ਪੁਲਿਸ ਵੱਲੋਂ 2 ਜਣਿਆਂ ’ਤੇ ਮਾਮਲਾ ਦਰਜ਼, ਜਾਂਚ ਸ਼ੁਰੂ | Sangrur News
Sangrur News: ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸੰਗਰੂਰ ਦੇ ਇੱਕ ਧਾਰਮਿਕ ਸਥਾਨ ’ਤੇ ਗੰਜੇਪਣ ਨੂੰ ਰੋਕਣ ਤੇ ਨਵੇਂ ਵਾਲ ਲਿਆਉਣ ਲਈ ਲਾਇਆ ਗਿਆ ਕੈਂਪ ਸੈਂਕੜੇ ਲੋਕਾਂ ਨੂੰ ਅੱਖਾਂ ਤੇ ਚਮੜੀ ਦੀ ਗੰਭੀਰ ਬਿਮਾਰੀ ਦੇ ਗਿਆ। ਇਸ ਮਾਮਲੇ ’ਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਸ਼ਹਿਰ ਦੇ ਇੱਕ ਧਾਰਮਿਕ ਸਥਾਨ ’ਤੇ ਐਤਵਾਰ ਨੂੰ ਗੰਜਾਪਣ ਦੂਰ ਕਰਨ ਲਈ ਕੈਂਪ ਲੱਗਿਆ ਸੀ, ਜਿਸ ਵਿੱਚ ਸੰਗਰੂਰ ਹੀ ਨਹੀਂ ਸਗੋਂ ਨਾਲ ਲਗਦੇ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਲੋਕ ਪੁੱਜੇ, ਪ੍ਰੰਤੂ ਸਿਰ ’ਤੇ ਦੁਬਾਰਾ ਵਾਲ ਲਿਆਉਣ ਦਾ ਸ਼ੌਂਕ ਤੇ ਮੁਫਤ ਦੀ ਦਵਾਈ ਦੇ ਚੱਕਰ ’ਚ ਮੁਸੀਬਤ ਉਨ੍ਹਾਂ ਦੀਆਂ ਅੱਖਾਂ ’ਤੇ ਬਣ ਗਈ। ਜਿਸ ਨੇ ਵੀ ਸਿਰ ’ਤੇ ਦਵਾਈ ਲਾਈ ਉਸ ਦੀਆਂ ਅੱਖਾਂ ਵਿੱਚ ਰੜ੍ਹਕ, ਲਾਲੀ ਤੇ ਤੇਜ ਦਰਦ ਹੋਣ ਲੱਗੀ। ਐਤਵਾਰ ਨੂੰ ਸ਼ਾਮ ਤੱਕ ਕਰੀਬ 20 ਅਜਿਹੇ ਲੋਕ ਪੁੱਜੇ ਜੋ ਅੱਖਾਂ ’ਚ ਦਰਦ ਤੋਂ ਪੀੜਤ ਸਨ। Sangrur News
Read Also : Punjab News: ਹੁਣ 2 ਸਾਲ ਤੋਂ ਜਿਆਦਾ ਇੱਕ ਪੁਲਿਸ ਥਾਣੇ ’ਚ ਨਹੀਂ ਰਹਿਣਗੇ ਮੁਨਸ਼ੀ
ਪ੍ਰੰਤੂ ਸੋਮਵਾਰ ਦਾ ਦਿਨ ਚੜ੍ਹਦਿਆਂ ਹੀ ਇਹ ਗਿਣਤੀ 65 ਦੇ ਕਰੀਬ ਪੁੱਜ ਗਈ ਤੇ ਅਜਿਹੇ ਮਰੀਜਾਂ ਨਾਲ ਐਮਰਜੈਂਸੀ ਵਾਰਡ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਤੇ ਲੋਕ ਅੱਖਾਂ ’ਚ ਹੋ ਰਹੇ ਦਰਦ ਨਾਲ ਕੁਰਲਾ ਰਹੇ ਸਨ। ਡਾਕਟਰ ਤੇ ਉਨ੍ਹਾਂ ਦੀ ਟੀਮ ਉਨ੍ਹਾਂ ਦੀ ਸੰਭਾਲ ’ਚ ਲੱਗੀ ਹੋਈ ਸੀ।
ਐਮਰਜੈਂਸੀ ’ਚ ਇਲਾਜ ਕਰਵਾਉਣ ਲਈ ਪੁੱਜੇ ਲੋਕਾਂ ’ਚ ਮਾਨਵ ਸਿੰਘ, ਸੁਨੀਤਾ, ਗੁਰਪ੍ਰੀਤ ਕੌਰ, ਸੋਨੀ ਸਿੰਘ, ਰੋਹਿਤ, ਬਲਜਿੰਦਰ ਸਿੰਘ, ਸਾਕਿਬ ਖਾਨ, ਜੋਗਿੰਦਰਪਾਲ, ਨਰੇਸ਼ ਕੁਮਾਰ, ਬਲਜੀਤ ਸਿੰਘ, ਮਨਿੰਦਰ ਸਿੰਘ, ਸੁਰਿੰਦਰ ਸਿੰਘ, ਦਲਵੀਰ ਸਿੰਘ, ਪਰਵਿੰਦਰ ਸਿੰਘ, ਕਰਮਜੀਤ ਕੌਰ, ਸਤਵੀਰ ਸਿੰਘ, ਬਬਲੂ, ਸੁਰਵੇਸ਼ ਸਿੰਘ, ਸੋਨੂੰ, ਸਤਨਾਮ ਸਿੰਘ, ਹਰਮਨਪ੍ਰੀਤ ਸਿੰਘ ਸ਼ਾਮਲ ਹਨ।
Sangrur News
ਸਿਵਲ ਹਸਪਤਾਲ ਵਿੱਚ ਅੱਖਾਂ ਦੀ ਮਾਹਿਰ ਡਾ. ਸ਼ਬੀਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਸਪਤਾਲ ਵਿਚ ਆਉਣ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਦਰਦ, ਲਾਲੀ ਤੇ ਸੋਜ ਵੀ ਹੈ। ਕਈ ਮਰੀਜਾਂ ਦੀ ਚਮੜੀ ਵੀ ਪ੍ਰਭਾਵਿਤ ਹੋਈ ਹੈ। ਕੁਝ ਮਰੀਜ਼ਾਂ ਦੀਆਂ ਅੱਖਾਂ ਦੀਆਂ ਪੁਤਲੀਆਂ ’ਤੇ ਜਖਮ ਬਣ ਗਏ ਹਨ। ਫਿਲਹਾਲ, ਉਹ ਮਰੀਜਾਂ ਨੂੰ ਦਵਾਈ ਲਿਖ ਕੇ ਦੇ ਰਹੇ ਹਨ ਤੇ ਬੂੰਦਾਂ ਪਾਈਆਂ ਜਾ ਰਹੀਆਂ ਹਨ।
ਦਵਾਈ ’ਚ ਵਰਤਿਆ ਹਾਨੀਕਾਰਕ ਕੈਮੀਕਲ : ਡਾ. ਪਰਮਜੀਤ
ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਸ਼ਹਿਰ ਦੇ ਅੱਖਾਂ ਦੇ ਮਾਹਿਰ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਤੋਂ ਉਨ੍ਹਾਂ ਦੇ ਕੋਲ ਦਰਜ਼ਨਾਂ ਦੀ ਗਿਣਤੀ ’ਚ ਅੱਖਾਂ ’ਚ ਲਾਲੀ, ਰੜ੍ਹਕ ਤੇ ਸੋਜਸ਼ ਦੇ ਮਰੀਜ਼ ਲਗਾਤਾਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਵਿੱਚ ਜਿਹੜੀ ਦਵਾਈ ਸਿਰ ’ਤੇ ਲਾਈ ਗਈ ਉਸ ਵਿੱਚ ਹਾਨੀਕਾਰਨ ਕੈਮੀਕਲ ਸਨ, ਜਿਨ੍ਹਾਂ ਨੇ ਲੋਕਾਂ ਦੀਆਂ ਅੱਖਾਂ ’ਤੇ ਬੇਹੱਦ ਮਾੜਾ ਅਸਰ ਪਾਇਆ ਹੈ। ਉਨ੍ਹਾਂ ਦੱਸਿਆ ਕਿ ਕਈ ਮਰੀਜ਼ਾਂ ਦੀਆਂ ਅੱਖਾਂ ’ਚ ਜ਼ਖਮ ਵੀ ਹੋ ਗਏ ਹਨ ਤੇ ਜੇਕਰ ਇਹ ਠੀਕ ਨਹੀਂ ਹੁੰਦੇ ਤਾਂ ਇਹ ਸਥਾਈ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਖਾਂ ਬਹੁਤ ਹੀ ਨਾਜੁਕ ਹੁੰਦੀਆਂ ਹਨ ਜਿਹੜੀਆਂ ਅਜਿਹੇ ਰਿਐਕਸ਼ਨ ਕਾਰਨ ਬਹੁਤ ਛੇਤੀ ਖਰਾਬ ਹੋ ਸਕਦੀਆਂ ਹਨ।
ਪੁਲਿਸ ਵੱਲੋਂ ਇੱਕ ਗ੍ਰਿਫ਼ਤਾਰ, ਦੂਜੇ ਦੀ ਭਾਲ ਜਾਰੀ : ਰਿਸ਼ੀ
ਇਸ ਮਾਮਲੇ ’ਚ ਸੰਗਰੂਰ ਪੁਲਿਸ ਵੱਲੋਂ 2 ਵਿਅਕਤੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਜ਼ੋਖਮ ’ਚ ਪਾਉਣ ਦਾ ਇਹ ਇੱਕ ਗੰਭੀਰ ਮਾਮਲਾ ਹੈ ਤੇ ਜਿਵੇਂ ਹੀ ਮੀਡੀਆ ਦੇ ਇੱਕ ਹਿੱਸੇ ’ਚ ਪ੍ਰਸਾਰਿਤ ਖਬਰਾਂ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੁਲਿਸ ਨਾਲ ਤਾਲਮੇਲ ਕਰਦੇ ਹੋਏ ਤੁਰੰਤ ਕਾਰਵਾਈ ਅਮਲ ’ਚ ਲਿਆਉਣ ਦੇ ਆਦੇਸ਼ ਦਿੱਤੇ।
ਇਸ ਸਬੰਧੀ ਥਾਣਾ ਸਿਟੀ ਸੰਗਰੂਰ ਦੇ ਐੱਸਐੱਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਸ਼ਿਕਾਇਤਕਰਤਾ ਸੁਖਵੀਰ ਸਿੰਘ ਵਾਸੀ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ ’ਤੇ ਤੇਜਿੰਦਰਪਾਲ ਸਿੰਘ ਵਾਸੀ ਸੰਗਰੂਰ ਤੇ ਅਮਨਦੀਪ ਸਿੰਘ ਵਾਸੀ ਖੰਨਾ ਦੇ ਖਿਲਾਫ ਮਾਮਲਾ ਦਰਜ ਕਰਦਿਆਂ ਤੇਜਿੰਦਰਪਾਲ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ ਜਦਕਿ ਅਮਨਦੀਪ ਵਾਸੀ ਖੰਨਾ ਦੀ ਭਾਲ ਜਾਰੀ ਹੈ।