ਡਿਫੈਂਸ ਅਤੇ ਸਿਵਲ ਪੁਲਿਸ ਮਿਲ ਕੇ ਕਰੇਗੀ ਲੋਕਾਂ ਦੀ ਸੁਰੱਖਿਆ
Punjab Mock Drill: (ਅਸ਼ਵਨੀ ਚਾਵਲਾ) ਚੰਡੀਗੜ੍ਹ। ਸ੍ਰੀਨਗਰ ਦੇ ਪਹਿਲਗਾਮ ਵਿਖੇ ਹੋਏ ਹਮਲੇ ਤੋਂ ਬਾਅਦ ਬੁੱਧਵਾਰ ਨੂੰ ਦੇਸ਼ ਭਰ ਦੇ ਨਾਲ-ਨਾਲ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਇਸ ਦੀ ਤਿਆਰੀ ਕਰ ਲਈ ਗਈ ਹੈ ਅਤੇ ਮੰਗਲਵਾਰ ਨੂੰ ਸਾਰਾ ਹੀ ਦਿਨ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਇਸ ਮੌਕ ਡ੍ਰਿਲ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ ਰੱਖਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਮੌਜ਼ੂਦ ਫੌਜ ਅਤੇ ਪੁਲਿਸ ਵੱਲੋਂ ਮਿਲ ਕੇ ਹੀ ਇਸ ਮੌਕ ਡ੍ਰਿਲ ਨੂੰ ਕੀਤਾ ਜਾਵੇਗਾ, ਜਦੋਂ ਕਿ ਸਿਵਲ ਪ੍ਰਸ਼ਾਸਨ ਵੱਲੋਂ ਇਸ ਮੌਕ ਡ੍ਰਿਲ ਦੀ ਨਿਗਰਾਨੀ ਕੀਤੀ ਜਾਵੇਗੀ। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਸ ਸਮੇਂ ਦੇਸ਼ ਇੱਕਜੁੱਟ ਹੈ ਅਤੇ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ ਕਰਵਾਉਣ ਲਈ ਗ੍ਰਹਿ ਵਿਭਾਗ ਵੱਲੋਂ ਆਦੇਸ਼ ਜਾਰੀ ਕੀਤੇ ਹੋਏ ਹਨ ਤਾਂ ਸਰਕਾਰ ਵੀ ਬਹੁਤ ਨੇੜੇ ਤੋਂ ਇਸ ਮੌਕ ਡ੍ਰਿਲ ਨੂੰ ਵੇਖ ਰਹੀ ਹੈ।
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀ ਅਤੇ ਡਿਪਟੀ ਕਮਿਸ਼ਨਰਾਂ ਨੇ ਸੰਭਾਲੀ ਕਮਾਨ
ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਮੌਕ ਡ੍ਰਿਲ ਵਿੱਚ ਦੇਖਿਆ ਜਾਵੇਗਾ ਕਿ ਵਾਰਨਿੰਗ ਅਲਾਰਮ ਸਿਸਟਮ ਸ਼ੁਰੂ ਹੋਣ ਤੋਂ ਬਾਅਦ ਆਮ ਜਨਤਾ ਕਿੰਨੀ ਜ਼ਿਆਦਾ ਅਲਰਟ ਹੈ ਅਤੇ ਪੰਜਾਬ ਵਿੱਚ ਚੱਲ ਰਹੇ ਕੰਟਰੋਲ ਰੂਮ ਦੀ ਸਥਿਤੀ ਅਤੇ ਵਰਕਿੰਗ ਕਿਸ ਤਰ੍ਹਾਂ ਚੱਲ ਰਹੀ ਹੈ। ਇਸ ਨਾਲ ਹੀ ਹਮਲੇ ਦੀ ਸਥਿਤੀ ਵਿੱਚ ਆਮ ਲੋਕਾਂ ਨੂੰ ਕਿਸ ਤਰੀਕੇ ਨਾਲ ਸੁਰੱਖਿਅਤ ਥਾਂਵਾਂ ’ਤੇ ਲੈ ਕੇ ਜਾਣਾ ਹੈ, ਇਸ ਲਈ ਪੁਲਿਸ ਦੀ ਮੌਕ ਡ੍ਰਿਲ ਹੋਣੀ ਜ਼ਰੂਰੀ ਹੈ। ਇਸ ਲਈ ਬਕਾਇਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੇ ਆਦੇਸ਼ਾਂ ’ਤੇ ਸੁਰੱਖਿਆ ਪਲਾਨ ਤਿਆਰ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਇਸ ਨੂੰ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Airports in North India: ਉੱਤਰ ਭਾਰਤ ’ਚ ਕਈ ਹਵਾਈ ਅੱਡੇ ਬੰਦ, ਏਅਰਲਾਈਨ ਨੇ ਜਾਰੀ ਕੀਤੀ ਐਡਵਾਇਜਰੀ
ਪਾਕਿਸਤਾਨ ਦਾ ਗੁਆਂਢੀ ਸੂਬਾ ਹੋਣ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੀ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਪੰਜਾਬ ਦੇ 20 ਜ਼ਿਲ੍ਹਿਆਂ ਨੂੰ ਮੌਕ ਡ੍ਰਿਲ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਲਗਭਗ 500 ਕਿਲੋਮੀਟਰ ਦੇ ਦਾਇਰੇ ਵਿੱਚ ਇਹ ਮੌਕ ਡ੍ਰਿਲ ਹੋਵੇਗੀ। ਮਾਹਿਰਾਂ ਅਨੁਸਾਰ ਯੁੱਧ ਦੌਰਾਨ ਸਿਵਲ ਡਿਫੈਂਸ ਆਮ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਅਤੇ ਜ਼ਰੂਰੀ ਸਮਾਨ ਦੀ ਸੁਚਾਰੂ ਸਪਲਾਈ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਗ੍ਰਹਿ ਮੰਤਰਾਲੇ ਵੱਲੋਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਪੱਤਰ ਅਨੁਸਾਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਰਾਹੀਂ ਸਿਵਲ ਡਿਫੈਂਸ ਨੂੰ ਪੂਰੀ ਤਰ੍ਹਾਂ ਚੁਸਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਅਭਿਆਸ ਪਿੰਡ ਪੱਧਰ ਤੱਕ ਹੋਵੇਗਾ। Punjab Mock Drill
ਚੰਡੀਗੜ੍ਹ ’ਚ ਵਜੇਗਾ 7:30 ’ਤੇ ਅਲਾਰਮ, ਹਨ੍ਹੇਰੇ ਵਿੱਚ ਡੁੱਬ ਜਾਵੇਗਾ ਸ਼ਹਿਰ
ਦੇਸ਼ ਭਰ ਵਿੱਚ ਹੋ ਰਹੀ ਮੌਕ ਡ੍ਰਿਲ ਵਿੱਚ ਸਿਟੀ ਬਿਊਟੀਫੂਲ ਚੰਡੀਗੜ੍ਹ ਵੀ ਸ਼ਾਮਲ ਹੋ ਰਿਹਾ ਹੈ। ਚੰਡੀਗੜ੍ਹ ਸ਼ਹਿਰ ਵਿੱਚ ਦਿਨ ਵਿੱਚ ਮੌਕ ਡ੍ਰਿਲ ਚਲਣ ਦੇ ਨਾਲ ਹੀ ਦੇਰ ਸ਼ਾਮ 7:30 ’ਤੇ ਅਲਾਰਮ ਵੱਜੇਗਾ ਅਤੇ ਪੂਰੇ ਸ਼ਹਿਰ ਵਿੱਚ ਲਾਈਟ ਬੰਦ ਹੁੰਦੇ ਹੋਏ ਸ਼ਹਿਰ ਹਨੇ੍ਹਰੇ ਵਿੱਚ ਡੁੱਬ ਜਾਵੇਗਾ। ਹਾਲਾਂਕਿ ਚੰਡੀਗੜ੍ਹ ਵਿਖੇ ਲਾਈਟ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬੰਦ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਚੰਡੀਗੜ੍ਹ ਦੇ ਆਮ ਲੋਕਾਂ ਨੂੰ ਖ਼ੁਦ ਹੀ ਆਪਣੇ ਘਰਾਂ ਅਤੇ ਦੁਕਾਨਾਂ ਦੀ ਲਾਈਟ ਨੂੰ ਬੰਦ ਕਰਨੀ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਵਪਾਰ ਮੰਡਲ ਨੂੰ ਵੀ ਬੇਨਤੀ ਕੀਤੀ ਹੈ ਕਿ 10 ਮਿੰਟ ਲਈ ਸਾਰੀਆਂ ਦੁਕਾਨਾਂ ਅਤੇ ਮਾਲਜ਼ ਦੀਆਂ ਲਾਈਟਾਂ ਨੂੰ ਵੀ ਬੰਦ ਕੀਤਾ ਜਾਵੇ। ਇਸ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲ ਸ਼ਾਮਲ ਨਹੀਂ ਹੋਣਗੇ, ਕਿਉਂਕਿ ਮਰੀਜ਼ਾਂ ਨੂੰ ਹਨੇ੍ਹੇਰੇ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ।
ਡੋਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੁਰੱਖਿਆ ਤਿਆਰੀਆਂ ਬਾਰੇ ਦਿੱਤੀ ਜਾਣਕਾਰੀ
ਨਵੀਂ ਦਿੱਲੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਮੰਗਲਵਾਰ ਨੂੰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੌਜ਼ੂਦਾ ਤਿਆਰੀਆਂ ਅਤੇ ਸਥਿਤੀ ਬਾਰੇ ਜਾਣਕਾਰੀ ਦਿੱਤੀ। ਡੋਵਾਲ ਦੀ ਪ੍ਰਧਾਨ ਮੰਤਰੀ ਨਾਲ ਇਹ ਦੂਜੀ ਮੁਲਾਕਾਤ ਲੱਗਭੱਗ 40 ਮਿੰਟ ਚੱਲੀ। ਇਸ ਮੀਟਿੰਗ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਡੋਵਾਲ ਅਤੇ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨੇ ਵੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ 22 ਅਪਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦਿੱਤੀ ਸੀ। ਇਸ ਹਮਲੇ ਵਿੱਚ 26 ਸੈਲਾਨੀ ਮਾਰੇ ਗਏ ਸਨ।
ਮੌਕ ਡ੍ਰਿਲ ਵਿੱਚ ਹੋਵੇਗਾ ਇਹ ਸਭ | Punjab Mock Drill
1. ਹਵਾਈ ਹਮਲਿਆਂ ਦੌਰਾਨ ਚਿਤਾਵਨੀ ਸਾਇਰਨ ਵੱਜਣਾ
2. ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਬਚਾਅ ਲਈ ਸਿਵਲ ਡਿਫੈਂਸ ਸਿਖਲਾਈ ਪ੍ਰਦਾਨ ਕਰਨਾ।
3. ਬਲੈਕਆਊਟ ਦਾ ਅਰਥ ਹੈ ਬਿਜਲੀ ਬੰਦ ਕਰਨਾ ਤਾਂ ਜੋ ਦੁਸ਼ਮਣ ਦੇਖ ਨਾ ਸਕੇ।
4. ਹਮਲੇ ਦੌਰਾਨ ਪਲਾਂਟ ਅਤੇ ਅਦਾਰਿਆਂ ਵਿੱਚ ਲੁਕਣ ਲਈ ਉਪਾਅ ਕਰਨੇ।
5. ਲੋਕਾਂ ਲਈ ਇੱਕ ਨਿਕਾਸੀ ਯੋਜਨਾ ਬਣਾਉਣਾ, ਉਸ ਦਾ ਅਭਿਆਸ ਕਰਨਾ।