ਸਿਹਤ ਵਿਭਾਗ ਦੀ ਟੀਮ ਨੇ ਬਸਤੀ ਦਾ ਦੌਰਾ ਕਰਕੇ ਲੋਕਾਂ ਨੂੰ ਗੋਲੀਆਂ ਅਤੇ ਪਾਉਡਰ ਵੰਡੇ
(ਭੂਸਨ ਸਿੰਗਲਾ) ਪਾਤੜਾਂ। ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਿਰ ਦੇ ਨਜ਼ਦੀਕ ਪੈਂਦੀ ਬਸਤੀ ਵਿੱਚ ਡਾਇਰੀਆ ਤੋਂ ਪ੍ਰਭਾਵਿਤ ਤਿੰਨ ਦਰਜਨ ਤੋਂ ਵੱਧ ਬੱਚਿਆਂ, ਔਰਤਾਂ ਅਤੇ ਨੌਜਵਾਨਾਂ ਨੂੰ ਸ਼ੀਹਰ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਿਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ’ਤੇ ਹਰਕਤ ਵਿੱਚ ਆਈ ਸਿਹਤ ਵਿਭਾਗ ਦੀ ਟੀਮ ਨੇ ਬਸਤੀ ਦਾ ਦੌਰਾ ਕਰਕੇ ਲੋਕਾਂ ਨੂੰ ਗੋਲੀਆਂ ਅਤੇ ਪਾਉਡਰ ਵੰਡੀਆਂ ਤੇ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਹਨ। ਐੱਸਐੱਮਓ ਨੇ ਹਸਪਤਾਲਾਂ ਦਾ ਦੌਰਾ ਕਰਕੇ ਗੰਭੀਰ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਜਿਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਉਨ੍ਹਾਂ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਭੇਜਣ ਦੀ ਹਦਾਇਤ ਕੀਤੀ ਹੈ, ਪਰ ਬਹੁਤੇ ਮਰੀਜ਼ਾਂ ਨੇ ਸਰਕਾਰੀ ਹਸਪਤਾਲ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। Diarrhea
ਇਹ ਵੀ ਪੜ੍ਹੋ: ਪੰਜਾਬ ਪੁਲਿਸ ਤੇ ਗੈਂਗਸਟਰਾਂ ’ਚ ਮੁਕਾਬਲਾ, ਇੱਕ ਗੈਂਗਸਟਰ ਦੇ ਪੈਰ ’ਚ ਵੱਜੀ ਗੋਲੀ
ਸ਼ਹਿਰ ਦੇ ਵਾਰਡ 15 ਦੇ ਰਹਿਣ ਵਾਲੇ ਪਿੰਕੀ ਦੇਵੀ, ਬੱਬੀ ਕੁਮਾਰ ਨੇ ਦੱਸਿਆ ਕਿ ਸੀਵਰੇਜ਼ ਬੰਦ ਹੋਣ ਕਰਕੇ ਕਈ ਬਸਤੀਆਂ ਵਿੱਚ ਭਰਿਆ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਲਣ ਕਰਕੇ ਘਰਾਂ ਵਿੱਚ ਗੰਦਾ ਪਾਣੀ ਆ ਰਿਹਾ ਸੀ। ਬਸਤੀ ਦੇ ਜ਼ਿਆਦਾਤਰ ਗ਼ਰੀਬ ਲੋਕਾਂ ਵੱਲੋਂ ਮਜ਼ਬੂਰੀਵੱਸ ਗੰਦਾ ਪਾਣੀ ਨਾਲ ਕਈ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗੇ ਫਿਰ ਔਰਤਾਂ ਤੇ ਨੌਜਾਵਨ ਵੀ ਇਸ ਬਿਮਾਰੀ ਦੀ ਲਪੇਟ ’ਚ ਆ ਗਏ। ਇਨ੍ਹਾਂ ਨੂੰ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਲੈ ਗਏ ਜਦੋਂ ਉਨ੍ਹਾਂ ਜਵਾਬ ਦੇ ਦਿੱਤਾ ਤਾਂ ਉਨ੍ਹਾਂ ਵਰਦਾਨ, ਭਗਵਾਨ ਹੈਲਥ ਕੇਅਰ ਅਤੇ ਸੰਧੂ ਹਸਪਤਾਲਾਂ ਦਾਖਿਲ ਕਰਵਾਇਆ। Diarrhea
ਸੀਵਰੇਜ਼ ਬੰਦ ਬਾਰੇ ਨਗਰ ਕੌਂਸਲ ਨੂੰ ਕਈ ਵਾਰ ਕਹਿਣ ’ਤੇ ਨਹੀਂ ਦਿੱਤਾ ਧਿਆਨ
ਉਨ੍ਹਾਂ ਕਿਹਾ ਹੈ ਕਿ ਗ਼ਰੀਬੀ ਕਾਰਨ ਉਹ ਹਸਪਤਾਲਾਂ ਦਾ ਖਰਚਾ ਦੇਣ ਅਸਮਰਥ ਹਨ। ਉਨ੍ਹਾਂ ਮੰਗ ਕੀਤੀ ਕਿ ਪੀੜਤਾਂ ਦੇ ਇਲਾਜ ਦਾ ਖਰਚ ਸਰਕਾਰ ਦੇਵੇ। ਵਾਰਡ ਕੌਂਸਲਰ ਭਗਵਤ ਦਿਆਨ ਨਿੱਕਾ ਨੇ ਕਿਹਾ ਕਿ ਸੀਵਰੇਜ਼ ਬੰਦ ਬਾਰੇ ਨਗਰ ਕੌਂਸਲ ਨੂੰ ਕਈ ਵਾਰ ਕਹਿਣ ’ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਜਦੋਂਕਿ ਉਨ੍ਹਾਂ ਆਪਣੇ ਪੱਧਰ ’ਤੇ ਸ਼ਿਵ ਮੰਦਿਰ ’ਚੋਂ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਸਨ। ਉਨ੍ਹਾਂ ਮਰੀਜ਼ਾਂ ਦੇ ਇਲਾਜ ਲਈ 20 ਹਾਜ਼ਰ ਰੁਪਏ ਵਿੱਤੀ ਸਹਾਇਤਾ ਹਸਪਤਾਲ ਨੂੰ ਦਿੱਤੀ ਹੈ।
ਪਾਤੜਾਂ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੂੰ ਸਾਰੇ ਪ੍ਰਬੰਧ ਕੀਤੇ ਜਾਣ ਦੀਆਂ ਹਦਾਇਤਾਂ
ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸੀਵਰੇਜ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ, ਪਤਾ ਲੱਗਦੇ ਹੀ ਸੀਵਰੇਜ਼ ਖੋਲ੍ਹਣ ਵਿੱਚ ਅਸਫਲ ਰਹਿਣ ’ਤੇ ਸਮਾਣਾ ਤੋਂ ਮਸ਼ੀਨ ਲਿਆਕੇ ਸੀਵਰੇਜ਼ ਨੂੰ ਚਾਲੂ ਕਰ ਦਿੱਤਾ ਹੈ। ਫੋਗਿੰਗ ਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਐਸਐਮਓ ਪਾਤੜਾਂ ਡਾਕਟਰ ਲਵਕੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰੀ ਹਸਪਤਾਲ ‘ਚ ਕੋਈ ਵੀ ਮਰੀਜ਼ ਨਹੀਂ ਆਇਆ ਨਾ ਕਿਸੇ ਨੂੰ ਦਾਖਿਲ ਕਰਨ ਤੋਂ ਇਨਕਾਰ ਕੀਤਾ ਹੈ । ਲੋਕ ਨਿਜੀ ਤੌਰ ’ਤੇ ਨਿੱਜੀ ਹਸਪਤਾਲਾਂ ਵਿੱਚ ਦਾਖਿਲ਼ ਹੋਏ ਹਨ। ਉਨ੍ਹਾਂ ਕਿਹਾ ਹੈ ਕਿ ਬਸਤੀ ਵਿੱਚ ਗੋਲੀਆਂ ਤੇ ਪਾਊਡਰ ਦੇ ਪੈਕਟ ਵੰਡੇ ਗਏ ਹਨ। ਇਸੇ ਦੌਰਾਨ ਸਿਵਲ ਸਰਜਨ ਪਟਿਆਲਾ ਸੰਜੇ ਗੋਇਲ ਨੇ ਸ਼ਹਿਰ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਪਾਤੜਾਂ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੂੰ ਸਾਰੇ ਪ੍ਰਬੰਧ ਕੀਤੇ ਜਾਣ ਦੀਆਂ ਹਦਾਇਤਾਂ ਕੀਤੀਆਂ।