ਰੰਗ ਹੋਏ ਬਦਰੰਗ : ਜ਼ਹਿਰੀਲੇ ਰੰਗ ਨਾਲ ਹੋਲੀ ਖੇਡਣ ਵਾਲੇ ਦੋ ਦਰਜ਼ਨ ਤੋਂ ਵੱਧ ਬੱਚੇ ਬਿਮਾਰ

ਬਠਿੰਡਾ ਦੇ ਸਿਵਲ ਹਸਪਤਾਲ ਸਮੇਤ ਨਿੱਜੀ ਹਸਪਤਾਲਾਂ ’ਚ ਦਾਖਲ ਹਨ ਬੱਚੇ

ਬਠਿੰਡਾ (ਸੁਖਜੀਤ ਮਾਨ)। ਜ਼ਿਲੇ ਦੇ ਪਿੰਡ ਜੱਸੀ ਪੌ ਵਾਲੀ ਵਿਖੇ ਰੰਗਾਂ ਦੇ ਤਿਉਹਾਰ ਹੋਲੀ ਦੇ ਚਾਅ ਉਸ ਵੇਲੇ ਮੱਠੇ ਪੈ ਗਏ ਜਦੋਂ ਪਿੰਡ ਦੇ ਕਰੀਬ ਦੋ ਦਰਜ਼ਨ ਤੋਂ ਵੱਧ ਬੱਚੇ ਜ਼ਹਿਰੀਲੇ ਰੰਗ ਕਾਰਨ ਬਿਮਾਰ ਹੋ ਗਏ। ਬਿਮਾਰ ਬੱਚਿਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਬਠਿੰਡਾ ਦੇ ਕਈ ਨਿੱਜੀ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ।

ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਜੱਸੀ ਪੌ ਵਾਲੀ ਦੇ ਵਾਸੀਆਂ ਨੇ ਦੱਸਿਆ ਕਿ ਉਨਾਂ ਦੇ ਬੱਚੇ ਜਦੋਂ ਹੋਲੀ ਖੇਡਦੇ-ਖੇਡਦੇ ਡਿੱਗਣ ਲੱਗ ਪਏ ਅਤੇ ਉਲਟੀਆਂ ਕਰਨ ਲੱਗੇ ਤਾਂ ਫਿਰ ਪਤਾ ਲੱਗਿਆ ਕਿ ਬੱਚੇ ਹੋਲੀ ਖੇਡਣ ਲਈ ਜੋ ਰੰਗ ਆਦਿ ਲੈ ਕੇ ਆਏ ਸੀ, ਉਸ ’ਚ ਕੋਈ ਜ਼ਹਿਰੀਲੀ ਚੀਜ ਆਦਿ ਸੀ ਜਿਸ ਨਾਲ ਬੱਚੇ ਬਿਮਾਰ ਹੋ ਗਏ । ਗੁਰਦੀਪ ਸਿੰਘ ਨਾਂਅ ਦੇ ਨੌਜਵਾਨ ਨੇ ਦੱਸਿਆ ਕਿ ਬੱਚੇ ਹੋਲੀ ਖੇਡ ਰਹੇ ਸੀ ਤਾਂ ਅਚਾਨਕ ਉਨਾਂ ਨੂੰ ਚੱਕਰ ਆਉਣ ਲੱਗ ਪਏ। ਬੱਚਿਆਂ ਨੇ ਦੱਸਿਆ ਕਿ ਉਹ ਬਠਿੰਡਾ ਗ੍ਰੋਥ ਸੈਂਟਰ ’ਚੋਂ ਲਿਫਾਫੇ ’ਚੋਂ ਕੋਈ ਵਾਧੂ ਚੀਜ ਸੁੱਟੀ ਹੋਈ ਚੁੱਕ ਲਿਆਏ ਸੀ। ਪਤਾ ਲੱਗਿਆ ਹੈ ਕਿ ਝੋਨੇ ’ਚ ਸੁੱਟੀ ਜਾਣ ਵਾਲੀ ਪਦਾਨ ਦਵਾਈ ਸੀ ਜੋ ਬੱਚਿਆਂ ਨੇ ਰੰਗ ਦੇ ਭੁਲੇਖੇ ਇੱਕ-ਦੂਜੇ ’ਤੇ ਲਗਾ ਦਿੱਤੀ ਜਿਸ ਕਾਰਨ ਬੱਚਿਆਂ ਦੀ ਹਾਲਤ ਵਿਗੜ ਗਈ।

ਜੱਸੀ ਪੌ ਵਾਲੀ ਦੇ ਬਜ਼ੁਰਗ ਗੁਰਦੇਵ ਸਿੰਘ ਨੇ ਦੱਸਿਆ ਕਿ ਬੱਚੇ ਹੋਲੀ ਖੇਡ ਰਹੇ ਸੀ, ਜਿੰਨਾਂ ’ਤੇ ਉਹ ਰੰਗ ਲੱਗਿਆ ਉਹ ਸਾਰੇ ਬਿਮਾਰ ਹੋ ਗਏ। ਉਸਨੇ ਦੱਸਿਆ ਕਿ ਉਸਦਾ ਪੁੱਤ ਤੇ ਪੋਤਾ ਵੀ ਇਸ ਰੰਗ ਕਾਰਨ ਬਿਮਾਰ ਹੋ ਗਏੇ। ਰਣਜੀਤ ਸਿੰਘ ਨਾਂਅ ਦੇ ਨੌਜਵਾਨ ਨੇ ਦੱਸਿਆ ਕਿ ਰੰਗ ’ਚ ਕੈਮੀਕਲ ਜਾਂ ਕੋਈ ਅਜਿਹੀ ਚੀਜ ਸੀ ਜਿਸ ਕਾਰਨ ਬੱਚਿਆਂ ਨੂੰ ਉਲਟੀਆਂ ਆਉਣ ਤੋਂ ਇਲਾਵਾ ਚੱਕਰ ਲੱਗ ਗਏ ।

24 ਘੰਟਿਆਂ ਬਾਅਦ ਹੀ ਲੱਗ ਸਕੇਗਾ ਪੂਰਾ ਪਤਾ : ਡਾਕਟਰ

ਸਿਵਲ ਹਸਪਤਾਲ ਬਠਿੰਡਾ ਦੇ ਡਾ. ਹਰਸ਼ਿਤ ਗੋਇਲ ਨੇ ਦੱਸਿਆ ਕਿ ਉਨਾਂ ਕੋਲ ਕਰੀਬ 6-7 ਬੱਚੇ ਆਏ ਹਨ, ਜਿੰਨਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬੱਚਿਆਂ ਦੇ ਦੱਸਣ ਮੁਤਾਬਿਕ ਉਨਾਂ ਨੇ 400 ਕਿੱਲੇ ’ਚੋਂ ਰੰਗ ਦੇ ਭੁਲੇਖੇ ਚੁੱਕਿਆ ਸੀ, ਜਿੰਨਾਂ-ਜਿੰਨਾਂ ਉੱਪਰ ਉਹ ਪਾਇਆ ਗਿਆ, ਉਨਾਂ ਨੂੰ ਉਲਟੀਆਂ, ਘਬਰਾਹਟ ਅਤੇ ਸਿਰ ਦਰਦ ਦੀ ਸਮੱਸਿਆ ਆਈ ਹੈ। ਉਨਾਂ ਦੱਸਿਆ ਕਿ ਹਾਲ ਦੀ ਘੜੀ ਭਾਵੇਂ ਸਾਰੇ ਠੀਕ ਹਨ ਪਰ ਸਹੀ ਸਥਿਤੀ ਬਾਰੇ 24 ਘੰਟਿਆਂ ਬਾਅਦ ਹੀ ਕੁੱਝ ਕਿਹਾ ਜਾ ਸਕੇਗਾ ਫਿਲਹਾਲ ਉਨਾਂ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ ਹੈ।