ਸਾਡੇ ਨਾਲ ਸ਼ਾਮਲ

Follow us

20.1 C
Chandigarh
Saturday, February 21, 2026
More
    Home Breaking News Importance of...

    Importance of Mother Tongue: ਸੰਕਟਾਂ ਨਾਲ ਦਸਤਪੰਜਾ ਲੈ ਕੇ ਅੱਗੇ ਵਧਦੀ ਮਾਤ-ਭਾਸ਼ਾ

    Importance of Mother Tongue
    Importance of Mother Tongue: ਸੰਕਟਾਂ ਨਾਲ ਦਸਤਪੰਜਾ ਲੈ ਕੇ ਅੱਗੇ ਵਧਦੀ ਮਾਤ-ਭਾਸ਼ਾ

    ਕੌਮਾਂਤਰੀ ਮਾਤ-ਭਾਸ਼ਾ ਦਿਵਸ ’ਤੇ ਵਿਸ਼ੇਸ਼ | Importance of Mother Tongue

    Importance of Mother Tongue: ਮਨੁੱਖੀ ਸਮਾਜ ਵਿਚ ਭਾਸ਼ਾ ਦੁਆਰਾ ਆਪਸੀ ਵਿਚਾਰਾਂ ਅਤੇ ਭਾਵਨਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ। ਭਾਸ਼ਾ ਦੇ ਜ਼ਰੀਏ ਹੀ ਕਿਸੇ ਕੌਮ ਦੀ ਸੱਭਿਆਚਾਰਕ, ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ, ਸਾਹਿਤਕ ਅਤੇ ਵਿੱਦਿਅਕ ਸਥਿਤੀ ਉੱਭਰ ਕੇ ਸਾਹਮਣੇ ਆਉਂਦੀ ਹੈ। ਜਿਹੜੇ ਲੋਕ ਆਪਣੀ ਮਾਦਰੀ—ਜ਼ੁਬਾਨ ਬੋਲਣ ਵਿਚ ਹੀਣ-ਭਾਵਨਾ ਮਹਿਸੂਸ ਕਰਦੇ ਹਨ ਅਤੇ ਉਸ ਨਾਲੋਂ ਮੋਹ ਭੰਗ ਕਰਕੇ ਓਪਰੀਆਂ ਬੋਲੀਆਂ ਬੋਲਣ ਦੀ ਚਕਾਚੌਂਧ ਵਿਚ ਗੁਆਚਣ ਲੱਗਦੇੇ ਹਨ, ਉਹ ਲਾਭ ਦੀ ਥਾਂ ਹਾਨੀ ਹੀ ਉਠਾਉਂਦੇ ਹਨ। ਭਾਸ਼ਾਵਾਂ ਦਾ ਇਤਿਹਾਸ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਜਦੋਂ ਯੂਰਪ ਦੀਆਂ ਅਨੇਕ ਕਬਾਇਲੀ ਭਾਸ਼ਾਵਾਂ ਨੂੰ ਬੋਲਣ ਵਾਲੇ ਹੀ ਨਾ ਰਹੇ ਤਾਂ ਉਨ੍ਹਾਂ ਦੀ ਹੋਂਦ ਖ਼ਤਮ ਹੋ ਗਈ। ਹਿੰਦੁਸਤਾਨ ਦੀਆਂ ਕਈ ਪ੍ਰਾਚੀਨ ਭਾਸ਼ਾਵਾਂ ਨਾਲ ਵੀ ਅਜਿਹਾ ਹੀ ਵਾਪਰਿਆ।

    ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਪ੍ਰਸ਼ਾਸਨ ‘ਚ ਵੱਡਾ ਫੇਰਬਦਲ: ਦਰਜਨਾਂ IAS ਅਤੇ PCS ਅਧਿਕਾਰੀਆਂ ਦੇ ਕੀਤੇ ਤਬਾਦਲੇ

    ਗੁਜਰਾਤ ਦੇ ਵਡੋਦਰਾ ਸਥਿਤ ਭਾਸ਼ਾ, ਖੋਜ ਅਤੇ ਪ੍ਰਕਾਸ਼ਨ ਕੇਂਦਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਲਗਭਗ ਛੇ ਦਹਾਕਿਆਂ ਦੌਰਾਨ 220 ਬੋਲੀਆਂ ਅਜਿਹੀਆਂ ਪ੍ਰਸਥਿਤੀਆਂ ਕਾਰਨ ਹੀ ਆਪਣਾ ਵਜੂਦ ਗੁਆ ਬੈਠੀਆਂ। ਇਸ ਦੇ ਬਾਵਜ਼ੂਦ ਜਪਾਨ, ਜਰਮਨੀ, ਰੂਸ ਅਤੇ ਚੀਨ ਵਰਗੇ ਤਰੱਕੀਸ਼ੀਲ ਮੁਲਕਾਂ ਨੇ ਅੰਗਰੇਜ਼ੀ ਦੀ ਥਾਂ ਆਪੋ-ਆਪਣੀ ਮਾਤ-ਭਾਸ਼ਾ ਦੇ ਬਲਬੂਤੇ ਹੀ ਗਿਆਨ-ਵਿਗਿਆਨ ਅਤੇ ਵਪਾਰਕ ਖੇਤਰਾਂ ਵਿਚ ਲਾਮਿਸਾਲ ਉਪਲੱਬਧੀਆਂ ਹਾਸਲ ਕਰਕੇ ਆਪਣੀ ਸ਼ਨਾਖ਼ਤ ਕਾਇਮ ਕੀਤੀ ਹੈ। ਇਹ ਅਮਲ ਦੱਸਦਾ ਹੈ ਕਿ ਮਨੁੱਖੀ ਵਿਕਾਸ ਵਿਚ ਮਾਤ-ਭਾਸ਼ਾ ਦੀ ਬੇਹੱਦ ਅਹਿਮੀਅਤ ਹੈ। ਮਨੁੱਖੀ ਭਾਸ਼ਾ ਦੇ ਇਤਿਹਾਸ ਉੱਪਰ ਝਾਤ ਮਾਰੀ ਜਾਵੇ ਤਾਂ ਸਦੀਆਂ ਤੋਂ ਹੀ ਰਾਜਨੀਤੀ, ਭਾਸ਼ਾ ਦੇ ਨਾਂਅ ’ਤੇ ਵੰਡੀਆਂ ਪਾ ਕੇ ਆਪਣਾ ਦਬਦਬਾ ਕਾਇਮ ਰੱਖਦੀ ਆਈ ਹੈ। Importance of Mother Tongue

    ਇਸੇ ਸੌੜੀ ਮਾਨਸਿਕਤਾ ਕਾਰਨ ਹੀ ਭਾਸ਼ਾਵਾਂ ਦਾ ਘਾਣ ਹੁੰਦਾ ਆਇਆ ਹੈ। ਸ਼ਕਤੀਸ਼ਾਲੀ ਵਰਗ ਦੀਆਂ ਭਾਸ਼ਾਵਾਂ ਆਮ ਵਰਗ ਦੀਆਂ ਭਸ਼ਾਵਾਂ ’ਤੇ ਹਾਵੀ ਰਹੀਆਂ 1971 ਵਿਚ ਪਾਕਿਸਤਾਨ ਨਾਲੋਂ ਟੁੱਟ ਕੇ ਬੰਗਲਾਦੇਸ਼ ਹੋਂਦ ਵਿਚ ਆਉਣ ਦੀ ਘਟਨਾ ਨੂੰ ਦੁਨੀਆ ਵਿਚ ‘ਭਾਸ਼ਾ ਅੰਦੋਲਨ’ ਵਜੋਂ ਜਾਣਿਆ ਜਾਂਦਾ ਹੈ। ਭਾਸ਼ਾਈ ਅਤੇ ਸੱਭਿਆਚਾਰਕ ਪਰਿਪੇਖ ਤੋਂ ਬੰਗਲਾਦੇਸ਼ੀ ਜਨਤਾ ਦੀ ਬੁਨਿਆਦੀ ਮੰਗ ਇਹੀ ਸੀ ਕਿ ਉਨ੍ਹਾਂ ਦੀ ਮਾਂ ਬੋਲੀ ਬੰਗਲਾ ਨੂੰ ਵੀ ਦਫ਼ਤਰੀ ਭਾਸ਼ਾ ਵਜੋਂ ਸਨਮਾਨਯੋਗ ਰੁਤਬਾ ਪ੍ਰਦਾਨ ਕੀਤਾ ਜਾਵੇ। ਇਸ ਭਾਸ਼ਾ ਨੂੰ ਬੰਗਲਾ ਲਿਪੀ ਵਿਚ ਹੀ ਲਿਖਣ ਦੀ ਪ੍ਰਵਾਨਗੀ ਨਾ ਮਿਲਣ ’ਤੇ 21 ਫਰਵਰੀ, 1952 ਨੂੰ ਢਾਕਾ ਵਿਚ ਅੰਦੋਲਨ ਵਿੱੱਢਿਆ ਗਿਆ।

    ਪੁਲਿਸ ਵੱਲੋਂ ਆਪਣੀ ਬੋਲੀ ਵਾਸਤੇ ਹੱਕਾਂ ਲਈ ਜੁਝਾਰੂ ਘੋਲ ਵਿਚ ਕੁੱਦੇ ਬੰਗਲਾ-ਭਾਸ਼ੀ ਪ੍ਰੇਮੀਆਂ ਉੱਪਰ ਗੋਲੀ ਚਲਾਉਣ ਦਾ ਆਦੇਸ਼ ਦਿੱਤਾ ਗਿਆ। ਸਿੱਟੇ ਵਜੋਂ ਚਾਰ ਵਿਦਿਆਰਥੀ ਆਪਣੀ ਮਾਤ-ਭਾਸ਼ਾ ਦੀ ਹਿਫ਼ਾਜ਼ਤ ਲਈ ਸ਼ਹਾਦਤ ਦਾ ਜਾਮ ਪੀ ਗਏ। ਬੰਗਲਾਦੇਸ਼ੀ ਆਵਾਮ ਦੇ ਲਾਮਿਸਾਲ ਸੰਘਰਸ਼ ਦੇ ਨਤੀਜੇ ਵਜੋਂ ਸਾਲ 1999 ਵਿਚ ਬੰਗਲਾਦੇਸ਼ੀ ਸਰਕਾਰ ਨੂੰ 21 ਫ਼ਰਵਰੀ ਦੇ ਦਿਨ ਨੂੰ ‘ਕੌਮਾਂਤਰੀ ਮਾਤ-ਭਾਸ਼ਾ ਦਿਵਸ ਵਜੋਂ ਪ੍ਰਵਾਨਗੀ ਦੇਣ ਲਈ ਮਜ਼ਬੂਰ ਹੋਣ ਪਿਆ। ਕੌਮਾਂਤਰੀ ਭਾਸ਼ਾਵਾਂ ਦੇ ਸਿਲਸਿਲੇ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਦਾ ਮੁਲਾਂਕਣ ਕਰਨਾ ਵੀ ਜ਼ਰੂਰੀ ਬਣ ਜਾਂਦਾ ਹੈ। Importance of Mother Tongue

    ਲਹਿੰਦੇ ਪੰਜਾਬ (ਪਾਕਿਸਤਾਨ ’ਚ ) ਵਿਚ ਪੰਜਾਬੀ ਭਾਸ਼ਾ ਨੂੰ ਅਨਪੜ੍ਹ ਲੋਕਾਂ ਦੀ ਜ਼ੁਬਾਨ ਸਮਝਿਆ ਜਾਂਦਾ ਹੈ। ਵੱਖ-ਵੱਖ ਭਾਸ਼ਾਵਾਂ ਨੂੰ ਧਰਮਾਂ ਨਾਲ ਜੋੜ ਕੇ ਦੇਖਣ ਦੀ ਖ਼ਤਰਨਾਕ ਪ੍ਰਵਿਰਤੀ ਦੀ ਮਿਸਾਲ ਲਹਿੰਦੇ ਪੰਜਾਬ ਤੋਂ ਹੀ ਪ੍ਰੋ. ਸਈਦ ਫ਼ਾਰਾਨੀ ਰਚਿਤ ਪੁਸਤਕ ‘ਪੰਜਾਬੀ ਜ਼ੁਬਾਨ ਨਹੀਂ ਮਰੇਗੀ (ਲਿਪੀਅੰਤਰਕਾਰ ਡਾ. ਰਾਜਵੰਤ ਕੌਰ ਪੰਜਾਬੀ)’ ਵਿਚ ਮਿਲਦੀ ਹੈ। ਪੰਜਾਬੀ ਭਾਸ਼ਾ ਦੀ ਲਿੱਪੀ ਦਾ ਮਾਧਿਅਮ ਭਾਵੇਂ ਗੁਰਮੁਖੀ ਹੋਵੇ ਭਾਵੇਂ ਸ਼ਾਹਮੁਖੀ, ਉਹ ਪੰਜਾਬੀ ਹੀ ਹੈ। ਇਸ ਦੀ ਅਹਿਮੀਅਤ ਨੂੰ ਵੰਡੀਆਂ ਪਾ ਕੇ ਵੇਖਣਾ ਅਣਉਚਿਤ ਹੈ। ਲਹਿੰਦੇ ਪੰਜਾਬ ਵਿੱਚ ਉਰਦੂ ਜ਼ੁਬਾਨ ਨੂੰ ਕੌਮੀ ਮਰਤਬਾ ਤਾਂ ਹਾਸਲ ਹੈ ਪਰੰਤੂ ਪੰਜਾਬੀ ਭਾਸ਼ਾ ਦੀ ਸਥਿਤੀ ਤਰਸਯੋਗ ਅਵਸਥਾ ਵਿੱਚੋਂ ਗੁਜ਼ਰ ਰਹੀ ਹੈ ਜਿਸ ਕਰਕੇ ਉੱਥੇ ਪੰਜਾਬੀ ਜ਼ੁਬਾਨ-ਓ-ਅਦਬ ਨਾਲ ਜੁੜੀਆਂ ਤਨਜ਼ੀਮਾਂ ਆਪਣੀ ਮਾਦਰੀ ਜ਼ੁਬਾਨ ਦੇ ਹੱਕ ਵਿਚ ਅੰਦੋਲਨ ਕਰ ਰਹੀਆਂ ਹਨ।

    ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿਚ ਇਹ ਮਤਾ ਪੇਸ਼ ਕੀਤਾ ਗਿਆ ਕਿ ਪੰਜਾਬੀ ਜ਼ੁਬਾਨ ਨੂੰ ਲਹਿੰਦੇ ਪੰਜਾਬ ਦੇ ਸਮੂਹ ਸਕੂਲਾਂ ਵਿਚ ਪੜ੍ਹਾਇਆ ਜਾਵੇ। ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਪੰਜਾਬੀ ਪ੍ਰਚਾਰ-ਪ੍ਰਸਾਰ ਨਾਲ ਸਬੰਧਿਤ ਲਹਿਰਾਂ ਵੱਲੋਂ ਵਿਸ਼ੇਸ਼ ਕਰਕੇ ਲਾਹੌਰ, ਗੁੱਜਰਾਂਵਾਲਾ ਤੇ ਸਿਆਲਕੋਟ ਆਦਿ ਸ਼ਹਿਰਾਂ ਵਿੱਚ ਕੌਮਾਂਤਰੀ ਪੰਜਾਬੀ ਕਾਨਫ਼ਰੰਸਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਅਹਿਮੀਅਤ ਬਾਰੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਭਾਰਤ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਪ੍ਰਤੀ ਸੂਬਾ ਸਰਕਾਰ ਵੱਲੋਂ ਹੀ ਨਜ਼ਰਅੰਦਾਜ਼ੀ ਦੀਆਂ ਅਨੇਕ ਮਿਸਾਲਾਂ ਸਾਡੇ ਸਨਮੁੱਖ ਹਨ। Importance of Mother Tongue

    ਪਿੱਛੇ ਜਿਹੇ ਇਸ ਚਰਚਾ ਨੇ ਵੀ ਧਿਆਨ ਖਿੱਚਿਆ ਕਿ ਪੰਜਾਬ ਸੂਬੇ ਦੇ ਨਵੰਬਰ 1966 ਵਿਚ ਹੋਂਦ ਵਿਚ ਆਉਣ ਦੇ ਸਮੇਂ ਤੋਂ ਲੈ ਕੇ ਸਾਲ 2025 ਤੱਕ ਦੇ ਪੰਜਾਬ ਦਿਵਸ ਦੇ ਅਹਿਮ ਰਾਜ ਪੱਧਰੀ ਸਮਾਗਮਾਂ ਵਿਚ ਪੰਜਾਬ ਦੇ ਮੁੱਖ ਮੰਤਰੀਆਂ ਨੇ ਕੇਵਲ ਪੰਜ ਵਾਰ ਹੀ ਸ਼ਿਰਕਤ ਕੀਤੀ ਹੈ। ਅਜਿਹੇ ਵਿਹਾਰ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉੱਚ ਕੋਟੀ ਦੇ ਰਾਜਨੀਤਿਕ ਅਹੁਦਿਆਂ ਵਾਲੇ ਵਿਅਕਤੀਆਂ ਕੋਲ ਆਪਣੀ ਮਾਤ-ਭਾਸ਼ਾ ਦੀ ਨਿਸ਼ਕਾਮ ਸੇਵਾ ਕਰ ਰਹੇ ਸਾਹਿਤਕਾਰਾਂ, ਫ਼ਨਕਾਰਾਂ ਤੇ ਵਿਦਵਾਨਾਂ ਪ੍ਰਤੀ ਕਿੰਨਾ ਕੁ ਆਦਰ—ਭਾਵ, ਸਮਾਂ ਅਤੇ ਦਿਲਚਸਪੀ ਹੈ? ਪੰਜਾਬ ਵਿਚ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ 2008 ਦੀ ਧਾਰਾ 8—ਸੀ ਦੀ ਬਣਤਰ ਅਨੁਸਾਰ ਪੰਜਾਬੀ ਦੇ ਬਹੁਪੱਖੀ ਵਿਕਾਸ ਲਈ ਜ਼ਿਲ੍ਹਾ ਅਧਿਕਾਰਿਤ ਕਮੇਟੀਆਂ ਵੀ ਪਿਛਲੇ ਲੰਮੇ ਸਮੇਂ ਤੋਂ ਆਪਣੇ ਪੁਨਰਗਠਨ ਦੇ ਇੰਤਜ਼ਾਰ ਵਿਚ ਹਨ।

    ਇੱਥੇ ਸਭਿਆਚਾਰਕ ਪੱਖ ਤੋਂ ਵੀ ਪੰਜਾਬ ਦੀ ਨਵੀਂ ਪੀੜ੍ਹੀ ਵਿਚ ਪੰਜਾਬੀ ਭਾਸ਼ਾ ਦੇ ਰੁਝਾਨ ਦੀ ਗੱਲ ਵੀ ਕਰਨੀ ਬਣਦੀ ਹੈ। ਵਰਤਮਾਨ ਦੌਰ ਵਿੱਚ ਬੱਚਿਆਂ ਦੀ ਮਾਨਸਿਕਤਾ ਨੂੰ ਸੋਸ਼ਲ ਮੀਡੀਆ ਨੇ ਬੇਹੱਦ ਪ੍ਰਭਾਵਿਤ ਕੀਤਾ ਹੈ ਜਿਸ ਕਰਕੇ ਨਵੀਂ ਪੀੜ੍ਹੀ ਆਪਣੀ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਜੀਵਨ-ਮੁੱਲਾਂ ਨੂੰ ਤਿਲਾਂਜਲੀ ਦਿੰਦੀ ਜਾ ਰਹੀ ਹੈ। ਉਗਾਲੀ, ਉਛਾੜ, ਉੜਦ, ਓਹੜ—ਪੋਹੜ, ਓਡ, ਅੱਟੀ, ਅਟੇਰਨ, ਅਧਿਆਨੀ, ਅਮਰਾ, ਅਰਘ, ਅਰਲ, ਔਲੂ, ਸ਼ਟੱਲੀ, ਸਨਦ, ਸਲੰਘਾ, ਸੀਧਾ, ਸੁੱਬ, ਹਥੌਲਾ, ਕਸੁੰਭੜਾ, ਕੰਡੀ, ਕਧੂੰਈ, ਖੰਨੀ, ਖੜਪਾੜ, ਗਦੌੜਾ, ਗਾਰੜੂ, ਦਦਿਅਹੁਰਾ, ਦਦੇਹਸ,ਨਨੇਹਸ, ਨਨਿਅਹੁਰਾ ਆਦਿ ਪੇਂਡੂ ਧਰਾਤਲ ਵਾਲੇ ਠੇਠ ਪੰਜਾਬੀ ਸ਼ਬਦਾਂ ਦੇ ਅਰਥਾਂ ਤੋਂ ਨਾਵਾਕਿਫ਼ ਹੋ ਚੁੱਕੀ ਹੈ। ਅਜਿਹੇ ਕਿੰਨੇ ਹੀ ਰਵਾਇਤੀ ਬੋਲਚਾਲ ਦੇ ਸ਼ਬਦ ਪੇਂਡੂ ਸੱਭਿਆਚਾਰ ਦੇ ਜ਼ਖ਼ੀਰੇ ਵਿਚੋਂ ਮਨਫ਼ੀ ਹੋ ਚੁੱਕੇ ਹਨ।

    ਵਰਤਮਾਨ ਦੌਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦਾ ਬੋਲਬਾਲਾ ਹੈ ਪਰ ਭਾਸ਼ਾ ਦੇ ਹਵਾਲੇ ਨਾਲ ਇਸ ਖੇਤਰ ਦੀਆਂ ਆਪਣੀਆਂ ਚੁਣੌਤੀਆਂ ਵੀ ਹਨ। ਪੰਜਾਬੀ ਦੇ ਵਿਕਾਸ ਲਈ ਕੁਝ ਸੰਤੁਸ਼ਟੀ ਵਾਲੀ ਗੱਲ ਹੈ ਕਿ ਅੱਜ-ਕੱਲ੍ਹ ਵੱਡੇ-ਵੱਡੇ ਬ੍ਰਾਂਡਿਡ ਸ਼ੋਅਰੂਮਾਂ, ਸ਼ਾਪਿੰਗ ਮਾਲ, ਕੰਪਨੀਆਂ, ਨਿੱਜੀ ਹੋਟਲਾਂ ਤੇ ਬੈਂਕਾਂ ਦੇ ਸਾਈਨ-ਬੋਰਡਾਂ ਉੱਪਰ ਰੋਮਨ ਲਿਪੀ ਦੇ ਨਾਲ-ਨਾਲ ਗੁਰਮੁਖੀ ਲਿਪੀ ਦਾ ਇਸਤੇਮਾਲ ਵੀ ਕੀਤਾ ਜਾਣ ਲੱਗ ਪਿਆ ਹੈ। ਸੋ ਕੌਮਾਂਤਰੀ ਮਾਤ-ਭਾਸ਼ਾ ਦਿਵਸ ’ਤੇ ਤੰਗਦਿਲ ਮਾਨਸਿਕਤਾ ਦਾ ਤਿਆਗ ਕਰਕੇ ਸਾਰੇ ਵਰਗਾਂ ਨੂੰ ਖੇਤਰੀ ਭਾਸ਼ਾਵਾਂ ਨੂੰ ਦਰਪੇਸ਼ ਚੁਣੌਤੀਆਂ ਤੇ ਸਰੋਕਾਰਾਂ ਦੇ ਹੱਲ ਲੱਭਣ ਦੀ ਜ਼ਰੂਰਤ ਹੈ ਤਾਂ ਜੋ ਹਰ ਇੱਕ ਭਾਸ਼ਾ ਨੂੰ ਉਸ ਦਾ ਸਨਮਾਨਜਨਕ ਸਥਾਨ ਹਾਸਲ ਹੋ ਸਕੇ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੋ ਸਕਣ।

    ਡਾ. ਦਰਸ਼ਨ ਸਿੰਘ ‘ਆਸ਼ਟ’