
Legislative Assembly Punjab: ਸਪੈਸ਼ਲ ਸੈਸ਼ਨ ਦੇ ਨਾਂਅ ਹੇਠ ਨਹੀਂ ਦਿੱਤਾ ਗਿਆ ਸੁਆਲ ਪੁੱਛਣ ਦਾ ਮੌਕਾ, ਕਾਂਗਰਸ ਕਰਦੀ ਰਹੀ ਵਿਰੋਧ
- ਹੁਣ ਕਰ ਦਿੱਤਾ ਗਿਐ ਨੌਵੇਂ ਵਿਸ਼ੇਸ਼ ਸੈਸ਼ਨ ਦਾ ਉਠਾਣ, ਸੱਤ ਮਹੀਨਿਆਂ ਬਾਅਦ ਖ਼ਤਮ ਹੋਇਆ ਵਿਸ਼ੇਸ਼ ਸੈਸ਼ਨ
Legislative Assembly Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਖ਼ਰਕਾਰ ਵਿਰੋਧੀ ਧਿਰ ਅਤੇ ਸੱਤਾਧਿਰ ਦੇ ਵਿਧਾਇਕਾਂ ਨੂੰ 7 ਮਹੀਨਿਆਂ ਬਾਅਦ ਉਹ ਮੌਕਾ ਮਿਲ ਹੀ ਗਿਆ ਹੈ, ਜਦੋਂ ਉਹ ਵਿਧਾਨ ਸਭਾ ’ਚ ਆਪਣੇ ਸੁਆਲ ਭੇਜਦੇ ਹੋਏ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਪੁੱਛ ਸਕਦੇ ਹਨ। ਪੰਜਾਬ ਵਿਧਾਨ ਸਭਾ ’ਚ ਵਿਸ਼ੇਸ਼ ਸੈਸ਼ਨ ਦੇ ਨਾਂਅ ਹੇਠ ਪਿਛਲੇ 7 ਮਹੀਨਿਆਂ ਤੋਂ ਪੰਜਾਬ ਦੇ ਵਿਧਾਇਕ ਇਸ ਹੱਕ ਤੋਂ ਵਾਂਝੇ ਹੋ ਗਏ ਸਨ, ਜਿਹੜਾ ਕਿ ਇੱਕ ਵਾਰ ਫਿਰ ਵਿਸ਼ੇਸ਼ ਸੈਸ਼ਨ ਦੇ ਉਠਾਣ ਤੋਂ ਬਾਅਦ ਵਿਧਾਇਕਾਂ ਨੂੰ ਮਿਲ ਗਿਆ ਹੈ।
ਵਿਰੋਧੀ ਧਿਰ ਕਾਂਗਰਸ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਸੁਆਲ ਅਤੇ ਮਤੇ ਨਹੀਂ ਲਾਉਣ ਕਰਕੇ ਕਾਫ਼ੀ ਵਿਰੋਧ ਵੀ ਕੀਤਾ ਗਿਆ ਪਰ ਉਨ੍ਹਾਂ ਦੇ ਵਾਕ ਆਊਟ ਤੋਂ ਇਲਾਵਾ ਹੱਥ ਪੱਲੇ ਕੁਝ ਵੀ ਨਹੀਂ ਲੱਗਿਆ। ਸੱਤਾਧਿਰ ਦੇ ਕਈ ਵਿਧਾਇਕ ਵੀ ਆਪਣੇ ਵਿਧਾਨ ਸਭਾ ਹਲਕੇ ਦਾ ਸੁਆਲ ਲਾ ਕੇ ਸਰਕਾਰ ਤੋਂ ਸੁਆਲ ਪੁੱਛਣਾ ਜ਼ਰੂਰ ਚਾਹੁੰਦੇ ਹਨ ਪਰ ਵਿਸ਼ੇਸ਼ ਸੈਸ਼ਨ ਕਰਕੇ ਉਹ ਵੀ ਆਪਣੇ ਸੁਆਲ ਪੁੱਛ ਹੀ ਨਹੀਂ ਪਾ ਰਹੇ ਸਨ।
Legislative Assembly Punjab
ਪੰਜਾਬ ਵਿਧਾਨ ਸਭਾ ਦਾ ਨੌਵਾਂ ਵਿਸ਼ੇਸ਼ ਸੈਸ਼ਨ 5 ਮਈ ਨੂੰ ਸੱਦਿਆ ਗਿਆ ਸੀ, ਜਿਹੜਾ ਕਿ 18 ਅਕਤੂਬਰ ਤੱਕ ਚਲਦਾ ਹੀ ਰਿਹਾ ਅਤੇ 18 ਅਕਤੂਬਰ 2025 ਨੂੰ ਇਸ ਵਿਸ਼ੇਸ਼ ਸੈਸ਼ਨ ਦਾ ਉਠਾਣ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸੱਤਾਧਿਰ ਨੂੰ ਬਜਟ ਅਤੇ ਸਰਦ ਰੁੱਤ ਸੈਸ਼ਨ ਤੋਂ ਇਲਾਵਾ ਕਿਸੇ ਵੀ ਸਮੇਂ ਵਿਸ਼ੇਸ਼ ਸੈਸ਼ਨ ਸੱਦਣ ਦਾ ਅਧਿਕਾਰ ਰਹਿੰਦਾ ਹੈ। ਸੱਤਾਧਿਰ ਵੱਲੋਂ ਕੈਬਨਿਟ ਵਿੱਚ ਵਿਧਾਨ ਸਭਾ ਸੈਸ਼ਨ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਪੰਜਾਬ ਦੇ ਰਾਜਪਾਲ ਤੋਂ ਇਸ ਦੀ ਇਜਾਜ਼ਤ ਲੈਣੀ ਹੁੰਦੀ ਹੈ। ਜਿਸ ਤੋਂ ਬਾਅਦ ਸੈਸ਼ਨ ਸੱਦਿਆ ਜਾ ਸਕਦਾ ਹੈ।
Read Also : ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਗਿਰਾਵਟ!
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੀਬੀਐੱਮਬੀ ਰਾਹੀਂ ਹਰਿਆਣਾ ਨੂੰ ਛੱਡੇ ਜਾਣ ਵਾਲੇ ਪਾਣੀ ਦੇ ਵਿਵਾਦ ਵਿੱਚ 5 ਮਈ 2025 ਨੂੰ ਵਿਸ਼ੇਸ਼ ਸੈਸ਼ਨ ਨੂੰ ਸੱਦਿਆ ਗਿਆ ਸੀ ਅਤੇ ਆਮ ਤੌਰ ’ਤੇ ਵਿਸ਼ੇਸ਼ ਸੈਸ਼ਨ ਦੌਰਾਨ ਮੌਕੇ ਦੇ ਅਹਿਮ ਮੁੱਦੇ ’ਤੇ ਹੀ ਗੱਲਬਾਤ ਹੁੰਦੀ ਹੈ ਅਤੇ ਪ੍ਰਸ਼ਨ ਕਾਲ ਜਾਂ ਫਿਰ ਜ਼ੀਰੋ ਕਾਲ ਦੇ ਨਾਲ ਹੀ ਵਿਧਾਇਕਾਂ ਨੂੰ ਹੋਰ ਮੁੱਦੇ ਚੁੱਕਣ ਦੀ ਇਜਾਜ਼ਤ ਨਹੀਂ ਮਿਲਦੀ। ਇਸ ਕਾਰਨ ਹੀ 5 ਮਈ ਨੂੰ ਵੀ ਇਸ ਦੌਰਾਨ ਸੱਤਾਧਿਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਪ੍ਰਸ਼ਨ ਅਤੇ ਜ਼ੀਰੋ ਕਾਲ ਨਹੀਂ ਮਿਲਿਆ ਸੀ। ਇਸ 5 ਮਈ ਦੇ ਵਿਸ਼ੇਸ਼ ਸੈਸ਼ਨ ਨੂੰ ਉਸੇ ਦਿਨ ਹੀ ਖ਼ਤਮ ਕਰਦੇ ਹੋਏ ਬੈਠਕਾਂ ਦਾ ਉਠਾਣ ਕਰਨ ਦੀ ਥਾਂ ’ਤੇ ਇਸ ਨੂੰ ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੀਤੇ ਗਏ ਸੈਸ਼ਨ ਦੌਰਾਨ ਵੀ ਚਲਾਇਆ ਗਿਆ।
Legislative Assembly Punjab
ਜਿਸ ਕਾਰਨ ਹੀ ਵਿਧਾਇਕਾਂ ਨੂੰ ਇਸ ਦੌਰਾਨ ਨਾ ਤਾਂ ਸੁਆਲ ਪੁੱਛਣ ਦਾ ਮੌਕਾ ਮਿਲਿਆ ਅਤੇ ਨਾ ਹੀ ਜ਼ੀਰੋ ਕਾਲ ਦਾ ਮੌਕਾ ਮਿਲਿਆ। ਜਿਸ ਕਰਕੇ ਵਿਰੋਧੀ ਧਿਰ ਅਤੇ ਸੱਤਾਧਿਰ ਦੇ ਵਿਧਾਇਕ ਆਪਣੇ ਅਹਿਮ ਸੁਆਲ ਨਾ ਹੀ ਪੁੱਛ ਸਕੇ ਅਤੇ ਨਾ ਹੀ ਜ਼ੀਰੋ ਕਾਲ ਵਿੱਚ ਆਪਣੇ ਮੁੱਦੇ ਚੁੱਕ ਸਕੇ। ਹਾਲਾਂਕਿ ਇਸ ਦਾ ਵਿਰੋਧ ਕਰਦੇ ਹੋਏ ਵਿਰੋਧੀ ਧਿਰ ਕਾਂਗਰਸ ਵੱਲੋਂ ਕਈ ਵਾਰ ਇਤਰਾਜ਼ ਜ਼ਾਹਿਰ ਕਰਨ ਦੇ ਨਾਲ ਹੀ ਸਦਨ ਦੀ ਕਾਰਵਾਈ ਵਿੱਚੋਂ ਵਾਕ ਆਉੂਟ ਵੀ ਕੀਤਾ ਗਿਆ ਪਰ ਉਨ੍ਹਾਂ ਦਾ ਮਸਲਾ ਹੱਲ਼ ਨਹੀਂ ਹੋਇਆ
ਹੁਣ ਪੰਜਾਬ ਵਿਧਾਨ ਸਭਾ ਵੱਲੋਂ 18 ਅਕਤੂਬਰ ਨੂੰ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਇਜਾਜ਼ਤ ਨਾਲ ਨੌਵੇਂ ਵਿਸ਼ੇਸ਼ ਸੈਸ਼ਨ ਦਾ ਉਠਾਣ ਕਰ ਦਿੱਤਾ ਗਿਆ ਹੈ ਹੁਣ ਸਾਰੇ ਵਿਧਾਇਕਾਂ ਨੂੰ ਆਪਣੇ ਸੁਆਲ ਲਾਉਣ ਦੀ ਇਜਾਜ਼ਤ ਮਿਲ ਜਾਵੇਗੀ, ਬਸ਼ਰਤੇ ਅਗਲੇ ਸੈਸ਼ਨ ਤੋਂ 15 ਦਿਨ ਪਹਿਲਾਂ ਉਹਨਾਂ ਦਾ ਸੁਆਲ ਲੱਗਿਆ ਹੋਣਾ ਚਾਹੀਦਾ ਹੈ, ਕਿਉਂਕਿ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਉਸੇ ਸੁਆਲ ਦਾ ਜੁਆਬ ਸਦਨ ਵਿੱਚ ਮਿਲਦਾ ਹੈ, ਜਿਹੜਾ ਕਿ ਸਦਨ ਦੀ ਬੈਠਕ ਤੋਂ ਘੱਟ ਤੋਂ ਘੱਟ 15 ਦਿਨ ਪਹਿਲਾਂ ਲੱਗਿਆ ਹੋਵੇ।