ਸਰਕਾਰੀ ਖਜ਼ਾਨੇ ’ਚੋਂ ਨਹੀਂ, ਵਿਧਾਇਕ ਆਪਣੀ ਜੇਬ੍ਹ ’ਚੋਂ ਭਰਨਗੇ ਟੈਕਸ, ਭਗਵੰਤ ਮਾਨ ਸੋਮਵਾਰ ਨੂੰ ਕਰ ਸਕਦੈ ਐਲਾਨ

taxes

ਸੋਮਵਾਰ ਦੀ ਕੈਬਨਿਟ ਵਿੱਚ ਆ ਸਕਦੈ ਖਰੜਾ, ਸਰਕਾਰ ਵੱਲੋਂ ਇਕੱਠੀ ਕੀਤੀ ਜਾ ਰਹੀ ਐ ਜਾਣਕਾਰੀ 

  • ਆਪ ਸਰਕਾਰ ਵੱਲੋਂ ਲਿਆ ਗਿਆ ਫੈਸਲਾ, ਕਾਨੂੰਨ ਵਿੱਚ ਫੇਰਬਦਲ ਕਰਨ ਦੀ ਕਾਰਵਾਈ ਸ਼ੁਰੂ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ’ਤੇ ਲੱਗਣ ਵਾਲੇ ਟੈਕਸ ਨੂੰ ਹੁਣ ਸੂਬਾ ਸਰਕਾਰ ਆਪਣੇ ਖਜਾਨੇ ਵਿੱਚੋਂ ਨਹੀਂ ਭਰੇਗੀ, ਸਗੋਂ ਵਿਧਾਇਕਾਂ ਨੂੰ ਆਪਣਾ ਟੈਕਸ ਵੀ ਖ਼ੁਦ ਹੀ ਭਰਨਾ ਪਵੇਗਾ। ਜਿਸ ਨਾਲ ਵਿਧਾਇਕਾਂ ਨੂੰ ਵੀ ਆਮ ਆਦਮੀ ਹੋਣ ਦੇ ਅਹਿਸਾਸ ਹੋਵੇਗਾ, ਕਿਉਂਕਿ ਦੇਸ਼ ਭਰ ਵਿੱਚ ਆਮ ਆਦਮੀ ਖ਼ੁਦ ਆਪਣੀ ਕਮਾਈ ਦਾ ਟੈਕਸ ਭਰਦਾ ਹੈ, ਪਰ ਪੰਜਾਬ ਵਿੱਚ ਵਿਧਾਇਕਾਂ ਨੂੰ ਖ਼ਾਸ ਆਦਮੀ ਦਾ ਦਰਜਾ ਦਿੰਦੇ ਹੋਏ ਉਨ੍ਹਾਂ ਦਾ ਟੈਕਸ ਪੰਜਾਬ ਸਰਕਾਰ ਦੇ ਖਜਾਨੇ ਵਿੱਚੋਂ ਭਰਿਆ ਜਾਂਦਾ ਸੀ। ਹੁਣ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੈਸਲਾ ਕਰ ਲਿਆ ਗਿਆ ਹੈ ਕਿ ਟੈਕਸ ਖ਼ੁਦ ਹੀ ਵਿਧਾਇਕਾਂ ਨੂੰ ਭਰਨਾ ਪਵੇਗਾ। ਇਸ ਸਬੰਧੀ ਮੁੱਖ ਮੰਤਰੀ ਸੋਮਵਾਰ ਨੂੰ ਬਾਅਦ ਦੁਪਹਿਰ ਇਸ ਦਾ ਐਲਾਨ ਵੀ ਕਰ ਸਕਦੇ ਹਨ । ਜਾਣਕਾਰੀ ਮਿਲ ਰਹੀ ਹੈ ਕਿ ਦੁਪਹਿਰ ਨੂੰ ਹੋਣ ਵਾਲੀ ਕੈਬਨਿਟ ਵਿੱਚ ਵੀ ਇਸ ਸਬੰਧੀ ਚਰਚਾ ਹੋਵੇਗੀ ਤਾਂਕਿ ਕਾਨੂੰਨ ਵਿੱਚ ਲੋੜੀਂਦੀ ਫੇਰਬਦਲ ਕੀਤੀ ਜਾ ਸਕੇ। (MLAs Taxes Exchequer)

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਏ ਵਿਧਾਇਕਾਂ ਨੂੰ ਪੈਨਸ਼ਨ ਅਤੇ ਤਨਖ਼ਾਹ ਦੇਣ ਵਾਲੇ ਮੌਜ਼ੂਦਾ ਐਕਟ ਅਨੁਸਾਰ ਇਨ੍ਹਾਂ ਵਿਧਾਇਕਾਂ ਨੂੰ ਮਿਲਣ ਵਾਲੀ ਤਨਖ਼ਾਹ ’ਤੇ ਲੱਗਣ ਵਾਲਾ ਆਮਦਨ ਟੈਕਸ ਪੰਜਾਬ ਸਰਕਾਰ ਵੱਲੋਂ ਆਪਣੇ ਸਰਕਾਰੀ ਖਜਾਨੇ ਵਿੱਚੋਂ ਹੀ ਦਿੱਤਾ ਜਾਵੇਗਾ ਅਤੇ ਇਸ ਦਾ ਸਿੱਧੇ ਤੌਰ ’ਤੇ ਫਾਇਦਾ ਵਿਧਾਇਕਾਂ ਨੂੰ ਦਿੱਤਾ ਜਾਵੇਗਾ।

ਇਸੇ ਐਕਟ ਕਰਕੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਵਿਧਾਨ ਸਭਾ ਹਰ ਵਿਧਾਇਕ ਦੀ ਆਮਦਨ ’ਤੇ ਟੈਕਸ ਪੰਜਾਬ ਸਰਕਾਰ ਆਪਣੇ ਖਜਾਨੇ ਵਿੱਚੋਂ ਹੀ ਦਿੰਦੀ ਆ ਰਹੀ ਹੈ। ਹਾਲਾਂਕਿ ਪਿਛਲੀ ਕਾਂਗਰਸ ਸਰਕਾਰ ਦਰਮਿਆਨ ਬਤੌਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਅੰਦਰ ਵਿਧਾਇਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਆਪ ਇਸ ਟੈਕਸ ਨੂੰ ਛੱਡਣ ਦੀ ਪਹਿਲ ਕਰਨ ਪਰ ਦੋ ਵਿਧਾਇਕਾਂ ਨੂੰ ਛੱਡ ਕੇ ਬਾਕੀ ਵਿਧਾਇਕਾਂ ਨੇ ਇਸ ਅਪੀਲ ਨੂੰ ਦਰਕਿਨਾਰ ਕਰਦੇ ਹੋਏ ਜੇਬ੍ਹ ਵਿੱਚੋਂ ਆਪਣਾ ਹੀ ਆਮਦਨ ਟੈਕਸ ਭਰਨ ਤੋਂ ਇਨਕਾਰ ਕਰ ਦਿੱਤਾ।

ਅਮਰਿੰਦਰ ਸਿੰਘ ਦੀ ਅਪੀਲ ’ਤੇ ਜਿਹੜਾ ਨਹੀਂ ਹੋਇਆ ਹੈ, ਹੁਣ ਉਸ ਨੂੰ ਐਕਟ ਵਿੱਚ ਰੂਪ ਵਿੱਚ ਹੀ ਆਮ ਆਦਮੀ ਪਾਰਟੀ ਲਾਗੂ ਕਰਨਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੀ ਵਿਧਾਇਕ ਨੂੰ ਖ਼ੁਦਮੁਖ਼ਤਿਆਰ ਕਰਨ ਦੀ ਥਾਂ ’ਤੇ ਐਕਟ ਵਿੱਚ ਤਬਦੀਲੀ ਕਰਦੇ ਹੋਏ ਉਸ ਧਾਰਾ ਹੀ ਹਟਾਉਣ ਜਾ ਰਹੀ ਹੈ, ਜਿਹੜੀ ਕਿ ਆਮਦਨ ਟੈਕਸ ਸਰਕਾਰੀ ਖਜਾਨੇ ਵਿੱਚੋਂ ਭਰਨ ਦੀ ਸਹੂਲਤ ਦਿੰਦੀ ਹੈ।

ਐਕਟ ਵਿੱਚ ਤਬਦੀਲੀ ਹੁੰਦੇ ਹੀ ਸਾਰੇ ਵਿਧਾਇਕਾਂ ਨੂੰ ਆਪਣਾ ਟੈਕਸ 1 ਅਪਰੈਲ 2022 ਤੋਂ ਖ਼ੁਦ ਆਪਣੀ ਜੇਬ੍ਹ ਵਿੱਚੋਂ ਭਰਨਾ ਪਵੇਗਾ। ਇਸ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਡਾਟਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸੋਮਵਾਰ ਨੂੰ ਪੰਜਾਬ ਕੈਬਨਿਟ ਮੀਟਿੰਗ ਵਿੱਚ ਚਰਚਾ ਹੋਣ ਦੇ ਵੀ ਪੂਰੇ ਆਸਾਰ ਹਨ ਅਤੇ ਇਸ ਨੂੰ ਜਲਦ ਹੀ ਲਾਗੂ ਕੀਤਾ ਜਾਵੇਗਾ।

ਹਰ ਵਿਧਾਇਕ ਦਾ ਇੱਕ ਲੱਖ ਰੁਪਏ ਭਰਿਆ ਜਾਂਦੈ ਟੈਕਸ

ਭਗਵੰਤ ਮਾਨ ਦੇ ਇਸ ਫੈਸਲੇ ਨਾਲ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦੀ ਬੱਚਤ ਹੋਵੇਗੀ। ਪੰਜਾਬ ਵਿਧਾਨ ਸਭਾ ਵਿੱਚ ਜਿੱਤ ਕੇ ਆਉਣ ਵਾਲੇ ਹਰ ਵਿਧਾਇਕ ਦਾ ਆਮਦਨ ਟੈਕਸ ਇੱਕ ਲੱਖ ਰੁਪਏ ਦੇ ਲੱਗਭਗ ਬਣਦਾ ਹੈ ਇਸ ਸਮੇਂ ਕੈਬਨਿਟ ਮੰਤਰੀਆਂ ਨੂੰ ਛੱਡ ਕੇ 104 ਦੇ ਕਰੀਬ ਵਿਧਾਇਕਾਂ ਦਾ ਹਰ ਸਾਲ 1 ਕਰੋੜ ਦੇ ਲਗਭਗ ਟੈਕਸ ਬਣਦਾ ਹੈ।

ਭਗਵੰਤ ਮਾਨ ਸਣੇ ਕੈਬਨਿਟ ਖ਼ੁਦ ਭਰ ਰਹੀ ਐ ਆਪਣਾ ਟੈਕਸ

ਵਿਧਾਇਕਾਂ ਦਾ ਆਮਦਨ ਟੈਕਸ ਉਨ੍ਹਾਂ ਦੀ ਜੇਬ੍ਹ ਵਿੱਚੋਂ ਭਰਵਾਉਣ ਦਾ ਫੈਸਲਾ ਕਰਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਆਮਦਨ ਟੈਕਸ ਖ਼ੁਦ ਭਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਹੀ ਸਾਰੇ ਕੈਬਨਿਟ ਮੰਤਰੀ ਵੀ ਆਪਣਾ ਆਪਣਾ ਆਮਦਨ ਟੈਕਸ ਖ਼ੁਦ ਹੀ ਭਰਨਗੇ। ਇਹ ਫੈਸਲਾ ਪਿਛਲੀ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ ਅਤੇ ਉਸੇ ਫੈਸਲੇ ਨੂੰ ਅੱਗੇ ਵਧਾਉਂਦੇ ਹੋਏ ਖ਼ੁਦ ਦਾ ਟੈਕਸ ਖ਼ੁਦ ਭਗਵੰਤ ਮਾਨ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਆਪਣੀ ਜੇਬ੍ਹ ਵਿੱਚੋਂ ਹੀ ਭਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ