ਮੋਦੀ ਨੇ ਜ਼ੇਲੇਂਸਕੀ ਨਾਲ ਗੱਲਬਾਤ ਦੌਰਾਨ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਸਹਿਯੋਗ ਮੰਗਿਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਨਾਲ ਕਰੀਬ 35 ਮਿੰਟ ਦੀ ਟੈਲੀਫੋਨ ਗੱਲਬਾਤ ‘ਚ ਯੂਕਰੇਨ ‘ਚ ਉਭਰ ਰਹੇ ਹਾਲਾਤ ‘ਤੇ ਚਰਚਾ ਕੀਤੀ ਅਤੇ ਵੱਖ-ਵੱਖ ਸ਼ਹਿਰਾਂ ‘ਚ ਫਸੇ ਭਾਰਤੀ ਨਾਗਰਿਕਾਂ ਖਾਸ ਕਰਕੇ ਸੁਮੀ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਲਗਾਤਾਰ ਯਤਨਾਂ ਨੂੰ ਯੂਕਰੇਨ ਦੀ ਹਮਾਇਤ ਲਗਾਤਾਰ ਜਾਰੀ ਰੱਖਣ ਦੀ ਮੰਗ ਕੀਤੀ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਇਸ ਗੱਲਬਾਤ ਵਿੱਚ ਮੋਦੀ ਨੇ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੀ ਮੱਦਦ ਲਈ ਜ਼ੇਲੇਂਸਕੀ ਦਾ ਧੰਨਵਾਦ ਕੀਤਾ। ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਦੌਰਾਨ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਸਿੱਧੀ ਗੱਲਬਾਤ ਦੀ ਵੀ ਸ਼ਲਾਘਾ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਸੋਮਵਾਰ ਦੁਪਹਿਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਗੱਲਬਾਤ ਕਰਨਗੇ। ਇਸ ਦੌਰਾਨ ਰੂਸ ਨੇ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਅੱਜ ਦੁਪਹਿਰ 12.30 ਵਜੇ ਤੋਂ ਜੰਗਬੰਦੀ ਦਾ ਐਲਾਨ ਕੀਤਾ ਹੈ।
ਯੂਕਰੇਨ-ਰੂਸ ਸੰਘਰਸ਼ ਦੇ ਗੰਭੀਰ ਆਰਥਿਕ ਨਤੀਜੇ: ਆਈਐਮਐਫ
ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਨੇ ਕਿਹਾ ਕਿ ਯੂਕਰੇਨ ਵਿੱਚ ਚੱਲ ਰਹੀ ਲੜਾਈ ਅਤੇ ਰੂਸ ਉੱਤੇ ਆਰਥਿਕ ਪਾਬੰਦੀਆਂ ਦਾ ਵਿਸ਼ਵ ਅਰਥਵਿਵਸਥਾ ਉੱਤੇ ਗੰਭੀਰ ਪ੍ਰਭਾਵ ਪਵੇਗਾ। ਮੁਦਰਾ ਫੰਡ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਲਗਾਤਾਰ ਵਿਕਾਸਸ਼ੀਲ ਸਥਿਤੀ ਦਾ ਮੁਲਾਂਕਣ ਕਰ ਰਹੇ ਹਾਂ ਅਤੇ ਸਾਡੇ ਮੈਂਬਰ ਦੇਸ਼ਾਂ ਨੂੰ ਸਮੇਂ ਸਿਰ ਨੀਤੀਗਤ ਸਲਾਹ, ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। IMF ਦੀ ਪ੍ਰਬੰਧਕੀ ਨਿਰਦੇਸ਼ਕ ਕ੍ਰਿਸਟਾਲੀਨਾ ਜਾਰਜੀਵਾ ਦੀ ਪ੍ਰਧਾਨਗੀ ’ਚ ਇਸ ਵਿਸ਼ਵ ਵਿੱਤੀ ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਬੋਰਡ ਦੀ ਵਾਸ਼ਿੰਗਟਨ ਵਿਚ ਇਕ ਬੈਠਕ ਵਿਚ ਜਾਰੀ ਇਕ ਬਿਆਨ ਵਿਚ ਕਿਹਾ ਕਿ ਯੂਕਰੇਨ ਵਿਚ ਜੰਗ ਨਾਲ ਲੋਕਾਂ ਦੀ ਕੀਮਤੀ ਜ਼ਿੰਦਗੀ ਜਾ ਰਹੀ ਹੈ। ਯੂਕਰੇਨ ਵਿੱਚ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇੱਕ ਮਿਲੀਅਨ ਤੋਂ ਵੱਧ ਲੋਕ ਸ਼ਰਨਾਰਥੀ ਵਜੋਂ ਦੂਜੇ ਦੇਸ਼ਾਂ ਵਿੱਚ ਭੱਜ ਗਏ ਹਨ ਅਤੇ ਰੂਸ ਦੇ ਵਿਰੁੱਧ ਬੇਮਿਸਾਲ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ।