਪਾ ਦੇ ਕੌਂਸਲਰ ਵੀ ਇਸ ਚੋਣ ਵਿਚ ਨਹੀਂ ਗਏ। ਉਹਨਾਂ ਕਿਹਾ ਕਿ ਕੁੱਲ 92 ਵਿਚੋਂ 46 ਇਸ ਵਕਤ ਇਥੇ ਖੜੇ ਹਨ ਅਤੇ ਭਾਜਪਾ ਦੇ ਸੱਤ ਬਾਈਕਾਟ ਕਰ ਗਏ ਹਨ। ਉਹਨਾਂ ਕਿਹਾ ਕਿ ਇਸਦੇ ਬਾਵਜ਼ੂਦ ਆਪ ਵੱਲੋਂ ਬਿਨਾਂ ਬਹੁਮਤ ਦੇ ਧੱਕੇ ਨਾਲ ਮੇਅਰ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਹਾਈਕੋਰਟ ਵਿਚ ਲਿਜਾਇਆ ਜਾਵੇਗਾ। ਉਧਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਉਹਨਾਂ ਨੂੰ ਪੂਰਨ ਬਹੁਮਤ ਮਿਲਿਆ ਹੈ ਅਤੇ ਸਾਰੇ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਉਹਨਾਂ ਦੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਂਦਿਆਂ ਪਾਰਟੀ ਦੇ ਮੇਅਰ ਨੂੰ ਪ੍ਰਵਾਨ ਕੀਤਾ ਹੈ। ਉਹਨਾਂ ਕਾਂਗਰਸ ਪਾਰਟੀ ਵੱਲੋਂ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਕਾਂਗਰਸ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਮੇਅਰ ਦੀ ਚੋਣ ਪੂਰੀ ਪਾਰਦਰਸ਼ਤਾ ਨਾਲ ਕੀਤੀ ਗਈ ਹੈ। Amritsar Municipal Corporation