ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home ਵਿਚਾਰ ਲੇਖ ਮਮਤਾ, ਤਿਆਗ ਤੇ...

    ਮਮਤਾ, ਤਿਆਗ ਤੇ ਪਿਆਰ ਦੀ ਮੂਰਤ ਹੁੰਦੀ ਹੈ ਮਾਂ

    Mother, Renunciation, Love

    ਨੀਨਾ ਧੀਰ ਜੈਤੋ

    ਅੱਜ 8 ਮਈ ਨੂੰ ਭਾਰਤ ਸਮੇਤ ਦੁਨੀਆਂ ਦੇ 86 ਦੇਸ਼ਾਂ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਇਹਨਾਂ ਦੇਸ਼ਾਂ ਵਿੱਚ ਹਰ ਸਾਲ ਮਈ ਦਾ ਦੂਸਰਾ ਐਤਵਾਰ ਮਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ। ਬਾਕੀ ਰਹਿੰਦੇ ਕਈ ਦੇਸ਼ 4 ਮਈ ਨੂੰ ਮਾਂ ਦਿਵਸ ਵਜੋਂ ਮਨਾਉਂਦੇ ਹਨ। ਅਰਬ ਦੇਸ਼ਾਂ ਵਿੱਚ ਇਹ ਦਿਨ 21 ਮਾਰਚ ਨੂੰ ਮਨਾਇਆ ਜਾਂਦਾ ਹੈ ਤੇ ਯੂਰਪ ਦੇ ਬਹੁਤ ਦੇਸ਼ ਹਰ ਸਾਲ 8 ਮਾਰਚ ਨੂੰ ਮਾਂ ਦਿਵਸ ਮਨਾਉਂਦੇ ਹਨ। ਜਗ ਜਣਨੀ ਮਾਂ ਨੂੰ ਸਾਰੇ ਗੁਰੂਆਂ ਪੀਰਾਂ ਨੇ ਵੀ ਹਮੇਸ਼ਾ ਸਤਿਕਾਰ ਦੇਣ ਦੀ ਗੱਲ ਕਹੀ ਹੈ। ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜ਼ਾ ਕਦੇ ਨਹੀਂ ਉਤਾਰ ਸਕਦੇ। ਮਮਤਾ ਨਿਰ-ਸਵਾਰਥ ਹੁੰਦੀ ਹੈ। ਸਾਰਾ ਦਿਨ ਕੰਮ ਕਰਕੇ ਘਰ ਪਰਤਦਿਆਂ ਬਾਕੀ ਸਭ ਵਾਰੀ ਵਾਰੀ ਆਪਣੇ ਦੁੱਖ ਤੇ ਲੋੜਾਂ ਦੱਸਦੇ ਹਨ ਪਰ ਮਾਂ ਆਪਣੇ ਪੁੱਤਰ ਨੂੰ ਸਭ ਤੋਂ ਪਹਿਲਾਂ ਸਿਰ ‘ਤੇ ਹੱਥ ਫੇਰ ਕੇ ਪੁੱਛਦੀ ਹੈ, ‘ ਕੁਝ ਖਾ ਲਿਆ ਸੀ?’ ਇਸੇ ਕਰਕੇ ਮਾਂ ਅੱਗੇ ਹਮੇਸ਼ਾ ਸਿਰ ਝੁਕਦਾ ਰਹੇਗਾ।

    ਮਾਂ ਆਪਣੇ ਬੱਚੇ ਨੂੰ 9 ਮਹੀਨੇ ਪੇਟ ਵਿੱਚ ਪਾਲ ਕੇ ਜਨਮ ਦਿੰਦੀ ਹੈ, ਪਾਲਣ ਪੋਸ਼ਣ ਕਰਦੀ ਹੈ, ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ। ਮਾਂ ਦੇ ਪੈਰਾਂ ਹੇਠ ਜੰਨਤ ਦੱਸੀ ਗਈ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਮਾਂ ਦੀ ਕਦਰ ਕਰਦੇ ਹਨ, ਜਿਨ੍ਹਾਂ ਦਾ ਸੀਸ ਮਾਂ ਦੇ ਕਦਮਾਂ ਵਿੱਚ ਝੁਕਦਾ ਹੈ ਉਨ੍ਹਾਂ ਨੇ ਜੰਨਤ ਪ੍ਰਾਪਤ ਕਰ ਲਈ ਹੈ ਅਤੇ ਜਿਹੜੇ ਮਾਂ ਦੀ ਬੇਕਦਰੀ ਕਰਦੇ ਹਨ ਭਾਵ ਘਰ ਵਿੱਚ ਮਾਂ ਦਾ ਸਤਿਕਾਰ ਹੀ ਨਹੀਂ ਕਰਦੇ ਅਤੇ ਖੁਦ ਧਾਰਮਿਕ ਸਥਾਨਾਂ ‘ਤੇ ਜਾ ਕੇ ਸੇਵਾ ਕਰਨ ਦਾ ਵਿਖਾਵਾਂ ਕਰਦੇ ਹਨ। ਉਨ੍ਹਾਂ ਨੂੰ ਕਦੇ ਸੁਖ ਨਹੀਂ ਮਿਲ ਸਕਦਾ। ਕਿਸੇ ਸ਼ਾਇਰ ਦੀਆਂ ਬਹੁਤ ਸੁੰਦਰ ਲਾਈਨਾ ‘ਮਾਂ ਤਾਂ ਰੱਬ ਦਾ ਰੂਪ ਹੈ ਦੂਜਾ, ਮਾਂ ਤੋਂ ਵੱਧ ਕੋਈ ਹੋਰ ਨਾ ਦੂਜਾ, ਭਾਵ ਮਾਂ ਦਾ ਰਿਸ਼ਤਾ ਸਭ ਰਿਸਤਿਆ ਤੋਂ ਪਿਆਰਾ ਤੇ ਬਹੁ-ਮੁਲਾ ਰਿਸਤਾ ਹੈ।

    ਇਹ ਉਹ ਮਾਂ ਹੈ ਜਿਸਨੇ ਖੁਦ ਲੱਖਾਂ ਤਸੀਹੇ ਝੱਲ ਕੇ ਆਪਣੇ ਬੱਚਿਆਂ ਨੂੰ ਪਾਲਿਆ ਹੈ ਅਤੇ ਖੁਦ ਖਾਲੀ ਪੇਟ ਰਹਿ ਕੇ, ਰੁੱਖੀ ਮਿੱਸੀ ਖਾ ਕੇ ਬੱਚਿਆਂ ਦਾ ਪੇਟ ਭਰਿਆ ਹੈ। ਆਪਣੀਆਂ ਉਮੀਦ ਭਰੀਆ ਅੱਖਾਂ ਵਿੱਚ ਕਿੰਨੇ ਹੀ ਸੁਪਨੇ ਸਜਾ ਕੇ ਰੱਖੇ ਹੁੰਦੇ ਹਨ, ਮਾਂ-ਬਾਪ ਨੇ ਕਿ ਉਨ੍ਹਾਂ ਦੇ ਬੱਚੇ ਇਹ ਬਣਨਗੇ, ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਆਹ ਸੁਖ ਦੇਣਗੇ ਅਤੇ ਜੇ ਲੱਖਾ ਤਸੀਹੇ ਝੱਲ ਕੇ ਅਤੇ ਢਿੱਡ ਬੰਨ੍ਹ-ਬੰਨ੍ਹ ਕੇ ਜੋੜੀ ਅਤੇ ਖਰਾ ਸੋਨਾ ਸਮਝ ਕੇ ਹਿੱਕ ਨਾਲ ਲਗਾ ਕੇ ਰੱਖੀ ਔਲਾਦ ਮਾਂ-ਪਿਓ ਦੀ ਸੇਵਾ ਨਾ ਕਰੇ ਨਿਕੰਮੀ ਨਿਕਲ ਜਾਵੇ ਤਾਂ ਉਸ ਮਨ ‘ਤੇ ਕੀ ਬੀਤਦੀ ਹੋਵੇਗੀ?

    ਅੱਜ ਦਾ ਇਨਸਾਨ ਮਤਲਬੀ ਬਣਦਾ ਜਾ ਰਿਹਾ ਹੈ।ਜ਼ਰਾ ਦਿਲ ‘ਤੇ ਹੱਥ ਰੱਖ ਕੇ ਸੋਚ ਕੇ ਵੇਖੋ ਅੱਜ ਸਮਾਜ ਸਵਾਰਥਪੁਣੇ ਦੇ ਅਜਿਹੇ ਦੌਰ ‘ਚੋਂ ਲੰਘ ਰਿਹਾ ਹੈ। ਜਿਥੇ ਇਨਸਾਨ ਰਿਸ਼ਤਿਆਂ ਨੂੰ ਲੀਰੋ-ਲੀਰ ਕਰਕੇ ਰਾਖ ਕਰਨ ਲਈ ਮਿੰਟ ਨਹੀਂ ਲਾਉਂਦਾ। ਸਮਾਜ ਵਿੱਚ ਕਿੰਨੀਆਂ ਮਾਵਾਂ ਆਪਣੀ ਔਲਾਦ ਦੀ ਬੇਕਦਰੀ ਦਾ ਸ਼ਿਕਾਰ ਹੋਈਆਂ ਬਿਰਧ ਆਸ਼ਰਮਾਂ ਵਿੱਚ ਦਿਨ ਕੱਟ ਰਹੀਆਂ ਹਨ। ਸਾਨੂੰ ਬਜ਼ੁਰਗ ਮਾਂ ਬਾਪ ਨੂੰ ਬਿਰਧ ਆਸ਼ਰਮਾਂ ‘ਚ ਭੇਜਣ ਦੀ ਬਜਾਇ ਉਨ੍ਹਾਂ ਦੀ ਖੁਦ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰ ਸਕੀਏ।

    ਅੱਜ ਦਾ ਦਿਨ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ਸਮਰਪਿਤ ਹੈ। ਇਸ ਲਈ ਜੇ ਕੋਈ ਜਾਣੇ-ਅਣਜਾਣੇ ਆਪਣੇ ਮਾਂ-ਬਾਪ ਨੂੰ ਆਪਣੇ ਤਂੋ ਦੂਰ ਕਰੀ ਬੈਠਾ ਹੈ ਤਾਂ ਸਭ ਕੁਝ ਭੁਲ ਕੇ ਮਾਂ ਦੇ ਚਰਨਾਂ ਵਿੱਚ ਜਾ ਡਿੱਗੋ। ਮਾਂ ਦੀ ਮਮਤਾ ਐਨੀ ਕੋਮਲ ਹੁੰਦੀ ਹੈ ਕਿ ਇੱਕ ਪਲ ਵਿੱਚ ਤੁਹਾਨੂੰ ਮਾਂ ਨੇ ਆਪਣੀ ਹਿੱਕ ਨਾਲ ਲਗਾ ਲੈਣਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਣੀ ਜਨਮ ਦੇਣ ਵਾਲੀ ਮਾਂ ਦੇ ਨਾਲ- ਨਾਲ, ਸਮਾਜ ਵਿਚ ਮਾਂ ਸਮਾਨ ਬਜ਼ੁਰਗ ਔਰਤਾਂ ਦਾ ਵੀ ਅਸੀਂ ਹਮੇਸ਼ਾ ਮਾਂ ਵਾਂਗ ਹੀ ਸਤਿਕਾਰ ਕਰੀਏ ਤਾਂ ਜੋ ਸਾਡਾ ਸਮਾਜ ਸਵਰਗ ਦਾ ਨਕਸ਼ਾ ਬਣ ਸਕੇ ਅਤੇ ਨੋਜਵਾਨ ਪੀੜ੍ਹੀ ਨੂੰ ਲਿਆਕਤ ਤੇ ਸਿਆਣਪ ਆ ਸਕੇ। ਇੱਕ ਗੱਲ ਹਮੇਸ਼ਾ ਯਾਦ ਰੱਖੋ ‘ਮਾਂ ਦੇ ਚਰਨਾਂ ਤੋਂ ਵੱਡਾ ਕੋਈ ਤੀਰਥ ਤੇ ਇਸ਼ਨਾਨ ਨਹੀਂ ਇਸ ਲਈ ਹਮੇਸ਼ਾ ਸਰਵਨ ਪੁੱਤਰ ਬਣਨ ਦੀ ਕੋਸ਼ਿਸ਼ ਕਰੋ, ਜਿਸ ਦੀ ਸ਼ੁਰੂਆਤ ਅੱਜ ਤਂੋ ਹੀ ਕੀਤੀ ਜਾਣੀ ਚਾਹੀਦੀ ਹੈ।

    ਕੰਪਿਊਟਰ ਅਧਿਆਪਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀਕਪੂਰਾ (ਫਰੀਦਕੋਟ)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here