ਸਮੂਹ ਕੈਟਾਗਿਰੀਆਂ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰੇ ਸਰਕਾਰ : ਮੋਰਚਾ ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਿਛਲੇ 17 ਦਿਨਾਂ ਤੋਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ’ਚ ਪੱਕਾ ਮੋਰਚਾ ਲਗਾ ਕੇ ਬੈਠੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਆਪਣਾ ਪੱਕਾ ਮੋਰਚਾ 25 ਸਤੰਬਰ ਤੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ’ਚ ਸਿਫ਼ਟ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਪਟਿਆਲਾ ’ਚ ਲਗਾਏ ਪੱਕੇ ਮੋਰਚੇ ਕਾਰਨ ਬਠਿੰਡਾ, ਭਵਾਨੀਗੜ੍ਹ, ਸੰਗਰੂਰ ਤੇ ਸਮਾਣਾ ਤੇ ਪਟਿਆਲਾ ਸ਼ਹਿਰ ’ਚ ਐਂਟਰ ਕਰਨ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਠੇਕਾ ਮੁਲਾਜਮਾਂ ਵੱਲੋਂ ਸੇਵਾ ਸਿੰਘ ਠੀਕਰੀਵਾਲਾ ਚੌਂਕ ’ਤੇ ਟੈੱਟ ਲਗਾ ਕੇ ਇੱਕ ਪਾਸੇ ਦੀ ਆਵਾਜਾਈ ਰੋਕੀ ਹੋਈ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ, ਕੁਲਦੀਪ ਸਿੰਘ ਬੁੱਢੇਵਾਲ, ਜਗਸੀਰ ਸਿੰਘ ਭੰਗੂ, ਗੁਰਵਿੰਦਰ ਸਿੰਘ ਪੰਨੂੰ, ਸ਼ੇਰ ਸਿੰਘ ਖੰਨਾ,ਬਲਿਹਾਰ ਸਿੰਘ ਕਟਾਰੀਆ, ਵਰਿੰਦਰ ਸਿੰਘ ਬੀਬੀਵਾਲਾ ਨੇ ਕਨਵੈਨਸ਼ਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਤਬਦੀਲੀ ਲੋਕਾਂ ਦੀ ਲੋੜ ’ਚੋਂ ਨਹੀਂ ਕੀਤੀ ਸਗੋਂ ਪਿਛਲੇ ਸਾਢੇ ਚਾਰ ਸਾਲਾਂ ਦੇ ਅਰਸ਼ੇ ਵਿੱਚ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਕੇ ਮਿਹਨਤਕਸ਼ ਲੋਕਾਂ ਦੀ ਕੀਤੀ ਆਰਥਿਕ ਲੁੱਟ ਨੂੰ ਲਕਾਉਣ ਲਈ ਕੀਤੀ ਹੈ ਕਿਉਂਕਿ ਕੈਪਟਨ ਸਰਕਾਰ ਵੱਲੋਂ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਆਰਥਿਕ ਸੁਧਾਰਾਂ ਦੇ ਨਾਮ ’ਤੇ ਲਾਗੂ ਕੀਤੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਕਾਂਗਰਸ ਸਰਕਾਰ ਨੂੰ ਭਵਿੱਖ ਵਿੱਚ ਸੱਤਾ ਦੀ ਕੁਰਸੀ ਮਿਲਣੀ ਸੰਭਵ ਨਹੀਂ ਸੀ ਇਸ ਲੋੜ ਵਿੱਚੋਂ ਕਾਂਗਰਸ ਹਾਈ ਕਮਾਂਡ ਨੇ ਮੁੱਖ ਮੰਤਰੀ ਦੀ ਤਬਦੀਲੀ ਕਰਕੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਆਗੂਆਂ ਨੇ ਕਿਹਾ ਕਿ ਸਮੁੱਚੇ ਸੰਘਰਸ਼ਸ਼ੀਲ ਲੋਕਾਂ ਨੂੰ ਕਾਂਗਰਸ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਸਮਝਦੇ ਹੋਏ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਘੋਲਾਂ ਨੂੰ ਲਗਾਤਾਰ ਜਾਰੀ ਰੱਖਣਾ ਚਾਹੀਦਾ ਹੈ।
ਮੋਰਚੇ ਦੇ ਸੂਬਾਈ ਆਗੂਆਂ ਨੇ ਅੱਜ ਪੱਕੇ ਮੋਰਚੇ ਵਿੱਚ ਕੀਤੀ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਅਗਲੇ ਸੰਘਰਸ਼ਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ 25 ਸਤੰਬਰ ਤੋਂ ਪਟਿਆਲਾ ਪੱਕਾ ਮੋਰਚਾ ਸਿਫ਼ਟ ਕਰਕੇ ਮੁੱਖ ਮੰਤਰੀ ਦੇ ਸਹਿਰ ਮੋਰਿੰਡਾ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ’ਤੇ ਸਮੁੱਚੇ ਪੰਜਾਬ ਦੇ ਠੇਕਾ ਮੁਲਾਜਮ ਵੱਖ-ਵੱਖ ਥਾਵਾਂ ’ਤੇ ਸਮੂਲੀਅਤ ਕਰਨਗੇ ਅਤੇ ਠੇਕਾ ਮੁਲਾਜ਼ਮਾਂ ਵੱਲੋਂ 28 ਸਤੰਬਰ ਨੂੰ ਸਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦਾ ਜਨਮ ਦਿਨ ਮੋਰਿੰਡਾ ਪੱਕੇ ਮੋਰਚੇ ਵਿੱਚ ਮਨਾਇਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ