ਟਰੇਡ ਯੂਨੀਅਨਾਂ ਨੇ ਚਾਰ ਕੋਡ ਬਿੱਲਾਂ ਦੀਆਂ ਕਾਪੀਆਂ ਸਾੜੀਆਂ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਇੰਟਕ- ਏਟਕ- ਸੀਟੂ – ਸੀ ਟੀ ਯੂ ਵੱਲੋਂ ਚਾਰ ਲੇਬਰ ਕੋਡ ਬਿੱਲਾਂ ਜਿਵੇਂ ਕਿ ਸਮਾਜਿਕ ਸੁਰੱਖਿਆ ‘ਤੇ ਕੋਡ 2020, ਉਦਯੋਗਿਕ ਸੰਬੰਧ ਕੋਡ 2020, ਤਨਖਾਹਾਂ ‘ਤੇ ਕੋਡ 2020 ਅਤੇ ਕਿੱਤਾਮੁਖੀ, ਸੁਰੱਖਿਆ, ਸਿਹਤ ਅਤੇ ਕਾਰਜਕਾਰੀ ਹਾਲਤਾਂ ਦਾ ਕੋਡ 2020 ਦੀਆਂ ਕਾਪੀਆਂ ਸਾੜੀਆਂ ਗਈਆਂ । ਇਹ ਲਾ ਕੇ ਉਨ੍ਹਾਂ ਦੇ ਕਾਰਕੁਨ ਵੱਡੀ ਗਿਣਤੀ ਵਿਚ ਭਾਰਤ ਨਗਰ ਚੌਕ ਦੇ ਕੋਲ ਪੰਜਾਬੀ ਭਵਨ ਦੇ ਬਾਹਰ ਸੜਕ ਤੇ ਇਕੱਠੇ ਹੋਏ, ਜਿੱਥੇ ਪਹਿਲਾਂ ਉਹਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਵਿੱਚ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਥੱਲੇ ਸੈੰਕੜੇ ਸਾਲ ਪੁਰਾਣੇ ਕਾਨੂੰਨ ਜੋ ਮਜ਼ਦੂਰਾਂ ਤੇ ਮੁਲਾਜ਼ਮਾਂ ਨੇ ਬੜੇ ਸੰਘਰਸ਼ਾਂ ਤੋਂ ਬਾਅਦ ਬਣਵਾਏ ਸਨ, ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਜਦੂਰਾਂ ਦੇ 40 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਕੋਡਾਂ ਵਿੱਚ ਬਦਲਿਆ ਜਾ ਰਿਹਾ ਹੈ ਜਿਸ ਦਾਲ ਮਜ਼ਦੂਰਾਂ ਨੂੰ ਯੂਨੀਅਨਾਂ ਬਣਾਉਣ ਦਾ ਅਧਿਕਾਰ, ਪ੍ਰੋਟੈਸਟ ਕਰਨ ਦਾ ਅਧਿਕਾਰ, ਮਹਿੰਗਾਈ ਭੱਤਾ , ਅੰਤਰਰਾਸ਼ਟਰੀ ਸਟੈਂਡਰਡ ਦੇ ਮੁਤਾਬਕ ਕੰਮ ਦੇ ਘੰਟੇ ਅਤੇ ਹੋਰ ਹਾਸਲ ਕੀਤੀਆਂ ਹੋਈਆਂ ਸਹੂਲਤਾਂ ਤੋਂ ਵਾਂਝੇ ਕਰ ਦਿੱਤਾ ਜਾਵੇਗਾ
ਪਹਿਲੀ ਫਰਵਰੀ ਨੂੰ ਪੇਸ਼ ਕੀਤੇ ਗਏ ਬਜਟ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਇਹ ਬਜਟ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪੁਚਾਉਣ ਅਤੇ ਗਰੀਬ ਅਤੇ ਆਮ ਨਾਗਰਿਕ ਦੇ ਕਚੂੰਮਰ ਕੱਢਣ ਵਾਲਾ ਬਜਟ ਹੈ। ਸਰਕਾਰ ਆਪਣੇ ਨਿਜੀਕਰਨ ਦੇ ਏਜੰਡੇ ਨੂੰ ਨੰਗੇ ਚਿੱਟੇ ਤੌਰ ਤੇ ਲਾਗੂ ਕਰ ਰਹੀ ਹੈ ਅਤੇ ਸਰਕਾਰੀ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ। ਬੁਲਾਰਿਆਂ ਨੇ ਪਿਛਲੇ ਛੇ ਮਹੀਨੇ ਤੋਂ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਜੋ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਵਾਪਸ ਕਰਵਾਉਣ ਲਈ ਚੱਲ ਰਿਹਾ ਹੈ, ਦਾ ਸਮਰਥਨ ਵੀ ਕੀਤਾ ।
ਉਨ੍ਹਾਂ ਨੇ ਬਿਜਲੀ ਬਿਲ 2020 ਵਾਪਸ ਲੈਣ ਲਈ ਕਿਹਾ। ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵਧ ਰਹੀਆਂ ਕੀਮਤਾਂ ਤੇ ਚਿੰਤਾ ਪ੍ਰਗਟ ਕੀਤੀ ਗਈ । ਹੋਰਨਾਂ ਤੋਂ ਇਲਾਵਾ ਚਰਨ ਸਿੰਘ ਸਰਾਭਾ, ਗੁਰਜੀਤ ਸਿੰਘ ਜਗਪਾਲ , ਰਮੇਸ਼ ਰਤਨ, ਬਲਦੇਵ ਮੋਦਗਿਲ,ਗੁਰਮੇਲ ਮੇਲਡੇ, ਵਿਜੇ ਕੁਮਾਰ, ਚਮਕੌਰ ਸਿੰਘ ,ਐਮ ਐਸ ਭਾਟੀਆ, ਪਰਮਜੀਤ ਸਿੰਘ, ਤਿਲਕ ਰਾਜ ਡੋਗਰਾ , ਕੇਵਲ ਸਿੰਘ ਬਨਵੈਤ, ਬਲਰਾਮ,ਰਛਪਾਲ ਸਿੰਘ ਅਤੇ ਸੁਰਿੰਦਰ ਸਿੰਘ ਬੈਂਸ ਨੇ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.