199 ਸੀਟਾਂ ’ਤੇ 1800 ਸੌ ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਬੈਲਟ ਬਾਕਸ ’ਚ ਬੰਦ | Voting in Rajasthan
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਸ਼ਨਿੱਚਰਵਾਰ ਨੂੰ 200 ਵਿਧਾਨ ਸਭਾ ਸੀਟਾਂ ’ਚੋਂ 199 ’ਤੇ ਵੋਟਿੰਗ ਹੋਈ। ਵੋਟਰਾਂ ’ਚ ਵੋਟਿੰਗ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਇਸ ਦੀ ਖਾਸੀਅਤ ਇਹ ਰਹੀ ਕਿ ਵੋਟਿੰਗ ਦਾ ਸਮਾਂ ਖਤਮ ਹੋਣ ਤੋਂ ਬਾਅਦ ਵੀ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਸ਼ਾਮ 5 ਵਜੇ ਤੱਕ 68.24 ਫੀਸਦੀ ਵੋਟਿੰਗ ਹੋ ਗਈ। ਇਸ ਦੇ ਨਾਲ ਹੀ ਵੱਖ-ਵੱਖ ਇਲਾਕਿਆਂ ’ਚੋਂ ਹਿੰਸਾ ਦੇ ਮਾਮਲੇ ਵੀ ਸਾਹਮਣੇ ਆਏ ਹਨ। ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਰਾਜਸਥਾਨ ਵਿੱਚ ਪੋਸਟਲ ਬੈਲਟ ਰਾਹੀਂ ਪਈਆਂ ਵੋਟਾਂ ਦੀ ਪ੍ਰਤੀਸ਼ਤਤਾ 8.828 ਫੀਸਦੀ ਰਹੀ। ਸ਼ਾਮ 5 ਵਜੇ ਤੱਕ ਵੋਟਿੰਗ ਫੀਸਦੀ ਨੂੰ ਜੋੜਿਆ ਜਾਵੇ ਤਾਂ ਇਹ 69.06 ਹੋ ਗਿਆ ਹੈ। (Voting in Rajasthan)
ਸ੍ਰੀ ਗੰਗਾਨਗਰ ਦੀ ਕਰਨਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਮੌਜ਼ੂਦਾ ਵਿਧਾਇਕ ਗੁਰਮੀਤ ਸਿੰਘ ਕੁੰਨਰ ਦੀ ਮੌਤ ਕਾਰਨ ਇਲਾਕੇ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਰਾਜਸਥਾਨ ਵਿੱਚ ਕੁੱਲ 1862 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ ਵੋਟਰਾਂ ਦੀ ਗਿਣਤੀ 5,25,38,105 ਹੈ। ਇਨ੍ਹਾਂ ਵਿੱਚ 18-30 ਉਮਰ ਵਰਗ ਦੇ 1,70,99,334 ਵੋਟਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 22,61,008 ਨਵੇਂ ਵੋਟਰ 18-19 ਉਮਰ ਵਰਗ ਦੇ ਹਨ।
2013 ਵਿੱਚ ਰਾਜਸਥਾਨ ਵਿੱਚ ਸਭ ਤੋਂ ਵੱਧ 75.69 ਫੀਸਦੀ ਪੋਲਿੰਗ ਹੋਈ ਸੀ। ਇਸ ਤੋਂ ਬਾਅਦ 2018 ’ਚ ਇਹ 74.71 ਫੀਸਦੀ ਸੀ। ਹਾਲਾਂਕਿ ਇਸ ਵਾਰ ਦੀ ਪੋਲਿੰਗ ਹੁਣ ਤੱਕ ਦੇ ਸਾਰੇ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ। ਪੋਲਿੰਗ ਦੇ ਅੰਕੜੇ ਐਤਵਾਰ ਸਵੇਰ ਤੱਕ ਅੱਪਡੇਟ ਹੁੰਦੇ ਰਹਿਣਗੇ। ਪੋਲਿੰਗ ਪ੍ਰਤੀਸ਼ਤਤਾ ਦੋ ਤੋਂ ਤਿੰਨ ਫੀਸਦੀ ਤੱਕ ਵਧਾਉਣ ਦਾ ਰੁਝਾਨ ਰਿਹਾ ਹੈ।
ਗਹਿਲੋਤ ਦਾ ਭਰੋਸਾ, ਮੁੜ ਬਣੇਗੀ ਕਾਂਗਰਸ ਦੀ ਸਰਕਾਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ, ‘…ਸਾਨੂੰ ਲੋਕਾਂ ਦਾ ਅਸ਼ੀਰਵਾਦ ਮਿਲਿਆ ਹੈ, ਕਾਂਗਰਸ ਦੀ ਸਰਕਾਰ ਦੁਬਾਰਾ ਬਣੇਗੀ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕੀ ਕਹਿ ਰਿਹਾ ਹੈ, ਮੈਂ ਮੇਰੇ ਬਾਰੇ ਗੱਲ ਕਰ ਰਿਹਾ ਹਾਂ…’
ਸ਼ਾਂਤੀਪੂਰਵਕ ਅਤੇ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ: ਵਸੁੰਧਰਾ ਰਾਜੇ ਸਿੰਧੀਆ
ਵੋਟਿੰਗ ਦਾ ਸਮਾਂ ਖਤਮ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਲਿਖਿਆ ਕਿ ਮੈਂ ਸੂਬੇ ਦੇ ਲੋਕਾਂ ਦੇ ਨਾਲ-ਨਾਲ ਭਾਜਪਾ ਵਰਕਰਾਂ ਅਤੇ ਖਾਸ ਕਰਕੇ ਨਵੇਂ ਵੋਟਰਾਂ ਦਾ ਸ਼ਾਂਤੀਪੂਰਵਕ ਅਤੇ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਲਈ ਧੰਨਵਾਦ ਪ੍ਰਗਟ ਕਰਦੀ ਹਾਂ। ਉਨ੍ਹਾਂ ਲਿਖਿਆ ਕਿ ਅੱਜ ਰਾਜਸਥਾਨ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ, ਵਿਕਾਸ ਅਤੇ ਭਰੋਸੇਯੋਗਤਾ ਨੂੰ ਪ੍ਰਵਾਨ ਕਰ ਲਿਆ ਹੈ।













