ਸਰਦੂਲ ਸਿਕੰਦਰ ਦੇ ਵਿਛੋੜੇ ਨਾਲ ਗਾਇਕਾਂ ਤੇ ਗੀਤਕਾਰਾਂ ਨੂੰ ਚੇਤੇ ਆਏ ਨਾਲ ਬਿਤਾਏ ਪਲ
ਬਠਿੰਡਾ, (ਸੁਖਜੀਤ ਮਾਨ (ਸੱਚ ਕਹੂੰ)) | ਪੰਜਾਬੀ ਸੰਗੀਤ ਦੇ ਜ਼ਰੀਏ ਦੇਸ਼ਾਂ-ਵਿਦੇਸ਼ਾਂ ’ਚ ਆਪਣੀ ਪਹਿਚਾਣ ਕਾਇਮ ਕਰਨ ਵਾਲੇ ਗਾਇਕ ਸਰਦੂਲ ਸਿਕੰਦਰ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ । ਉਨ੍ਹਾਂ ਦੇ ਇਸ ਵਿਛੋੜੇ ਨਾਲ ਸੰਗੀਤ ਜਗਤ ’ਚ ਸੋਗ ਦੀ ਲਹਿਰ ਫੈਲ ਗਈ। ਸੰਗੀਤਕ ਖੇਤਰ ਨਾਲ ਸਬੰਧਿਤ ਗਾਇਕਾਂ, ਗੀਤਕਾਰਾਂ ਅਤੇ ਫਿਲਮੀ ਖੇਤਰ ਨਾਲ ਜੁੜੀਆਂ ਹਸਤੀਆਂ ਵੱਲੋਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਚੇਤੇ ਕਰਕੇ ਅਲਵਿਦਾ ਕਿਹਾ ਗਿਆ
ਉੱਘੇ ਪੰਜਾਬੀ ਗੀਤਕਾਰ ਅਲਬੇਲ ਬਰਾੜ ‘ਅਲਬੇਲਾ ਦਿਉਣ ਵਾਲਾ’ ਨੇ ਆਖਿਆ ਕਿ ਅੱਜ ਦਾ ਦਿਨ ਬੜਾ ਦੁਖਦ ਹੈ ਕਿਉਂਕਿ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਨਹੀਂ ਰਹੇ ਉਨ੍ਹਾਂ ਦੱਸਿਆ ਕਿ ਸਰਦੂਲ ਸਿਕੰਦਰ ਨੇ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਨਾਲ ਸਾਜਿੰਦੇ (ਸਾਜ਼ੀ) ਵਜੋਂ ਵੀ ਕੰਮ ਕੀਤਾ ਸੀ ਬਰਾੜ ਨੇ ਆਖਿਆ ਕਿ ਉਨ੍ਹਾਂ ਨੂੰ ਮਿਲਣ ਦਾ ਕਾਫੀ ਸਮਾਂ ਮਿਲਦਾ ਰਿਹਾ ਹੈ ਸਰਦੂਲ ਸਿਕੰਦਰ ਇੱਕ ਨੇਕ ਦਿਲ ਤੇ ਮਿਹਨਤੀ ਇਨਸਾਨ ਸੀ ਉਹ ਆਪਣੀ ਮਿਹਨਤ ਦੇ ਸਿੱਟੇ ਵਜੋਂ ਹੀ ਅਜਿਹੇ ਕਲਾਕਾਰ ਬਣੇ ਤੇ ਕਰੋੜਾਂ ਸਰੋਤਿਆਂ ਦੇ ਦਿਲਾਂ ’ਤੇ ਰਾਜ ਕੀਤਾ ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਚਰਨਾਂ ’ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਗੀਤਕਾਰ ਮਨਪ੍ਰੀਤ ਟਿਵਾਣਾ ਤਾਂ ਸਰਦੂਲ ਸਿਕੰਦਰ ਦੇ ਵਿਛੋੜੇ ਦੀ ਖ਼ਬਰ ਸੁਣਕੇ ਇਸ ਕਦਰ ਸੋਗ ’ਚ ਡੁੱਬ ਗਏ ਕਿ ਜ਼ਿਆਦਾ ਬੋਲਣ ਤੋਂ ਅਸਮਰਥਾ ਪ੍ਰਗਟਾ ਦਿੱਤੀ ਉਨ੍ਹਾਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸਰਦੂਲ ਸਿਕੰਦਰ ਨਾਲ ਬਿਤਾਏ ਪਲਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਸਰਦੂਲ ਸਿਕੰਦਰ ਉਨ੍ਹਾਂ (ਟਿਵਾਣਾ) ਦੇ ਮੋਢੇ ’ਤੇ ਹੱਥ ਰੱਖਕੇ ਕਾਫੀ ਦੂਰ ਤੱਕ ਤੁਰੇ ਗਏ ਟਿਵਾਣਾ ਨੇ ਆਖਿਆ ਕਿ ਉਨ੍ਹਾਂ ਨੇ ਜ਼ਿੰਦਗੀ ’ਚ ਬਹੁਤ ਸੰਘਰਸ਼ ਕੀਤਾ ਤੇ ਸੰਘਰਸ਼ ਸਦਕਾ ਆਪਣਾ ਨਾਂਅ ਕਮਾਇਆ ਉਨ੍ਹਾਂ ਦੱਸਿਆ ਕਿ ਬੇਸ਼ੱਕ ਸਰਦੂਲ ਸਿਕੰਦਰ ਹੁਰਾਂ ਨੇ ਉਨ੍ਹਾਂ ਦਾ ਲਿਖਿਆ ਕੋਈ ਗੀਤ ਨਹੀਂ ਗਾਇਆ ਸੀ ਪਰ ਉਨ੍ਹਾਂ ਨਾਲ ਸਾਂਝ ਬਹੁਤ ਸੀ ਆਉਣ ਵਾਲੇ ਦਿਨਾਂ ’ਚ ਗੀਤ ਵੀ ਕਰਨਾ ਸੀ ਤੇ ਇੱਕ ਇੰਟਰਵਿਊ ਬਾਰੇ ਵੀ ਰੂਪਰੇਖਾ ਤੈਅ ਕੀਤੀ ਸੀ ਪਰ ਉਨ੍ਹਾਂ ਦੇ ਤੁਰ ਜਾਣ ਨਾਲ ਇਹ ਅੱਧਵਾਟੇ ਰਹਿ ਗਿਆ
ਪੰਜਾਬੀ ਗਾਇਕ ਬਲਕਾਰ ਸਿੱਧੂ ਦਾ ਕਹਿਣਾ ਹੈ ਕਿ ਸਰਦੂਲ ਸਿਕੰਦਰ ਵਰਗੇ ਕਲਾਕਾਰ ਹਜ਼ਾਰਾਂ ਸਾਲਾਂ ਬਾਅਦ ਲੱਖਾਂ ਮੀਲਾਂ ’ਤੇ ਅਤੇ ਕਰੋੜਾਂ ਲੋਕਾਂ ’ਚੋਂ ਇੱਕ ਪੈਦਾ ਹੁੰਦੇ ਨੇ ਉਨ੍ਹਾਂ ਕਿਹਾ ਕਿ ਸਰਦੂਲ ਸਿਕੰਦਰ ਇੱਕ ਮਹਾਨ ਗਵੱਈਏ ਸਨ ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਸੰਗੀਤਕ ਜਗਤ ਨੂੰ ਅਤੇ ਉਨ੍ਹਾਂ ਦੀ ਪਤਨੀ ਗਾਇਕਾ ਅਮਰ ਨੂਰੀ ਸਮੇਤ ਸਮੁੱਚੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਨ੍ਹਾਂ ਕਿਹਾ ਕਿ ਜੇ ਉਹ ਹੋਰ ਜ਼ਿੰਦਗੀ ਜਿਉਂਦੇ ਤਾਂ ਉਹ ਅਨੇਕਾਂ ਹੋਰ ਗੀਤ ਸੰਗੀਤ ਜਗਤ ਦੀ ਝੋਲੀ ਪਾਉਣੇ ਸਨ
ਪੰਜਾਬੀ ਫਿਲਮ ਪ੍ਰੋਡਿਊਸਰ ਅਤੇ ਐਕਟਰ ਮਲਕੀਤ ਬੁੱਟਰ ਨੇ ਦੱਸਿਆ ਕਿ ਸਰਦੂਲ ਸਿਕੰਦਰ ਬਹੁਤ ਹੱਸਮੁਖ ਸੁਭਾਅ ਦੇ ਮਾਲਕ ਸੀ। ਉਹ ਹਰ ਕਿਸੇ ਨੂੰ ਪੂਰੇ ਸਤਿਕਾਰ ਨਾਲ ਮਿਲਦੇ ਸੀ। ਉਹ ਕਈ ਵਾਰ ਉਨ੍ਹਾਂ ਨੂੰ ਮਿਲੇ ਅਤੇ ਇੱਕ ਵਾਰ ਉਨ੍ਹਾਂ ਦੇ ਘਰ ਰਾਤ ਰਹੇ ਤਾਂ ਪੂਰੇ ਪਰਿਵਾਰ ਨਾਲ ਮਿਲਕੇ ਗੱਲਾਂਬਾਤਾਂ ਕੀਤੀਆਂ ਉਨ੍ਹਾਂ ਨਾਲ ਗੱਲਾਂਬਾਤਾਂ ਦੌਰਾਨ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸਵੇਰ ਦੇ ਚਾਰ ਵੱਜ ਗਏ ਉਨ੍ਹਾਂ ਦੇ ਵਿਛੋੜੇ ਨਾਲ ਪਰਿਵਾਰ ਅਤੇ ਸੰਗੀਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਚਰਨਾਂ ’ਚ ਨਿਵਾਸ ਬਖਸ਼ੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.