Mother Tongue : ਮਾਂ-ਬੋਲੀ ਸਭ ਦਾ ਮਾਣ, ਮਾਂ-ਬੋਲੀ ਸਭ ਦੀ ਪਛਾਣ

Mother Tongue

ਅੰਤਰਾਸ਼ਟਰੀ ਮਾਂ-ਬੋਲੀ ਦਿਹਾੜੇ ‘ਤੇ ਵਿਸ਼ੇਸ਼

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਭਾਸ਼ਾ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਅਤੇ ਬਹੁ-ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ 21 ਫਰਵਰੀ ਨੂੰ ਇੱਕ ਵਿਸ਼ਵ ਪੱਧਰੀ ਸਾਲਾਨਾ ਸਮਾਰੋਹ ਹੋ ਰਿਹਾ ਹੈੈ। ਇਹ ਪਹਿਲੀ ਵਾਰ ਯੂਨੈਸਕੋ ਵੱਲੋਂ 17 ਨਵੰਬਰ 1999 ਨੂੰ ਐਲਾਨ ਕੀਤਾ ਗਿਆ ਸੀ। ਇਸਨੂੰ ਸੰਯੁਕਤ ਰਾਸ਼ਟਰ ਮਹਾਂ ਸਭਾ ਵੱਲੋਂ 2002 ਵਿੱਚ ਸੰਯੁਕਤ ਰਾਸ਼ਟਰ ਦੇ ਮਤੇ 56/262 ਨੂੰ ਅਪਣਾਉਣ ਦੇ ਨਾਲ ਰਸਮੀ ਤੌਰ ’ਤੇ ਮਾਨਤਾ ਦਿੱਤੀ ਗਈ ਸੀ। ਵਿਸ਼ਵ ਭਰ ਵਿੱਚ ਇਸ ਦਿਨ ਦੀ ਬੜੀ ਮਹਾਨਤਾ ਹੈ।ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ। ਯੂਨੈਸਕੋ ਵੱਲੋਂ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਬਾਰੇ ਫੈਸਲਾ ਕੀਤਾ ਗਿਆ। ਯੂਐੱਨ ਦੀ ਜਨਰਲ ਅਸੈਂਬਲੀ ਨੇ ਸਾਲ 2008 ਨੂੰ ਭਾਸ਼ਾਵਾਂ ਦਾ ਅੰਤਰਰਾਸ਼ਟਰੀ ਸਾਲ ਕਰਾਰ ਦਿੱਤਾ ਸੀ। ਦੁਨੀਆ ਭਰ ’ਚ ਲਗਭਗ 7 ਹਜ਼ਾਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। (Mother Tongue)

ਭਾਰਤ ਵਿੱਚ ਵੀ ਮੁੱਖ ਤੌਰ ’ਤੇ 22 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਲੋਕ ਆਪਣੀ ਮਾਂ-ਬੋਲੀ ਨੂੰ ਵਿਸਥਾਰ ਨਾਲ ਜਾਣਦੇ ਹਨ ਅਤੇ ਆਪਣੀ ਮਾਂ-ਬੋਲੀ ਦਾ ਬਾਖੂਬੀ ਪ੍ਰਚਾਰ ਕਰਦੇ ਹਨ। ਇਸ ਦੇ ਨਾਲ-ਨਾਲ ਆਪਣੀ ਮਾਂ-ਬੋਲੀ ਪ੍ਰਤੀ ਪਿਆਰ-ਸਤਿਕਾਰ ਸ਼ਰਧਾ ਦਿਖਾਉਂਦੇ ਹੋਏ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਦਿਨ ਪੂਰੀ ਦੁਨੀਆ ’ਚ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਸਿੱਖਿਆ ’ਤੇ ਸਾਹਿਤ ਨਾਲ ਜੁੜੇ ਲੋਕ ਵੱਖ-ਵੱਖ ਭਾਸ਼ਾਵਾਂ ਬਾਰੇ ਵਿਚਾਰ-ਵਟਾਂਦਰੇ ਕਰਦੇ ਹਨ। ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਭਾਸ਼ਾ ਸਬੰਧੀ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਮਾਤ ਭਾਸ਼ਾ ਦਿਵਸ ਦੁਨੀਆਂ ਦੇ ਲੋਕਾਂ ਵੱਲੋਂ ਵਰਤੀਆਂ ਜਾਂਦੀਆਂ ਸਾਰੀਆਂ ਭਾਸ਼ਾਵਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਪਹਿਲਕਦਮੀ ਦਾ ਹਿੱਸਾ ਹੈ। ਸਾਲ 2008 ਨੂੰ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਸਾਲ ਵਜੋਂ ਮਨਾਇਆ ਗਿਆ। (Mother Tongue)

ਕੀ ਹੈ ਇਤਿਹਾਸ? | Mother Tongue

ਇਤਿਹਾਸ ਅਨੁਸਾਰ ਅਗਸਤ 1947 ਵਿੱਚ ਫ਼ਿਰਕੂ ਅਧਾਰ ’ਤੇ ਹਿੰਦੁਸਤਾਨ ਦੋ ਹਿੱਸਿਆਂ- ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ। ਇਸ ਦੇ ਵੱਖ-ਵੱਖ ਇਲਾਕਿਆਂ ਵਜੋਂ ਪੂਰਬੀ ਬੰਗਾਲ ਦੀ ਮੁਸਲਿਮ ਬਹੁ-ਵਸੋਂ ਵਾਲੇ ਹਿੱਸੇ ਨੂੰ ਪੂਰਬੀ ਪਾਕਿਸਤਾਨ ਅਤੇ ਪੰਜਾਬ, ਸਿੰਧ, ਬਲੋਚਿਸਤਾਨ ਅਤੇ ਸਰਹੱਦੀ ਸੂਬੇ ਵਾਲੇ ਇਲਾਕੇ ਨੂੰ ਪੱਛਮੀ ਪਾਕਿਸਤਾਨ ਦੇ ਨਾਂਅ ਨਾਲ ਜਾਣਿਆ ਜਾਣ ਲੱਗਿਆ। ਰਾਜਸੀ ਤਾਕਤ ਪੱਛਮੀ ਪਾਕਿਸਤਾਨ ਵਾਲਿਆਂ ਹੱਥ ਆਉਣ ਕਾਰਨ ਉਨ੍ਹਾਂ ਉਰਦੂ ਨੂੰ ਪਾਕਿਸਤਾਨ ਦੀ ਸਰਕਾਰੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ ਗਿਆ। ਉਨ੍ਹਾਂ ਪੂਰਬੀ ਪਾਕਿਸਤਾਨ (ਮੌਜ਼ੂਦਾ ਬੰਗਲਾਦੇਸ) ਵਾਲੇ ਇਲਾਕੇ ਵਿੱਚ ਵੀ ਉਰਦੂ ਅਤੇ ਫਾਰਸੀ ਲਾਗੂ ਕਰਨੀ ਚਾਹੀ, ਜਿਸ ਦਾ ਬੰਗਾਲੀ ਭਾਸ਼ਾ ਬੋਲਣ ਵਾਲਿਆਂ ਨੇ ਡੱਟ ਕੇ ਵਿਰੋਧ ਕੀਤਾ ਅਤੇ ਇਸ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਸੰਘਰਸ਼ ਸ਼ੁਰੂ ਕਰ ਦਿੱਤਾ।

ਮਾਂ-ਬੋਲੀ ਦੇ ਸਨਮਾਨ ਅਤੇ ਹੋਂਦ ਲਈ ਆਰੰਭ ਕੀਤੇ ਇਸ ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਨੇ ਬੜੀ ਸਖਤੀ ਵਰਤੀ। ਜ਼ੁਲਮ-ਤਸ਼ੱਦਦ ਕੀਤੇ ਪਰ ਬੰਗਾਲੀ ਝੁਕਣ ਵਾਲੇ ਨਹੀਂ ਸਨ। ਇਨ੍ਹਾਂ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਮਾਤ-ਭਾਸ਼ਾ ਪ੍ਰੇਮੀਆਂ ਉੱਤੇ ਪਾਕਿਸਤਾਨ ਦੀਆਂ ਸੁਰੱਖਿਆ ਫੌਜਾਂ ਵੱਲੋਂ ਢਾਕਾ ’ਚ 21 ਫਰਵਰੀ 1952 ਨੂੰ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਸੈਂਕੜੇ ਲੋਕ ਸ਼ਹੀਦ ਹੋ ਗਏ। ਸ਼ਹਾਦਤ ਦਾ ਇਹ ਦਿਨ ਬੰਗਲਾਦੇਸ਼ (ਉਸ ਸਮੇਂ ਦੇ ਪੂਰਬੀ ਪਾਕਿਸਤਾਨ) ਦੇ ਇਤਿਹਾਸ ਵਿੱਚ ਵਿਲੱਖਣ ਦਿਨ ਸਿੱਧ ਹੋਇਆ ਅਤੇ ਇਸ ਨੇ ਬੰਗਲਾਦੇਸ਼ ਰਾਸ਼ਟਰ ਦੀ ਨੀਂਹ ਰੱਖ ਦਿੱਤੀ। ਸਮੇਂ-ਸਮੇਂ ਇਹ ਅੰਦੋਲਨ ਦਬਾ ਦਿੱਤਾ ਜਾਂਦਾ ਰਿਹਾ ਪਰ 1950 ਅਤੇ 1960 ਦੇ ਦਹਾਕੇ ’ਚ ਕਿਸੇ ਨਾ ਕਿਸੇ ਰੋਸ ਮੁਜਾਹਰੇ ਦੇ ਰੂਪ ’ਚ ਉਭਰਦਾ ਇਹ ਅੰਦੋਲਨ ਸਮੇਂ ਦੀ ਤੋਰ ਨਾਲ ਇੱਕ ਲਹਿਰ ਬਣ ਗਿਆ। (Mother Tongue)

ਆਪਣੀ ਭਾਸ਼ਾ ਅਤੇ ਸੱਭਿਆਚਾਰ ਦੇ ਸਨਮਾਨ ਲਈ ਸੁਲਘਦੀ ਇਹ ਚਿੰਗਾਰੀ 1971 ’ਚ ਆਜਾਦੀ ਦੀ ਲੜਾਈ ਦੇ ਰੂਪ ’ਚ ਭਾਂਬੜ ਬਣ ਕੇ ਉੱਠੀ ਅਤੇ ‘ਸੋਨਾਰ ਬੰਗਲਾ’ ਵਜੋਂ ਜਾਣੀ ਜਾਂਦੀ ਇਸ ਧਰਤੀ ਨੂੰ ਪਾਕਿਸਤਾਨ ਤੋਂ ਆਜ਼ਾਦੀ ਹਾਸਲ ਹੋ ਗਈ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਵਿਚਾਰ ਬੰਗਲਾਦੇਸ਼ ਦੀ ਪਹਿਲ ਸੀ। ਬੰਗਲਾਦੇਸ਼ ਵਿੱਚ 21 ਫਰਵਰੀ ਉਸ ਦਿਨ ਦੀ ਵਰ੍ਹੇਗੰਢ ਹੈ, ਜਦੋਂ ਬੰਗਲਾਦੇਸ਼ ਦੇ ਲੋਕਾਂ ਨੇ ਬੰਗਲਾ ਭਾਸ਼ਾ ਨੂੰ ਮਾਨਤਾ ਦਿਵਾਉਣ ਲਈ ਲੜਾਈ ਲੜੀ ਸੀ। ਇਹ ਪੱਛਮੀ ਬੰਗਾਲ ਅਤੇ ਭਾਰਤ ਵਿੱਚ ਵੀ ਮਨਾਇਆ ਜਾਂਦਾ ਹੈ। ਇਹ ਦਿਹਾੜਾ ਸਾਰੀਆਂ ਭਾਸਾਵਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਦਾ ਹੈ। 1999 ਵਿੱਚ ਯੂਨੈਸਕੋ ਨੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਵਜੋਂ ਐਲਾਨਿਆ। (Mother Tongue)

ਸੰਨ 2000 ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਉਣ ਦਾ ਰਸਮੀ ਉਦਘਾਟਨ ਕੀਤਾ ਗਿਆ। ਮੇਰੇ ਸੋਹਣੇ ਸੂਬੇ ਪੰਜਾਬ ਅੰਦਰ ਅੱਜ-ਕੱਲ੍ਹ ਘਰਾਂ ਵਿੱਚ ਵੀ ਪੰਜਾਬੀ ਭਾਸਾ ਨਹੀਂ ਬੋਲੀ ਜਾਂਦੀ। ਮਾਵਾਂ ਖੁਦ ਆਪਣੇ ਬੱਚਿਆਂ ਨਾਲ ਹਿੰਦੀ ਜਾਂ ਅੰਗਰੇਜ਼ੀ ’ਚ ਗੱਲ ਕਰਦੀਆਂ ਹਨ। ਦੂਜੀਆਂ ਭਾਸ਼ਾਵਾਂ ਸਿੱਖਣਾ ਤੇ ਉਨ੍ਹਾਂ ਦੀ ਢੁਕਵੇਂ ਥਾਂ ’ਤੇ ਵਰਤੋਂ ਕਰਨਾ ਵੀ ਚੰਗੀ ਗੱਲ ਹੈ, ਪਰ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ, ਜੋ ਬੋਲੀ ਮਾਵਾਂ ਨੇ ਦੱਸੀ ਹੈ, ਉਸ ਵਰਗੀ ਰੀਸ ਕਿਧਰੇ ਵੀ ਨਹੀਂ। ਇਸ ਲਈ ਆਪਣੀ ਮਾਂ-ਬੋਲੀ ਦਾ ਹਮੇਸ਼ਾ ਸਤਿਕਾਰ ਕਰੋ ਤੇ ਉਸ ਨੂੰ ਸੰਭਾਲ ਕੇ ਰੱਖੋ। ਸਾਨੂੰ ਵੀ ਆਪਣੀ ਮਾਂ-ਬੋਲੀ ਦੇ ਸੱਚੇ ਸੇਵਕ ਬਣ ਕੇ ਇਸ ਦਾ ਹੋਰ ਵਧੇਰੇ ਪ੍ਰਚਾਰ, ਪ੍ਰਸਾਰ ਤੇ ਸਤਿਕਾਰ ਕਰਨ ਲਈ ਯਤਨਾਂ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਕਿਉਂ ਕਿ ਸਾਡੀ ਬੋਲੀ ਸਾਡਾ ਸਭ ਦਾ ਮਾਣ ਹੈ, ਸਾਡੀ ਮਾਂ-ਬੋਲੀ ਹੀ ਸਾਡੀ ਸਭ ਦੀ ਪਛਾਣ ਹੈ। (Mother Tongue)