ਪੁਲਿਸ ਵੱਲੋਂ ਸਵੇਰੇ ਹੀ ਕੀਤਾ ਗਿਆ ਪੇਸ਼, ਸੁਰੱਖਿਆ ਦੇ ਸਖਤ ਪ੍ਰਬੰਧ
ਪਟਿਆਲਾ, ਖੁਸ਼ਵੀਰ ਸਿੰਘ ਤੂਰ
ਡੇਰਾ ਸਰਧਾਲੂ ਮਹਿੰਦਰਪਾਲ ਬਿੱਟੂ ਇੰਸਾਂ ਦੇ ਕਤਲ ਮਾਮਲੇ ਵਿੱਚ ਸ਼ਾਮਲ ਪੰਜੇ ਮੁਲਜ਼ਮਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਅੱਜ ਉਨ੍ਹਾਂ ਨੂੰ ਮੁੜ ਦੋ ਦਿਨਾਂ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਬਿੱਟੂ ਕਤਲ ਕਾਂਡ ਵਿੱਚ ਨਾਮਜ਼ਦ ਮੁਲਜ਼ਮਾਂ ਗੁਰਸੇਵਕ ਸਿੰਘ ਚਰਹੇੜੀ, ਮਨਿੰਦਰ ਸਿੰਘ ਭਗੜਾਣਾ, ਲਖਵੀਰ ਸਿੰਘ ਸਲਾਣਾ, ਹਰਪ੍ਰੀਤ ਸਿੰਘ ਨਾਗਰਾ ਤੇ ਜਸਪ੍ਰੀਤ ਸਿੰਘ ਨਿਹਾਲਾ ਵਾਸੀ ਤ੍ਰਿਪੜੀ ਪਟਿਆਲਾ ਨੂੰ ਅੱਜ ਪੰਜ ਦਿਨਾਂ ਰਿਮਾਂਡ ਖਤਮ ਹੋਣ ‘ਤੇ ਸਵੇਰੇ 9 ਵਜੇ ਦੇ ਕਰੀਬ ਹੀ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਪੇਸ਼ ਕਰਨ ਮੌਕੇ ਅਦਾਲਤ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ ਅਤੇ ਕਿਸੇ ਨੂੰ ਇਸ ਪਾਸੇ ਜਾਣ ਦੀ ਇਜਾਜਤ ਨਹੀਂ ਸੀ।
ਪੁਲਿਸ ਵੱਲੋਂ ਅੱਜ ਮੁੜ ਇਨ੍ਹਾਂ ਦੇ ਪੰਜਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਤਾ ਅਦਾਲਤ ਵੱਲੋਂ ਇਨ੍ਹਾਂ ਪੰਜਾਂ ਮੁਲਜ਼ਮਾਂ ਨੂੰ ਦੋ ਦਿਨਾਂ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਬਿੱਟੂ ਦੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਲਈ ਸੀਆਈਏ ਸਟਾਫ਼ ਪਟਿਆਲਾ ਵੱਲੋਂ ਇਨ੍ਹਾਂ ਪੰਜਾਂ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਂਜ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਸਬੰਧੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਸੂਤਰਾਂ ਅਨੁਸਾਰ ਪੁਲਿਸ ਬਿੱਟੂ ਕਤਲ ਕਾਂਡ ਦੀ ਸਾਜਿਸ਼ ਕਈ ਮਹੀਨੇ ਪਹਿਲਾਂ ਹੀ ਘੜ ਲਈ ਗਈ ਸੀ ਅਤੇ ਇਸ ਦਾ ਮਾਸਟਰ ਮਾਈਂਡ ਨਿਹਾਲਾ ਦੱਸਿਆ ਜਾ ਰਿਹਾ। ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਕੁਝ ਦਿਨਾਂ ਬਾਅਦ ਸਾਰੇ ਮਾਮਲੇ ਨੂੰ ਉਜਾਗਰ ਕਰਨਗੇ।
ਦੱਸਣਯੋਗ ਹੈ ਕਿ ਇਸ ਕਾਂਡ ਵਿੱਚ ਨਾਮਜਦ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ 22 ਜੂਨ ਨੂੰ ਨਾਭਾ ਜੇਲ੍ਹ ‘ਚੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਇਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਜੇਲ੍ਹ ਅੰਦਰੋਂ ਹੀ ਲਖਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ 24 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਕੈਂਦੀ ਜਸਪ੍ਰੀਤ ਸਿੰਘ ਉਰਫ਼ ਨਿਹਾਲਾ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਪੰਜੇ ਮੁਲਜ਼ਮਾਂ ਦਾ 27 ਜੂਨ ਤੱਕ ਰਿਮਾਂਡ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।